ਚੰਡੀਗੜ੍ਹ: ਆਪਣੇ ਐਕਸ਼ਨਾਂ ਅਤੇ ਡਿਊਟੀ ਦੌਰਾਨ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੇ ਪੰਜਾਬ ਦੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਉਨ੍ਹਾਂ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ 18 ਅਕਤੂਬਰ 2020 ਨੂੰ ਕਾਰਜਕਾਲ ਵਿੱਚ 3 ਸਾਲ ਦਾ ਵਾਧਾ ਦਿੱਤਾ ਸੀ। ਇਸ ਬਾਰੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਭਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਰਕਾਰੀ ਨਿਯਮਾਂ ਤਹਿਤ ਮਿਆਦ ਵਧਾਉਣ ਦੀ ਕੋਈ ਵਿਵਸਥਾ ਨਹੀਂ ਹੈ। ਜਿਸ ਕਾਰਨ ਉਸ ਤੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਅਹੁਦਾ ਵਾਪਸ ਲੈ ਲਿਆ ਗਿਆ ਹੈ।
ਚੰਨੀ ਵਿਵਾਦ ਕਰਕੇ ਸੁਰਖੀਆਂ ਬਟੋਰੀਆਂ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਮੰਨੀ ਜਾਣ ਵਾਲੀ ਮਨੀਸ਼ਾ ਗੁਲਾਟੀ CM ਚਰਨਜੀਤ ਸਿੰਘ ਚੰਨੀ ਵੱਲੋਂ MeToo ਮੁੱਦੇ ਨੂੰ ਚੁੱਕੇ ਜਾਣ ਤੋਂ ਬਾਅਦ ਸੁਰਖੀਆਂ ਵਿੱਚ ਆ ਗਈ ਸੀ। ਮਨੀਸ਼ਾ ਗੁਲਾਟੀ ਅਕਸਰ ਔਰਤਾਂ ਦੇ ਹੱਕ ਵਿੱਚ ਫੈਸਲੇ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਮਨੀਸ਼ਾ ਗੁਲਾਟੀ ਨੇ ਔਰਤਾਂ ਦੀਆਂ ਸਮੱਸਿਆਵਾਂ ਤੋਂ ਇਲਾਵਾ ਵਿਦੇਸ਼ ਭੱਜ ਚੁੱਕੀਆਂ ਔਰਤਾਂ ਦੇ ਪਤੀਆਂ ਦੀ ਵੀ ਆਵਾਜ਼ ਚੁੱਕੀ। ਮਨੀਸ਼ਾ ਗੁਲਾਟੀ ਕੈਪਟਨ ਅਮਰਿੰਦਰ ਸਿੰਘ ਦੀ ਕਰੀਬੀ ਮੰਨੀ ਜਾਂਦੀ ਹੈ, ਇਹ ਕੈਪਟਨ ਹੀ ਸੀ ਜਿਸ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਮਨੀਸ਼ਾ ਨੂੰ ਪ੍ਰਧਾਨਗੀ ਦਾ ਅਹੁਦਾ ਸੌਂਪਿਆ ਸੀ।
ਪਾਰਟੀਆਂ ਬਦਲੀਆਂ: ਦੱਸ ਦੇਈਏ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਇਸ ਤੋਂ ਪਹਿਲਾਂ ਕਾਂਗਰਸ ਵਿੱਚ ਸੀ, ਜੋ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ, ਕਾਂਗਰਸ ਛੱਡਦੇ ਹੀ ਉਨ੍ਹਾਂ ਨੇ ਸੀਐਮ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਸੀ ਕਿ ਕਾਂਗਰਸ ਵਿੱਚ ਰਹਿੰਦਿਆਂ ਉਨ੍ਹਾਂ ਦੀ ਇੱਜ਼ਤ ਨੂੰ ਠੇਸ ਪਹੁੰਚੀ ਹੈ। ਹਿੰਦੂ ਹੋਣ ਕਾਰਨ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਨਿੱਜੀ ਦੁਸ਼ਮਣੀ ਕੱਢੀ ਜਾ ਰਹੀ ਸੀ।
ਸਾਬਕਾ ਸੀਐੱਮ ਚੰਨੀ ਨਾਲ ਵਿਵਾਦ: ਇਹ ਮਨੀਸ਼ਾ ਗੁਲਾਟੀ ਹੀ ਸੀ ਜਿਸ ਨੇ ਦੋ ਸਾਲ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ #MeToo ਦਾ ਮਾਮਲਾ ਉਠਾਇਆ ਸੀ। ਕਾਰਵਾਈ ਕਰਦੇ ਹੋਏ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਖਲ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ। ਚੰਨੀ ਦੇ ਮੁੱਖ ਮੰਤਰੀ ਬਣਦੇ ਹੀ ਇਹ ਮਾਮਲਾ ਫਿਰ ਚਰਚਾ 'ਚ ਆ ਗਿਆ ਸੀ। ਹਾਲਾਂਕਿ ਚੰਨੀ ਦੇ ਸੀਐੱਮ ਬਣਨ ਤੋਂ ਬਾਅਦ ਮਨੀਸ਼ਾ ਗੁਲਾਟੀ ਨੇ ਵੀ ਮਾਮਲੇ ਉੱਤੇ ਕਦੇ ਕੁੱਝ ਖੁੱਲ੍ਹ ਨਹੀਂ ਬੋਲਿਆ।