ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਰਨਤਾਰਨ ਦੇ ਸਾਬਕਾ ਐਸ.ਐਸ.ਪੀ ਧਰੁਵ ਦਾਹੀਆ ਕੋਲ ਨਜਾਇਜ਼ ਸ਼ਰਾਬ ਬਾਰੇ ਕੋਈ ਸ਼ਿਕਾਇਤ ਨਾ ਆਉਣ ਦੇ ਕੀਤੇ ਦਾਅਵੇ ਦੀ ਪੋਲ੍ਹ ਖੋਲ੍ਹ ਕੇ ਰੱਖ ਦਿੱਤ ਜਦੋਂ ਉਨ੍ਹਾਂ ਸਥਾਨਕ ਲੋਕਾਂ ਵੱਲੋਂ ਐਸ.ਐਸ.ਪੀ ਦੇ ਨਿੱਜੀ ਵਟਸਐਪ ਨੰਬਰ 'ਤੇ ਭੇਜੀਆਂ ਦੋ ਲਿਖਤੀ ਸ਼ਿਕਾਇਤਾਂ ਮੀਡੀਆ ਨੂੰ ਜਾਰੀ ਕਰ ਦਿੱਤੀਆਂ।
ਇਹ ਦੋ ਸ਼ਿਕਾਇਤਾਂ ਜੋ 14 ਅਤੇ 16 ਜੂਨ ਨੂੰ ਐਸ ਐਸ ਪੀ ਨੂੰ ਕੀਤੀਆਂ ਗਈਆਂ, ਜਿਸ ਵਿੱਚ ਤਰਨਤਾਰਨ ਵਿੱਚ ਨਜਾਇਜ਼ ਸ਼ਰਾਬ ਬਣਾਉਣ ਤੇ ਇਸ ਦੀ ਸਪਲਾਈ ਕਰਨ ਬਾਰੇ ਜਾਣਕਾਰੀ ਸੀ, ਰਿਲੀਜ਼ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਉਸ ਦਾਗਦਾਰ ਪੁਲਿਸ ਅਫਸਰ ਦਾ ਬਚਾਅ ਕਰ ਰਹੇ ਹਨ ਜਿਸ ’ਤੇ ਪਹਿਲਾਂ ਖੰਨਾ ਵਿੱਚ ਚਿੱਟੇ ਦਿਨ ਲੁੱਟ ਕਰਨ ਦੇ ਦੋਸ਼ ਲੱਗੇ ਅਤੇ ਜਿਸ ਦੇ ਹੁੰਦਿਆਂ ਤਰਨਤਾਰਨ ਵਿੱਚ 100 ਤੋਂ ਵੱਧ ਮਾਸੂਮ ਲੋਕਾਂ ਦੀ ਜਾਨ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਅਜਿਹੇ ਵਿਵਾਦਗ੍ਰਸਤ ਅਫਸਰ ਦਾ ਬਚਾਅ ਕਰਨ ਲਈ ਬਣੀ ਮਜਬੂਰੀ ਲੋਕਾਂ ਨੂੰ ਜ਼ਰੂਰ ਦੱਸਣੀ ਚਾਹੀਦੀ ਹੈ।
ਮਜੀਠੀਆ ਨੇ ਕਿਹਾ ਕਿ ਦਾਹੀਆ ਦਾ ਬਚਾਅ ਕਰਦਿਆਂ ਮੁੱਖ ਮੰਤਰੀ ਨੇ ਖੁਦ ਬਿੱਲੀ ਥੈਲੇ ਵਿੱਚੋਂ ਬਾਹਰ ਕੱਢ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਉਸ ਪੁਲਿਸ ਅਫਸਰ ਸਿਰ ਵੱਡੀ ਮਾਤਰਾ ਵਿੱਚ ਲਾਹਣ ਜੋ ਦੇਸੀ ਸ਼ਰਾਬ ਬਣਾਉਣ ਵਾਸਤੇ ਵਰਤੀ ਜਾਂਦੀ ਹੈ, ਨੂੰ ਫੜਨ ਦਾ ਸਿਹਰਾ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਦਾਹੀਆ ਨੇ ਉਹ ਸਪੀਰਿਟ ਨਹੀਂ ਫੜੀ ਜੋ ਜ਼ਹਿਰੀਲੀ ਸ਼ਰਾਬ ਬਣਾਉਣ ਵਾਸਤੇ ਵਰਤੀ ਗਈ ਤੇ ਤਰਨਤਾਰਨ ਵਿੱਚ ਇਸ ਨਾਲ ਸੌ ਤੋਂ ਵੱਧ ਮੌਤਾਂ ਹੋਈਆਂ। ਉਨ੍ਹਾਂ ਕਿਹਾ ਕਿ ਤਰਨਤਾਰਨ ਪੁਲਿਸ ਨੇ ਜ਼ਹਿਰੀਲੀ ਸ਼ਰਾਬ ਤਰਾਸਦੀ ਵਾਪਰਨ ਤੋਂ ਬਾਅਦ ਹੀ ਨਜਾਇਜ਼ ਸ਼ਰਾਬ ਕੱਢਣ ਵਾਲੇ ਸੁੱਖਾ ਮਹਿਮੂਦਪੁਰੀਆ ਦੇ ਖ਼ਿਲਾਫ਼ ਕਾਰਵਾਈ ਕੀਤੀ ਜੋ ਕਿ ਖੇਮਕਰਨ ਦੇ ਵਿਧਾਇਕ ਸੁਖਪਾਲ ਭੁੱਲਰ ਦਾ ਬੇਹੱਦ ਕਰੀਬੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦਾਹੀਆ ਨੇ ਤ੍ਰਾਸਦੀ ਤੋਂ ਪਹਿਲਾਂ ਆਪਣਾ ਫਰਜ਼ ਨਿਭਾਇਆ ਹੁੰਦਾ ਹੈ ਅਤੇ ਸਥਾਨਕ ਲੋਕਾਂ ਦੀ ਸ਼ਿਕਾਇਤ ਜਿਨ੍ਹਾਂ ਨੇ ਸ਼ਰਾਬ ਮਾਫੀਆ ਦੇ ਨਾਮ ਅਤੇ ਵਰਤੇ ਜਾ ਰਹੇ ਵਾਹਨਾਂ ਦੇ ਨੰਬਰ ਵੀ ਦਿੱਤੇ ਸਨ, ’ਤੇ ਕਾਰਵਾਈ ਕੀਤੀ ਹੁੰਦੀ ਤਾਂ ਇੰਨਾ ਵੱਡਾ ਦੁਖਾਂਤ ਵਾਪਰਨ ਤੋਂ ਰੋਕਿਆ ਜਾ ਸਕਦਾ ਸੀ।
ਮਜੀਠੀਆ ਨੇ ਮੁੱਖ ਮੰਤਰੀ ਨੂੰ ਖੰਨਾ ਵਿੱਚ ਇਸਾਈ ਪਾਦਰੀ ਦੇ ਘਰ ਚਿੱਟੇ ਦਿਨ ਲੁੱਟ ਵਿੱਚ ਦਾਹੀਆ ਦੀ ਭੂਮਿਕਾ ਵੀ ਚੇਤੇ ਕਰਵਾਈ। ਦਾਹੀਆ ਉਦੋਂ ਐਸ ਐਸ ਪੀ ਖੰਨਾ ਸਨ। ਉਨ੍ਹਾਂ ਕਿਹਾ ਕਿ ਇਸ ਨਾਲ ਮੁੱਖ ਮੰਤਰੀ ਨੂੰ ਐਸ ਐਸ ਪੀ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰਨ ਵਿੱਚ ਮਦਦ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਦਾਹੀਆ ਨੇ ਜਲੰਧਰ ਵਿੱਚ ਇੱਕ ਛਾਪੇ ਦੀ ਨਜ਼ਰਸਾਨੀ ਕੀਤੀ ਜਦਕਿ ਦਾਅਵਾ ਇਹ ਕੀਤਾ ਕਿ ਇਹ ਛਾਪਾ ਦੋਰਾਹਾ ਮਾਰਿਆ ਗਿਆ ਸੀ ਤੇ ਇਥੋਂ 9.66 ਕਰੋੜ ਰੁਪਏ ਹਵਾਲਾ ਦਾ ਪੈਸਾ ਬਰਾਮਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ 16.66 ਕਰੋੜ ਰੁਪਏ ਗੈਰ ਕਾਨੂੰਨੀ ਤੌਰ ’ਤੇ ਜ਼ਬਤ ਕੀਤੇ ਗਏ ਤੇ ਖੰਨਾ ਪੁਲਿਸ ਟੀਮ ਜਿਸ ਨੇ ਇੱਕ ਪੁਲਿਸ ਕੈਟ ਅਤੇ ਦਾਹੀਆ ਵੱਲੋਂ ਡੀ ਜੀ ਪੀ ਤੋਂ ਵਿਸ਼ੇਸ਼ ਤੌਰ ’ਤੇ ਮੰਗਵਾਏ ਦੋ ਅਫਸਰਾਂ ਦੀ ਡਿਊਟੀ ਲਗਾਈ ਸੀ, ਵੱਲੋਂ ਇਸ ਰਕਮ ਵਿੱਚੋਂ ਤਕਰੀਬਨ 7 ਕਰੋੜ ਰੁਪਏ ਦਾ ਘੁਟਾਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਬਣਾਈ ਐਸ ਆਈ ਟੀ ਨੇ ਦਾਹੀਆ ਨੂੰ ਦੋਸ਼ੀ ਠਹਿਰਾਇਆ ਤੇ ਉਸ ਦੇ ਝੂਠ ਫੜੇ ਗਏ ਤੇ ਉਸ ’ਤੇ ਇਕ ਵਿਅਕਤੀ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਦਾ ਦੋਸ਼ ਵੀ ਲੱਗਾ। ਉਨ੍ਹਾਂ ਕਿਹਾ ਕਿ ਇਸ ਸਭ ਕੁਝ ਦੇ ਕਾਰਨ ਹੀ ਚੋਣ ਕਮਿਸ਼ਨ ਨੇ ਦਾਹੀਆ ਨੂੰ ਖੰਨਾ ਤੋਂ ਹਟਾ ਦਿੱਤਾ ਤੇ ਹਾਲੇ ਵੀ ਉਸ ਤੋਂ 1.5 ਕਰੋੜ ਰੁਪਏ ਦੀ ਵਸੂਲੀ ਹੋਣੀ ਬਾਕੀ ਹੈ।
ਮਜੀਠੀਆ ਨੇ ਡੀ ਜੀ ਪੀ ਦਿਨਕਰ ਗੁਪਤਾ ਨੂੰ ਚੇਤੇ ਕਰਵਾਇਆ ਕਿ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਉਨ੍ਹਾਂ ਵੱਲੋਂ ਇਸ ਸਾਲ ਫਰਵਰੀ ਵਿੱਚ ਕੀਤੇ ਐਲਾਨ ਮੁਤਾਬਕ ਪੰਜਾਬ ਦੇ ਸਾਰੇ 12700 ਪਿੰਡਾਂ ਵਿੱਚ ਪੁਲਿਸ ਕਰਮਚਾਰੀ ਤਾਇਨਾਤ ਕਰਨ ਦੇ ਬਾਵਜੂਦ ਵਾਪਰੀ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਦੱਸਣਾ ਚਾਹੀਦਾ ਹੈ ਕਿ 12700 ਪੁਲਿਸ ਕਰਮਚਾਰੀ ਜੋ ਪਿੰਡਾਂ ਵਿੱਚ ਤਾਇਨਾਤ ਸਨ ਵਿੱਚੋਂ ਕਿਸੇ ਨੇ ਵੀ ਉਨ੍ਹਾਂ ਨੂੰ ਜ਼ਹਿਰੀਲੀ ਸ਼ਰਾਬ ਬਾਰੇ ਜਾਣਕਾਰੀ ਕਿਉਂ ਨਹੀਂ ਦਿੱਤੀ। ਉਨ੍ਹਾਂ ਸਵਾਲ ਕੀਤਾ ਕਿ ਕੀ ਉਹ ਵੀ ਗਾਰਡੀਅਨ ਆਫ ਗਰਨੈਂਸ ਵਾਂਗੂ ਸੁੱਤੇ ਸਨ ਜਾਂ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਹ ਸ਼ਰਾਬ ਮਾਫੀਆ ਦੇ ਰਾਹ ਵਿੱਚ ਨਾ ਆਉਣ ?