ਚੰਡੀਗੜ੍ਹ: ਬੁੱਧਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਮੁਲਾਜ਼ਮ ਵਿੰਗ ਪੰਜਾਬ ਦੀ ਇੱਕ ਵਿਸ਼ੇਸ਼ ਮੀਟਿੰਗ ਮੁਲਾਜ਼ਮ ਵਿੰਗ ਦੇ ਪ੍ਰਧਾਨ ਕਰਮਜੀਤ ਸਿੰਘ ਭਗੜਾਨਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕੀਤਾ ਗਿਆ ਅਤੇ ਮੌਜੂਦਾ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਬੇ-ਰੁਖੀ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਜਿਵੇਂ ਕਿ 2004 ਵਾਲੀ ਪੁਰਾਣੀ ਪੈਨਸ਼ਨ ਬਹਾਲ ਕਰਨਾ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਲਾਗੂ ਕਰਨਾ, ਐਡਹਾਕ, ਕੰਟਰੈਕਟ, ਡੇਲੀ ਬੇਸਿਸ, ਵਰਕਚਾਰਜ ਤੇ ਅਨ-ਸੋਰਸਿਜ਼ ਮੁਲਾਜ਼ਮਾਂ ਨੂੰ ਪੱਕੇ ਕਰਨਾ ਆਦਿ 'ਚ ਸਰਕਾਰ ਵੱਲੋਂ 200/- ਰੁਪਏ ਮੁਲਾਜ਼ਮਾਂ ਦੀ ਤਨਖ਼ਾਹ ਵਿੱਚੋਂ ਹਰ ਮਹੀਨੇ ਜਜੀਆ ਟੈਕਸ ਲਗਾਇਆ ਗਿਆ ਹੈ, ਉਹ ਤੁਰੰਤ ਬੰਦ ਕੀਤਾ ਜਾਵੇ। ਅਧਿਆਪਕਾਂ ਦੀ ਤਨਖ਼ਾਹ 42000/- ਤੋਂ ਘਟਾ ਕੇ 15 ਹਜ਼ਾਰ ਕੀਤੀ ਗਈ ਹੈ, ਉਹ ਤੁਰੰਤ ਮੁੜ ਬਹਾਲ ਕੀਤੀ ਜਾਵੇ। ਇਹਨਾਂ ਤੋਂ ਇਲਾਵਾ ਹੋਰ 18 ਸੂਤਰੀ ਮੰਗ ਪੱਤਰ 'ਤੇ ਵਿਚਾਰ ਕੀਤਾ ਗਿਆ।
ਇਹ ਵੀ ਪੜ੍ਹੋ: ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕੀਤੀ ਮੀਟਿੰਗ
ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਇਹ ਵੀ ਮੰਗ ਕੀਤੀ ਗਈ ਹੈ ਕਿ ਰਣਜੀਤ ਸਾਗਰ ਡੈਮ 'ਤੇ ਖਾਲੀ ਪਏ ਖੰਡਰ ਹੋ ਰਹੇ ਕੁਆਟਰਾਂ ਨੂੰ ਮੌਜੂਦਾ ਮੁਲਾਜ਼ਮਾਂ ਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਲੀਜ਼ 'ਤੇ ਦਿੱਤਾ ਜਾਵੇ। ਬਿਜਲੀ ਬੋਰਡ ਦੀ ਤਰਜ ਤੇ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰ ਕੰਡੀ ਡੈਮ ਦੇ ਮੁਲਾਜ਼ਮਾਂ ਨੂੰ ਬਿਜਲੀ ਦੇ 250 ਯੂਨਿਟ ਮੁਆਫ਼ ਕੀਤੇ ਜਾਣ। ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਅਤੇ ਆਪਣੀਆਂ ਮੰਗਾਂ ਮਨਾਉਣ ਲਈ ਮਿਤੀ 7 ਅਗਸਤ ਨੂੰ ਪਠਾਨਕੋਟ ਵਿਖੇ, 8 ਅਗਸਤ ਨੂੰ ਗੁਰਦਾਸਪੁਰ ਅਤੇ 21 ਅਗਸਤ ਨੂੰ ਹੁਸ਼ਿਆਰਪੁਰ ਵਿਖੇ ਮੁਲਾਜ਼ਮ ਵਿੰਗ ਵੱਲੋਂ ਧਰਨਾ ਦਿੱਤਾ ਜਾਵੇਗਾ। ਜੇ ਫਿਰ ਵੀ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਜਥੇਬੰਦੀ ਅਗਲੇ ਵੱਡੇ ਸੰਘਰਸ਼ ਲਈ ਮਜਬੂਰ ਹੋਵੇਗੀ ਤੇ ਉਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ।