ਚੰਡੀਗੜ੍ਹ: ਰਾਸ਼ਟਰੀ ਜਾਂਚ ਏਜੰਸੀ ਦੀ ਵਿਸ਼ੇਸ਼ ਅਦਾਲਤ ਨੇ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਨਾਲ ਸਬੰਧਿਤ 6 ਅੱਤਵਾਦੀਆਂ ਨੂੰ ਭਗੌੜਾ ਕਰਾਰ ਦਿੱਤਾ ਹੈ। ਇਨ੍ਹਾਂ ਵਿੱਚ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ, ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਲਖਬੀਰ ਸਿੰਘ ਸੰਧੂ ਉਰਫ ਲੰਡਾ, ਰਮਨਦੀਪ ਸਿੰਘ ਉਰਫ ਰਮਨ ਜੱਜ, ਲਖਬੀਰ ਸਿੰਘ ਰੋਡੇ ਤੇ ਵਧਾਵਾ ਸਿੰਘ ਬੱਬਰ ਸ਼ਾਮਲ ਹਨ। ਜਾਣਕਾਰੀ ਮੁਤਾਬਿਕ ਇਹ ਸਾਰੇ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ISI ਦੇ ਇਸ਼ਾਰੇ 'ਤੇ ਕੰਮ ਕਰਦੇ ਹਨ।
ਐਨਆਈਏ ਨੇੇ ਮਾਮਲਾ ਕੀਤਾ ਦਰਜ: ਦੱਸ ਦਈਏ ਕਿ ਐੱਨਆਈਏ ਨੇ ਕਾਰਵਾਈ ਕਰਦੇ ਹੋਏ ਪਿਛਲੇ ਸਾਲ ਅੱਤਵਾਦੀਆਂ ਦੀ ਸੂਚੀ 'ਚ ਸ਼ਾਮਲ ਤੇ ਵਿਦੇਸ਼ਾਂ ਵਿੱਚ ਬੈਠੇ ਇਨ੍ਹਾਂ ਸਾਰੇ ਗੈਂਗਸਟਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ। NIA ਨੇ ਆਪਣੀ ਜਾਂਚ ਦੌਰਾਨ ਪਾਇਆ ਸੀ ਕਿ ਪੰਜਾਬ ਦੇ ਇਹ 6 ਗੈਂਗਸਟਰ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ 'ਚ ਅਹਿਮ ਭੂਮਿਕਾ ਨਿਭਾ ਰਹੇ ਸਨ। ਉਥੇ ਹੀ ਖੁਲਾਸਾ ਹੋਇਆ ਸੀ ਕਿ ਉਹ ਭਗੌੜੇ ਹਥਿਆਰ, ਗੋਲਾ ਬਾਰੂਦ, ਵਿਸਫੋਟਕ, ਆਈ.ਈ.ਡੀਜ਼ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪਹੁੰਚ ਚੁੱਕੇ ਹਨ ਅਤੇ ਨੌਜਵਾਨਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਕਰਕੇ ਅੱਤਵਾਦ ਨੂੰ ਵਧਾਉਣ ਦਾ ਕੰਮ ਕਰ ਰਹੇ ਹਨ।
ਵਿਦੇਸ਼ਾਂ ਵਿੱਚ ਲੁਕੇ ਹੋਏ ਹਨ ਇਹ ਅੱਤਵਾਦੀ: ਜਾਣਕਾਰੀ ਮੁਤਾਬਿਕ ਇਹ 6 ਭਗੌੜੇ ਵਿਦੇਸ਼ਾਂ ਵਿੱਚ ਲੁਕੇ ਹੋਏ ਹਨ, ਜਿੱਥੋਂ ਇਹ ਨੈੱਟਵਰਕ ਚਲਾ ਭਾਰਤ ਵਿੱਚ ਨਸ਼ੇ ਅਤੇ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ। ਦੱਸ ਦਈਏ ਕਿ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਲਖਬੀਰ ਸਿੰਘ ਰੋਡੇ ਅਤੇ ਵਧਾਵਾ ਸਿੰਘ ਬੱਬਰ ਪਾਕਿਸਤਾਨ ਵਿੱਚ ਲੁਕੇ ਹੋਏ ਹਨ। ਉਥੇ ਹੀ ਅਰਸ਼ਦੀਪ ਡੱਲਾ ਸਮੇਤ ਹੋਰ ਕੈਨੇਡਾ ਅਤੇ ਇੰਗਲੈਂਡ ਵਿੱਚ ਲੁਕੇ ਹੋਏ ਹਨ। ਇਹ ਸਾਰੀਆਂ ਦੇ ਤਾਰ ਭਾਰਤ ਵਿੱਚ ਪਾਬੰਦੀਸ਼ੁਦਾ ਜਥੇਬੰਦੀਆਂ ਖਾਲਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਸਿੱਖ ਫਾਰ ਜਸਟਿਸ ਨਾਲ ਜੁੜੇ ਹੋਏ ਹਨ।
