ਚੰਡੀਗੜ੍ਹ: ਪਰਾਲੀ ਨਾ ਸਾੜਨ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਨਾਬਾਰਦ 'ਤੇ ਮਹਿਲਾ ਕਲਿਆਣ ਸਮਿਤੀ ਵੱਲੋਂ ਚਲਾਈ ਮੁਹਿੰਮ ਤਹਿਤ ਕਿਸਾਨਾਂ ਲਈ ਜਾਗਰੂਕਤਾ ਕੈਂਪ ਲਗਾਏ ਗਏ। ਇਹ ਹੋਟਲ ਸਨਸ਼ਾਈਨ ਸੈਕਟਰ 70 ਮੁਹਾਲੀ ਵਿੱਚ ਲਗਾਇਆ ਗਿਆ।
ਇਹ ਵੀ ਪੜ੍ਹੋ: ਐੱਸ.ਪੀ. ਸਿੰਘ ਓਬਰਾਏ ਸ਼ਰਧਾਲੂਆਂ ਨੂੰ ਕਰਵਾਉਣਗੇ ਕਰਤਾਰਪੁਰ ਸਾਹਿਬ ਦੇ ਮੁਫ਼ਤ ਦਰਸ਼ਨ
ਇਸ ਮੌਕੇ ਡੀ.ਡੀ.ਐਮ. ਨਾਬਾਰਦ ਸੰਜੀਵ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਦੇ 140 ਪਿੰਡਾਂ ਵਿੱਚ ਨਾਬਾਰਦ ਵੱਲੋਂ ਪਰਾਲੀ ਨਾ ਸਾੜਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਾਏ ਗਏ ਸਨ, ਜਿਨ੍ਹਾਂ ਵਿੱਚ ਮਹਿਲਾ ਕਲਿਆਣ ਸਮਿਤੀ ਵੱਲੋਂ ਕਲਸਟਰ ਪੱਧਰੀ ਕੈਂਪ ਲਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਏ.ਡੀ.ਓ. ਖਰੜ ਮਿਸ਼ਨ ਆਨੰਦ ਨੇ ਦੱਸਿਆ ਕਿ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਪਰਾਲੀ ਸਾੜਨ ਦੇ ਬਹੁਤ ਘੱਟ ਮਾਮਲੇ ਸਾਹਮਣੇ ਆਏ ਹਨ। ਇਹ ਵਿਭਾਗ ਵੱਲੋਂ ਚਲਾਈ ਜਾਗਰੂਕਤਾ ਦਾ ਮੁਹਿੰਮ ਦਾ ਅਸਰ ਹੈ, ਜਿਸ ਤਹਿਤ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਮੁਹੱਈਆ ਕਰਵਾਈ ਮਸ਼ੀਨਰੀ ਨਾਲ ਪਰਾਲੀ ਨੂੰ ਜ਼ਮੀਨ ਵਿੱਚ ਵਾਹਿਆ ਅਤੇ ਜ਼ਮੀਨ ਦੀ ਉਪਜਾੳ ਸ਼ਕਤੀ ਨੂੰ ਵਧਾਇਆ ਹੈ।
ਸਰਪੰਚ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਉਤਸ਼ਾਹ ਵਧਾਊ ਰਕਮ ਦੇਣ ਲਈ ਪਿੰਡ ਮਦਨਹੇੜੀ ਦੇ 37 ਕਿਸਾਨਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਮਦਨਹੇੜੀ ਪੰਜਾਬ ਦਾ ਅਜਿਹਾ ਪਹਿਲਾ ਪਿੰਡ ਬਣਿਆ ਹੈ, ਜੋ ਪਰਾਲੀ ਸਾੜਨ ਤੋਂ 100 ਫੀਸਦੀ ਮੁਕਤ ਰਿਹਾ।
ਇਸ ਮੌਕੇ ਮੱਛੀ ਪਾਲਣ ਵਿਭਾਗ ਦੀ ਜਗਦੀਪ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਦੇ ਨਾਲ ਨਾਲ ਮੱਛੀ ਪਾਲਣ, ਸੂਰ ਪਾਲਣ ਅਤੇ ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਸਹਾਇਕ ਧੰਦੇ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।
ਡੇਅਰੀ ਵਿਕਾਸ ਦੇ ਇੰਸਪੈਕਟਰ ਸੇਵਾ ਸਿੰਘ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਝੋਨੇ ਦੀ ਕਾਸ਼ਤ ਛੱਡ ਕੇ ਚਾਰੇ ਵਾਲੀਆਂ ਫ਼ਸਲਾਂ ਬੀਜ ਕੇ ਆਪਣੀ ਆਮਦਨ 'ਚ ਵਾਧਾ ਕਰਨ।
ਜ਼ਿਕਰਯੋਗ ਹੈ ਕਿ ਨਾਬਾਰਦ ਨੇ ਪਰਾਲੀ ਜਾਗਰੂਕਤਾ ਮੁਹਿੰਮ ਤਹਿਤ ਪੰਜਾਬ ਦੇ 4 ਹਜ਼ਾਰ ਪਿੰਡਾਂ ਵਿੱਚ ਕਲੱਸਟਰ ਪੱਧਰੀ ਪ੍ਰੋਗਰਾਮ ਕਰਵਾਏ ਹਨ ਜਿਸ ਦੇ ਚੰਗੇ ਨਤੀਜੇ ਸਾਹਮਣੇ ਆਏ ਹਨ ਅਤੇ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਵੱਡੇ ਪੱਧਰ ਉਤੇ ਕਮੀ ਦਰਜ ਕੀਤੀ ਗਈ ਹੈ।