ਚੰਡੀਗੜ੍ਹ: ਪੰਜਾਬ ਦੇ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਵਿਰੁੱਧ ਲੜਾਈ ਲਈ ਕਈ ਪਹਲਿਕਦਮੀਆਂ ਕੀਤੀਆਂ ਹਨ।
ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪ੍ਰਤੀ ਦਿਨ 9000 ਟੈਸਟਾਂ ਦੀ ਸਮਰੱਥਾ ਬਣਾਈ ਗਈ ਹੈ ਅਤੇ ਟੈਸਟ ਦੀ ਗੁਣਵੱਤਾ ਨੂੰ ਧਿਆਨ ਵਿੱਚ ਰੱਖਣ ਲਈ ਵਾਈਸ ਚਾਂਸਲਰ, ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸਾਇੰਸਿਜ਼ ਅਤੇ 3 ਮੈਡੀਕਲ ਕਾਲਜਾਂ ਦੇ ਡਾਕਟਰਾਂ ਦੀ ਅਗਵਾਈ ਹੇਠ ਇੱਕ ਮਾਹਰ ਗਰੁੱਪ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਗੁਣਵੱਤਾ ਲੇਖਾ ਪੜਤਾਲ ਲਈ ਪੀ.ਜੀ.ਆਈ., ਚੰਡੀਗੜ੍ਹ ਵਿੱਚ ਹਰ ਹਫ਼ਤੇ 5 ਨਮੂਨੇ ਭੇਜੇ ਜਾ ਰਹੇ ਹਨ। 5 ਜੂਨ ਤੱਕ 3 ਮੈਡੀਕਲ ਕਾਲਜਾਂ ਵਿੱਚ ਪੰਜਾਬ ਵਿੱਚ 107000 ਨਮੂਨਿਆਂ ਦੀ ਕੁੱਲ ਜਾਂਚ ਦੇ ਵਿੱਚੋਂ 85000 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਵਿਭਾਗ ਅਧੀਨ 3 ਸਰਕਾਰੀ ਮੈਡੀਕਲ ਕਾਲਜ ਪੰਜਾਬ ਦੇ ਲੋਕਾਂ ਨੂੰ ਟੈਸਟਿੰਗ ਸਹੂਲਤਾਂ ਦੇ ਨਾਲ-ਨਾਲ ਇਲਾਜ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ। ਟੈਸਟਿੰਗ ਰਣਨੀਤੀ ਦੇ ਹਿੱਸੇ ਵੱਜੋਂ 9 ਮਾਰਚ ਨੂੰ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿੱਚ ਕੋਵਿਡ ਵਾਇਰਸ ਟੈਸਟਿੰਗ ਲੈਬ ਅਤੇ 10 ਮਾਰਚ ਨੂੰ ਅੰਮ੍ਰਿਤਸਰ ਮੈਡੀਕਲ ਕਾਲਜ ਵਿੱਚ ਟੈਸਟਿੰਗ ਨੂੰ ਸ਼ੁਰੂ ਕੀਤਾ ਗਿਆ ਸੀ। 12 ਅਪ੍ਰੈਲ ਨੂੰ ਫ਼ਰੀਦਕੋਟ ਵਿੱਚ ਵੀ ਕੋਵਿਡ ਵਾਇਰਸ ਟੈਸਟਿੰਗ ਲੈਬ ਦਾ ਕੰਮ ਸ਼ੁਰੂ ਹੋ ਗਿਆ ਸੀ।
ਉਨ੍ਹਾਂ ਦੱਸਿਆ ਕਿ ਜਲਦੀ ਹੀ ਪੰਜਾਬ ਵਿੱਚ ਰੀਜਨਲ ਡਜ਼ੀਜ਼ ਡਾਇਗਨੋਸਟਿਕ ਲੈਬੋਰੇਟਰੀ (ਨਾਰਥ ਜ਼ੋਨ) ਜਲੰਧਰ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਟੀ ਲੁਧਿਆਣਾ, ਸਟੇਟ ਫੋਰੈਂਸਿਕ ਸਾਇੰਸ ਲੈਬ ਮੋਹਾਲੀ, ਪੰਜਾਬ ਬਾਇਓਟੈਕ ਇੰਕਯੁਬੇਟਰ ਵਿਖੇ 4 ਹੋਰ ਨਵੀਆਂ ਵਾਇਰਸ ਟੈਸਟਿੰਗ ਲੈਬਾਂ ਦੀ ਸਥਾਪਨਾ ਕੀਤੀ ਜਾਵੇਗੀ।
ਇਹ ਵੀ ਪੜੋ: ਬ੍ਰਿਟਿਸ਼ ਸਿੱਖ ਐਮਪੀ ਨੇ ਯੂਕੇ ਸੰਸਦ ਵਿੱਚ ਆਪ੍ਰੇਸ਼ਨ ਬਲੂ ਸਟਾਰ ਦੀ ਜਾਂਚ ਦੀ ਕੀਤੀ ਮੰਗ
ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਵਾਇਰਸ ਟੈਸਟਿੰਗ ਲੈਬਾਂ ਸ਼ੁਰੂ ਕਰਨ ਲਈ ਦਯਾਨੰਦ ਮੈਡੀਕਲ ਕਾਲਜ ਅਤੇ ਕ੍ਰਿਸ਼ਚਨ ਮੈਡੀਕਲ ਕਾਲਜ, ਲੁਧਿਆਣਾ ਨੂੰ ਵੀ ਸਹਾਇਤਾ ਪ੍ਰਦਾਨ ਕੀਤੀ ਹੈ। ਸੂਬੇ ਦੇ ਤਿੰਨ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ 1100 ਆਈਸੋਲੇਸ਼ਨ ਬੈਡ ਹਨ, ਜਿਨ੍ਹਾਂ ਵਿੱਚੋਂ 1006 ਬੈਡ ਆਕਸੀਜ਼ਨ ਦੇ ਨਾਲ ਹਨ ਅਤੇ 134 ਵੈਂਟੀਲੇਟਰ ਸਮੇਤ ਉਪਲਬਧ ਹਨ।