ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਖੇਤੀ ਕਾਨੂੰਨਾਂ ਖਿਲਾਫ਼ ਤਿੰਨਾਂ ਤਖ਼ਤਾਂ ਤੋਂ ਕਿਸਾਨ ਮਾਰਚ ਕੱਢਿਆ ਜਾ ਰਿਹਾ ਹੈ। ਇਸ ਕਿਸਾਨ ਮਾਰਚ ਰਾਹੀ ਅਕਾਲੀ ਦਲ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਇੱਕ ਮੰਗ ਪੱਤਰ ਦੇਸ਼ ਦੇ ਰਾਸ਼ਟਰਪਤੀ ਦੇ ਨਾਂਅ 'ਤੇ ਪੰਜਾਬ ਦੇ ਰਾਜਪਾਲ ਨੂੰ ਸੌਂਪੇਗੀ। ਇਸ ਮਾਰਚ ਵਿੱਚ ਅਕਾਲੀ ਦਲ ਦੀ ਦਿੱਲੀ ਲੀਡਰਸ਼ਿੱਪ ਵੀ ਸ਼ਾਮਲ ਹੋਈ ਹੈ।
ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਮਾਰਚ ਤੋਂ ਪਹਿਲਾਂ ਮੁੱਲਾਂਪੁਰ ਚੌਕ 'ਤੇ ਜਾਇਜ਼ਾ ਲੈਣ ਪਹੁੰਚੇ ਮਨਜਿੰਦਰ ਸਿਰਸਾ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਦੌਰਾਨ ਮਨਜਿੰਦਰ ਸਿਰਸਾ ਨੇ ਕਿਹਾ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ਼ ਦਿੱਲੀ ਵਿੱਚ ਵੀ ਵੱਡੇ ਪੱਧਰ 'ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਸਿਰਸਾ ਨੇ ਕਿਹਾ ਇਹ ਲੜਾਈ ਦਿੱਲੀ ਵਿੱਚ ਹੀ ਲੜੀ ਜਾਵੇਗੀ।
ਸਿਰਸਾ ਨੇ ਕਿਹਾ ਕਿ ਭਾਜਪਾ ਨਾਲ ਗੱਠਜੋੜ ਤੋੜਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਨੇ ਦਿੱਲੀ ਦੀਆਂ ਸਾਰੀਆਂ ਕਮੇਟੀਆਂ ਤੋਂ ਅਸਤੀਫਾ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜਾਬ 'ਚ ਰਾਹੁਲ ਗਾਂਧੀ ਵੱਲੋਂ ਟਰੈਕਟਰ ਮਾਰਚ ਕੱਢੇ ਜਾਣ 'ਤੇ ਸਿਰਸਾ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਸੱਚੇ ਪੰਜਾਬ ਦੇ ਹਿਤੈਸੀ ਹਨ ਤਾਂ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੂੰ ਠੁੱਡ ਮਾਰ ਕੇ ਮਹਾਰਾਸ਼ਟਰ ਤੋਂ ਰੈਲੀ ਸ਼ੁਰੂ ਕਰਕੇ ਫਿਰ ਪੰਜਾਬ ਆਉਣ। ਕਿਉਂਕਿ ਸ਼ਿਵ ਸੈਨਾ ਵੱਲੋਂ ਇਨ੍ਹਾਂ ਖੇਤੀ ਕਾਨੂੰਨ 'ਤੇ ਸਹਿਮਤੀ ਜਤਾਈ ਗਈ ਹੈ।