ਚੰਡੀਗੜ੍ਹ: ਪੰਜਾਬ ਦੇ ਨਾਲ ਨਾਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵੀ ਮੀਂਹ ਨਾਲ ਗੁਲਜ਼ਾਰ ਹੋ ਗਈ ਹੈ। ਮੀਂਹ ਤੋਂ ਬਾਅਦ ਜਿਥੇ ਮੌਸਮ ਸੁਹਾਵਣਾ ਹੋਇਆ ਉਥੇ ਥਾਂ-ਥਾਂ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ 1 ਦੀ ਗੱਲ ਕਰੀਏ ਤਾਂ ਇੱਥੇ ਪੁਲ ਦੇ ਹੇਠਾਂ ਪਾਣੀ ਖੜ੍ਹਾ ਰਹਿੰਦਾ ਹੈ, ਜਿੱਥੇ ਅਕਸਰ ਵਾਹਨ ਇਸ ਤਰ੍ਹਾਂ ਫਸ ਜਾਂਦੇ ਹਨ। ਇਸ ਵਾਰ ਦੇ ਮੀਂਹ ਨਾਲ ਕਈ ਭਾਰੇ ਵਾਹਨ ਖਾਸ ਕਰਕੇ ਟਰੱਕ ਇਥੇ ਫਸੇ ਹੋਏ ਹਨ। ਇੰਡਸਟਰੀਅਲ ਏਰੀਆ ਫੇਸ 1 ਦੀਆਂ ਸੜਕਾਂ 'ਤੇ ਪਾਣੀ ਭਰਨ ਤੋਂ ਬਾਅਦ ਲੋਕਾਂ ਨੂੰ ਇਥੇ ਨਾ ਆਉਣ ਦੀ ਸਲਾਹ ਦਿੱਤੀ ਜਾ ਰਹੀ ਹੈ, ਉੱਥੇ ਹੀ ਦੋ ਗਾਰਡ ਖੜ੍ਹੇ ਹਨ ਜੋ ਲਗਾਤਾਰ ਲੋਕਾਂ ਨੂੰ ਚੇਤਾਵਨੀ ਦੇ ਰਹੇ ਹਨ।
ਅਗਲੇ ਕੁਝ ਦਿਨਾਂ ਤੱਕ ਮੀਂਹ ਪੈਣ ਦੇ ਆਸਾਰ : ਮੌਸਮ ਵਿਭਾਗ ਵੱਲੋਂ ਪੰਜਾਬ ਹਰਿਆਣਾ ਸਮੇਤ ਚੰਡੀਗੜ੍ਹ 'ਚ ਅਗਲੇ 2 ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਜਿਸ ਨਾਲ 7 ਡਿਗਰੀ ਸੈਲਸੀਅਸ ਤੱਕ ਪਾਰਾ ਡਿੱਗਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਿਸ ਨਾਲ ਆਉਂਦੇ ਕੁਝ ਘੰਟੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਪੰਜਾਬ 'ਚ ਮੌਸਮ ਦੀ ਚੇਤਾਵਨੀ ਦਿੰਦਿਆਂ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਕਈ ਸ਼ਹਿਰਾਂ ਵਿਚ ਮੋਹਲੇਧਾਰ ਮੀਂਹ : ਪੰਜਾਬ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਨਮੀ ਵਾਲਾ ਸਥਾਨ ਰਿਹਾ । ਜਿੱਥੇ 113.2 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ। ਅੰਮ੍ਰਿਤਸਰ ਤੋਂ ਬਾਅਦ ਗੁਰਦਾਸਪੁਰ 26.7 ਮਿਲੀਮੀਟਰ, ਫਰੀਦਕੋਟ 24.8 ਮਿਲੀਮੀਟਰ, ਫਿਰੋਜ਼ਪੁਰ 16 ਮਿਲੀਮੀਟਰ ਅਤੇ ਪਠਾਨਕੋਟ 14.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ।
ਬੇਤਹਾਸ਼ਾ ਗਰਮੀ ਤੋਂ ਬਾਅਦ ਲੋਕਾਂ ਨੂੰ ਮਹਿਸੂਸ ਹੋਈ ਠੰਢਕ : ਪਿਛਲੇ ਕੁਝ ਦਿਨਾਂ ਤੋਂ ਬੇਤਹਾਸ਼ਾ ਗਰਮੀ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਗਰਮੀ ਦਾ ਪ੍ਰਕੋਪ ਇੰਨਾ ਜ਼ਿਆਦਾ ਸੀ ਕਿ ਤਾਪਮਾਨ 40 ਡਿਗਰੀ ਤੱਕ ਪਹੁੰਚ ਗਿਆ ਸੀ। ਹੁਣ ਮੀਂਹ ਨੇ ਕੁਝ ਦਿਨਾਂ ਦੀ ਗਰਮੀ ਤੋਂ ਬਾਅਦ ਨਾ ਸਿਰਫ਼ ਮੌਸਮ ਨੂੰ ਸੁਹਾਵਣਾ ਬਣਾ ਦਿੱਤਾ ਸਗੋਂ ਲੋਕਾਂ ਨੂੰ ਕੜਾਕੇ ਦੀ ਗਰਮੀ ਤੋਂ ਵੀ ਰਾਹਤ ਦਿੱਤੀ। ਮੀਂਹ ਇੰਨਾ ਤੇਜ਼ ਸੀ ਕਿ ਕੁਝ ਬਾਜ਼ਾਰਾਂ ਅਤੇ ਗਲੀਆਂ ਵਿੱਚ ਪਾਣੀ ਭਰ ਗਿਆ। ਇਸ ਇਲਾਕੇ ਵਿੱਚ ਕਰੀਬ 4 ਦਿਨਾਂ ਤੋਂ ਬਹੁਤ ਗਰਮੀ ਸੀ। ਜੂਨ ਮਹੀਨੇ ਦਾ ਆਖਰੀ ਦਿਨ ਹੋਣ ਕਾਰਨ ਮੌਸਮ ਵਿੱਚ ਹੁੰਮਸ ਹੋਣ ਕਾਰਨ ਲੋਕਾਂ ਨੂੰ ਪਸੀਨੇ ਦੇ ਨਾਲ-ਨਾਲ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।