ਹਰਵਿੰਦਰ ਸਿੰਘ ਰਿੰਦਾ: ਅੱਤਵਾਦੀ ਹਰਵਿੰਦਰ ਰਿੰਦਾ ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਹੈ। ਕੁਝ ਸਮੇਂ ਬਾਅਦ ਰਿੰਦਾ ਨਾਂਦੇੜ ਮਹਾਰਾਸ਼ਟਰ ਵਿੱਚ ਸ਼ਿਫਟ ਹੋ ਗਿਆ, ਉਸ ਨੂੰ ਸਤੰਬਰ 2011 ਵਿੱਚ ਕਤਲ ਦੇ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਈ ਅਪਰਾਧਿਕ ਮਾਮਲਿਆਂ 'ਚ ਨਾਮਜ਼ਦ ਹੋਣ ਤੋਂ ਬਾਅਦ ਰਿੰਦਾ ਨੇਪਾਲ ਦੇ ਰਸਤੇ ਫਰਜ਼ੀ ਪਾਸਪੋਰਟ 'ਤੇ ਪਾਕਿਸਤਾਨ ਭੱਜ ਗਿਆ ਸੀ। ਰਿੰਦਾ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਮੈਂਬਰ ਸੀ। ਬੀਤੇ ਸਾਲ ਮਈ ਵਿੱਚ, ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਉੱਤੇ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਵਿੱਚ ਉਸਦਾ ਨਾਮ ਆਇਆ ਸੀ।
ਮਈ 2022 'ਚ ਹੀ ਹਰਿਆਣਾ 'ਚ ਇਕ ਵਾਹਨ 'ਚੋਂ ਹਥਿਆਰ ਅਤੇ ਵਿਸਫੋਟਕ ਬਰਾਮਦ ਕੀਤੇ ਗਏ ਸਨ। ਇਸ ਪਿੱਛੇ ਰਿੰਦਾ ਦਾ ਹੱਥ ਸੀ। ਇਸ ਦੇ ਨਾਲ ਹੀ ਪੰਜਾਬ ਦੇ ਫਰੀਦਕੋਟ 'ਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ 'ਚ ਵੀ ਰਿੰਦਾ ਦਾ ਨਾਂ ਸਾਹਮਣੇ ਆਇਆ ਸੀ। 2015 ਵਿੱਚ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਪ੍ਰਦੀਪ ਸਿੰਘ ਨੂੰ ਗੋਲੀਬਾਰੀ ਕਰ ਕੇ ਮਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 3 ਸ਼ੂਟਰਾਂ ਨੂੰ ਫੜਿਆ ਸੀ, ਜਿਨ੍ਹਾਂ ਨੇ ਰਿੰਦਾ ਦਾ ਨਾਮ ਲਿਆ ਸੀ। ਰਿੰਦਾ ਦਾ ਨਾਂ ਸਿੱਧੂ ਮੂਸੇਵਾਲਾ ਕਤਲ ਕੇਸ ਅਤੇ ਮੋਹਾਲੀ ਆਰਪੀਜੀ ਹਮਲੇ ਵਿੱਚ ਵੀ ਆਇਆ ਸੀ। ਖੁਫੀਆ ਏਜੰਸੀ ਕੋਲ ਮੌਜੂਦ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਰਿੰਦਾ ਦੀ ਕਿਡਨੀ ਫੇਲ੍ਹ ਹੋਣ ਕਾਰਨ ਮੌਤ ਹੋਈ ਸੀ, ਪਰ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਕੇ ਮੌਤ ਹੋਈ ਹੈ ਜਾਂ ਨਹੀਂ।
ਗੈਂਗਸਟਰ ਅਰਸ਼ ਡੱਲਾ: ਗੈਂਗਸਟਰ ਅਰਸ਼ ਡੱਲਾ ਪੰਜਾਬ ਪੁਲਿਸ ਨੂੰ ਲੋੜੀਂਦਾ ਹੈ, ਅਰਸ਼ ਡੱਲਾ ਦੇ ਉਤੇ ਵੀ 5 ਲੱਖ ਰੁਪਏ ਦੀ ਵੱਡੀ ਇਨਾਮੀ ਰਾਸ਼ੀ ਰੱਖੀ ਗਈ ਹੈ। ਮੋਗਾ ਦਾ ਰਹਿਣ ਵਾਲਾ ਅਰਸ਼ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਕਈ ਅਪਰਾਧਿਕ ਵਾਰਦਾਤਾਂ ਵਿੱਚ ਸ਼ਾਮਲ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਡੱਲਾ ਪੰਜਾਬ ਵਿੱਚ ਕਈ ਕਤਲਾਂ ਵਿੱਚ ਸ਼ਾਮਲ ਹੈ।
ਲਖਬੀਰ ਸਿੰਘ ਸੰਧੂ ਉਰਫ ਲੰਡਾ: ਐੱਨਆਈਏ ਨੇ ਭਗੌੜੇ ਅੱਤਵਾਦੀ ਲਖਬੀਰ ਲੰਡਾ ਖਿਲਾਫ 15 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨਿਆ ਹੋਇਆ ਹੈ। ਪੰਜਾਬ ਦੇ ਤਰਨਤਾਰਨ ਦਾ ਰਹਿਣ ਵਾਲਾ ਅਰਸ਼ ਲੰਡਾ ਕੈਨੇਡਾ ਵਿੱਚ ਰਹਿ ਰਿਹਾ ਹੈ। ਐੱਨਆਈਏ ਨੇ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਖ਼ਿਲਾਫ਼ 20 ਅਗਸਤ, 2022 ਨੂੰ ਕੇਸ ਦਰਜ ਕੀਤਾ ਸੀ। ਅਰਸ਼ ਲੰਡਾ 2022 ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫਿਆ ਹੈੱਡਕੁਆਰਟਰ ਉੱਤੇ ਹੋਏ ਗ੍ਰਨੇਡ ਹਮਲੇ ਨਾਲ ਸਬੰਧਤ ਇੱਕ ਮਾਮਲੇ ਵਿੱਚ ਐਨਆਈਏ ਨੂੰ ਲੋੜੀਂਦਾ ਹੈ।