ਚੰਡੀਗੜ੍ਹ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਬਾਰੇ ਦਿੱਤੇ ਬਿਆਨ ਤੋਂ ਬਾਅਦ ਮਨਪ੍ਰੀਤ ਬਾਦਲ ਵੱਲੋਂ ਵੀ ਮੋੜਵਾਂ ਜਵਾਬ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੀ ਧਮਕੀ ਮਿਲੀ ਹੈ। ਸ਼ੋਹਰਤ ਆਰਜੀ ਚੀਜ਼ ਹੁੰਦੀ ਹੈ। ਤਾਕਤ ਤੇ ਹਕੁਮਤ ਸਦਾ ਕਿਸੇ ਕੋਲ ਨਹੀਂ ਰਹੀ ਹੈ। ਸਸਤੀ ਸ਼ੋਹਰਤ ਨਾ ਖਰੀਦੋ।
ਮੈਂ ਧਮਕੀਆਂ ਤੋਂ ਡਰਨ ਵਾਲਾ ਨਹੀਂ : ਉਨ੍ਹਾਂ ਕਿਹਾ ਕਿ ਭਗਵੰਤ ਨਹੀਂ ਸਗੋਂ ਮੈਂ ਪੀਪੀਪੀ ਦੇ ਆਦਰਸ਼ਾਂ ਉੱਤੇ ਹਾਲੇ ਵੀ ਖੜ੍ਹਾ ਹਾਂ। ਉਨ੍ਹਾਂ ਕਿਹਾ ਕਿ ਸ਼ਹਿਜਾਦਿਆਂ ਵਾਂਗ ਜ਼ਹਾਜਾਂ ਉੱਤੇ ਘੁੰਮ ਰਹੇ ਹੋ। ਮਨਪ੍ਰੀਤ ਸਿੰਘ ਨੇ ਕਿਹਾ ਕਿ ਤੁਸੀਂ ਕਿਨੂੰਆਂ ਵਾਂਗ ਮੇਰੀ ਗੱਡੀ ਦੀ ਡਿੱਕੀ ਵਿੱਚ ਤੁਸੀਂ ਰੁੜਦੇ ਫਿਰਦੇ ਸੀ। ਉਨ੍ਹਾਂ ਕਿਹਾ ਕਿ ਮਨਪ੍ਰੀਤ ਦਾ ਮੂੂੰਹ ਨਾ ਖੁਲਵਾਓ ਨਹੀਂ ਤਾਂ ਪੰਜਾਬ ਵਿੱਚ ਲੁਕਣ ਲਈ ਥਾਂ ਨਹੀਂ ਲੱਭਣੀ। ਧਮਕੀਆਂ ਬੁੱਝਦਿਲ ਲੋਕ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜੇ ਧਾਗਾ ਜਾਂ ਜਬਾਨ ਲੰਬੀ ਹੋ ਜਾਵੇ ਤਾਂ ਉਲਝ ਜਾਂਦੇ ਹਨ। ਇਸ ਲਈ ਜੁਬਾਨ ਸਮੇਟ ਕੇ ਰੱਖੋ। ਉਨ੍ਹਾਂ ਕਿਹਾ ਕਿ ਮੈਂ ਕਿਸੇ ਧਮਕੀ ਤੋਂ ਡਰਨ ਵਾਲਾ ਨਹੀਂ ਹਾਂ। ਸੱਚ ਦੀ ਪਿੱਚ ਉੱਤੇ ਖੇਡਣਾ ਹੋਵੇਗਾ ਤਾਂ ਮਨਪ੍ਰੀਤ ਸੁਰਖਰੂ ਹੋ ਕੇ ਨਿਕਲੇਗਾ। ਰੋਜ਼ ਮੈਂ ਤੁਹਾਡੀਆਂ ਧਮਕੀਆਂ ਦੀ ਉਡੀਕ ਨਹੀਂ ਕਰਾਂਗਾ। ਉਨ੍ਹਾਂ ਕਿਹਾ ਕਿ ਪਰ ਪਰਮਾਤਮਾ ਜਿਨ੍ਹਾਂ ਦਾ ਨੁਕਸਾਨ ਕਰਨਾ ਚਾਹੁੰਦਾ ਹੈ ਤਾਂ ਉਨ੍ਹਾਂ ਦੀ ਅਕਲ ਉੱਤੇ ਪਰਦਾ ਪਾ ਦਿੰਦਾ ਹੈ। ਮੈਂ ਤੁਹਾਡੀ ਅਗਲੀ ਧਮਕੀ ਦੀ ਉਡੀਕ ਨਹੀਂ ਕਰਾਂਗਾ।
ਕੀ ਕਿਹਾ ਸੀ ਭਗਵੰਤ ਮਾਨ ਨੇ : ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਮਨਪ੍ਰੀਤ ਬਾਦਲ ਮੈਨੂੰ ਰਾਜਨੀਤੀ ਵਿੱਚ ਲੈ ਕੇ ਆਏ। ਉਨ੍ਹਾਂ ਨੇ ਪੰਜਾਬ ਦਾ ਹੌਕਾ ਦਿੱਤਾ ਸੀ। ਇਸ ਲਈ ਮੈਂ ਉਨ੍ਹਾਂ ਦੇ ਨਾਲ ਹੋ ਗਿਆ। ਮੈਂ ਅੱਜ ਵੀ ਓਥੇ ਹੀ ਖੜਾਂ ਹਾਂ। ਬਾਦਲ ਸਾਹਿਬ ਕਿੱਧਰ ਗਏ? ਉਹ ਪਹਿਲਾਂ ਕਾਂਗਰਸ ਵਿੱਚ ਸਨ, ਫੇਰ ਬੀਜੇਪੀ ਵਿੱਚ ਚਲੇ ਗਏ। ਉਨ੍ਹਾਂ ਨੇ ਨਿਸ਼ਾਨਾ ਸਾਧਿਆ ਕਿ ਕਦੇ ਲੋਕਾਂ ਨਾਲ ਵੀ ਹੋ ਵੇਖੋ! ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਡਰਾਮੇ ਕਰਨ ’ਤੇ ਮਨਪ੍ਰੀਤ ਬਾਦਲ ਨੂੰ ਤਾਂ ਆਸਕਰ ਅਵਾਰਡ ਮਿਲ ਜਾਣਾ ਚਾਹੀਦਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਮੁੱਖ ਮੰਤਰੀ ਨੂੰ ਕਈ ਵਾਰ ਡਰਾਮੇਬਾਜ਼ ਕਹਿ ਚੁੱਕੇ ਹਨ।
ਖ਼ਜ਼ਾਨੇ ਬਾਰੇ ਦੱਸੀ ਇਹ ਗੱਲ: ਇਸਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਦੇ ਖ਼ਜ਼ਾਨੇ ਦੀ ਗੱਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਵੀ ਲੋਕਾਂ ਬਾਰੇ ਕੋਈ ਕੰਮ ਕਰਨਾ ਹੁੰਦਾ ਸੀ ਤਾਂ ਪਹਿਲੀਆਂ ਸਰਕਾਰਾਂ ਆਪਣਾ ਖ਼ਜ਼ਾਨਾ ਖਾਲੀ ਹੋਣ ਦਾ ਰੋਣਾ ਰੋਣ ਲੱਗ ਪੈਂਦੀਆਂ ਸਨ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਨਹੀਂ ਕਿਹਾ ਕਿ ਸਰਕਾਰ ਦਾ ਖ਼ਜ਼ਾਨਾ ਖਾਲੀ ਹੈ। ਲੋਕ ਸਵੇਰ ਤੋਂ ਸ਼ਾਮ ਤੱਕ ਹਰ ਕੰਮ ਦੇ ਨਾਲ-ਨਾਲ ਟੈਕਸ ਦੇ ਰਹੇ ਹਨ। ਸਰਕਾਰ ਦੇ ਖ਼ਜ਼ਾਨੇ ਵਿੱਚ ਪੈਸਾ ਜਾ ਰਿਹਾ ਹੈ। ਸਰਕਾਰ ਦਾ ਖ਼ਜ਼ਾਨਾ ਖਾਲੀ ਕਿਵੇਂ ਹੋ ਸਕਦਾ ਹੈ?‘
ਹੱਕ ਮੰਗੋ, ਭੀਖ ਨਹੀਂ’: ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਉਹਨਾਂ ਨੇ ਇਹ ਐਲਾਨ ਵੀ ਕੀਤਾ ਕਿ ਜਿਨ੍ਹਾਂ ਲੋਕਾਂ ਦਾ ਹੜ੍ਹਾਂ ਕਾਰਣ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ 15 ਅਗਸਤ ਤੋਂ ਪਹਿਲਾਂ-ਪਹਿਲਾਂ ਆਰਥਕ ਮਦਦ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਅਫਸਰਾਂ ਨੂੰ ਬਰਦਾਬ ਹੋਈਆਂ ਫਸਲਾਂ ਬਾਰੇ ਸਪੈਸ਼ਲ ਗਿਰਦਾਵਰੀ ਕਰਾਉਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ। ਹੜ੍ਹਾਂ ਕਾਰਣ ਹੋਏ ਨੁਕਸਾਨ ਸੰਬੰਧੀ ਕੇਂਦਰ ਕੋਲੋਂ ਮਦਦ ਮੰਗਣ ਦੀ ਗੱਲ ਉੱਤੇ ਭਗਵੰਤ ਮਾਨ ਨੇ ਕਿਹਾ ਕਿ ਜੋ ਕੰਮ ਅਸੀਂ ਆਪ ਕਰ ਸਕਦੇ ਹਾਂ, ਉਸ ਬਾਰੇ ਅਸੀਂ ਕਿਸੇ ਅੱਗੇ ਹੱਥ ਕਿਉਂ ਅੱਡੀਏ। ਉਨ੍ਹਾਂ ਸਵਾਲ ਕੀਤਾ ਕਿ ਕਦੇ ਕਿਸੇ ਨੇ ਪੰਜਾਬੀ ਨੂੰ ਭੀਖ ਮੰਗਦੇ ਵੇਖਿਆ ਹੈ? ਪੰਜਾਬ ਆਪਣਾ ਹੱਕ ਮੰਗ ਸਕਦਾ ਹੈ, ਪਰ ਭੀਖ ਨਹੀਂ।