ਚੰਡੀਗੜ੍ਹ: ਮਾਲਵਾ (Malwa Belt) ਪੰਜਾਬ ਦੀ ਸਿਆਸਤ ਦਾ ਸਭ ਤੋਂ ਵੱਡਾ ਕੇਂਦਰ ਹੈ। ਮੁੱਖ ਮੰਤਰੀ ਤੋਂ ਲੈ ਕੇ ਪਾਰਟੀ ਪ੍ਰਧਾਨਾਂ ਦੀ ਕਿਸਮਤ ਮਾਲਵਾ ਤੈਅ ਕਰਦਾ ਹੈ। ਪੰਜਾਬ ਵਿੱਚ ਸਭ ਤੋਂ ਜ਼ਿਆਦਾ ਮੁੱਖ ਮੰਤਰੀ ਮਾਲਵਾ ਖੇਤਰ ਤੋਂ ਹੋਏ। 1995 ਤੋਂ ਬਾਅਦ ਲਗਾਤਾਰ ਪੰਜਾਬ ਵਿੱਚ ਮਾਲਵਾ ਤੋਂ ਮੁੱਖ ਮੰਤਰੀ ਬਣਦੇ ਆ ਰਹੇ ਹਨ। ਪੰਜਾਬ ਵਿਧਾਨ ਸਭਾ ਦੀਆਂ 117 ਵਿਚੋਂ 69 ਸੀਟਾਂ ਤਾਂ ਇਕੱਲੇ ਮਾਲਵਾ ਦੀਆਂ ਹੀ ਹਨ। ਮਾਝਾ ਅਤੇ ਦੁਆਬਾ ਦੇ ਮੁਕਾਬਲੇ ਮਾਲਵਾ ਸਿਰ ਸਿਆਸਤਦਾਨਾਂ ਦੀ ਛੱਤਰੀ ਜ਼ਿਆਦਾ ਰਹਿੰਦੀ ਹੈ, ਪਰ ਫਿਰ ਵੀ ਮਾਲਵਾ ਬਾਕੀ ਖੇਤਰਾਂ ਦੇ ਮੁਕਾਬਲੇ ਪੱਛੜਿਆਂ ਹੈ ਅਤੇ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਇਹ ਅਫ਼ਸੋਸ ਦੀ ਗੱਲ ਹੈ ਕਿ ਮਾਲਵਾ ਵਿੱਚ ਪੰਜਾਬ ਦੇ ਸਭ ਤੋਂ ਜ਼ਿਆਦਾ ਕੈਂਸਰ ਦੇ ਮਰੀਜ਼ ਹਨ ਅਤੇ ਸਭ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀਆਂ ਮਾਲਵਾ 'ਚ ਹੁੰਦੀਆਂ ਹਨ।
ਸਿਆਸਤ ਦਾ ਕੇਂਦਰ ਮਾਲਵਾ ਬੁਨਿਆਦੀ ਸਹੂਲਤਾਂ ਨੂੰ ਤਰਸੇ: ਮਾਲਵਾ ਪੰਜਾਬ ਦੀ ਸਿਆਸਤ ਦਾ ਵੱਡਾ ਕੇਂਦਰ ਬਿੰਦੂ ਹੈ ਪਰ ਸਿੱਖਿਆ, ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਮਾਮਲੇ 'ਚ ਮਾਝਾ ਅਤੇ ਦੁਆਬਾ ਤੋਂ ਪੱਛੜਿਆ ਹੈ। ਮਾਲਵਾ ਨੇ ਟਿੱਬਿਆਂ ਤੋਂ ਸ਼ਹਿਰੀਕਰਨ ਦਾ ਸਫ਼ਰ ਤੈਅ ਕਰ ਲਿਆ, ਪਰ ਕਈ ਚੁਣੌਤੀਆਂ ਅਤੇ ਮਸਲੇ ਜਿਉਂ ਦੇ ਤਿਉਂ ਬਰਕਰਾਰ ਹਨ। ਰਾਜਨੀਤਿਕ ਵਰਤਾਰੇ ਦੇ ਨਾਲ ਨਾਲ ਮਾਲਵਾ ਦਾ ਇਤਿਹਾਸਕ ਪਿਛੋਕੜ ਵੀ ਵਿਸ਼ਾਲ ਹੈ। ਕਿਉਂਕਿ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਰਿਹਾ ਅਤੇ ਪੂਰਬੀ ਪੰਜਾਬ ਦੇ ਇਸ ਪਾਸੇ ਰਾਜੇ ਮਹਾਰਾਜੇ ਰਾਜ ਕਰਦੇ ਰਹੇ। ਉਸ ਸਮੇਂ ਬ੍ਰਿਿਟਸ਼ ਸਾਸ਼ਨ ਨਾਲ ਮਿਲਕੇ ਰਾਜੇ ਮਹਾਰਾਜੇ ਰਾਜ ਕਰਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੇ ਸਾਸ਼ਨ ਵਾਲਾ ਖੇਤਰ ਜ਼ਿਆਦਾ ਵਿਕਸਿਤ ਹੁੰਦਾ ਰਿਹਾ ਹੈ ਅਤੇ ਇਸ ਪਾਸੇ ਜਿਥੇ ਹੋਰ ਰਾਜਿਆਂ ਦੀ ਰਿਆਸਤਾਂ ਸਨ ਉਹ ਖੇਤਰ ਘੱਟ ਵਿਕਸਿਤ ਹੋਇਆ। ਪੱਛਮੀ ਪੰਜਾਬ ਦੀ ਜ਼ਮੀਨ ਜ਼ਿਆਦਾ ਉਪਜਾਊ ਅਤੇ ਜਰਖੇਜ ਰਹੀ। ਜਦਕਿ ਹੁਣ ਦਾ ਮਾਲਵਾ ਉਹਨਾਂ ਵੇਲਿਆਂ 'ਚ ਟਿੱਬਿਆਂ ਦਾ ਢੇਰ ਸੀ। ਹਲਾਂਕਿ ਸਮੇਂ ਦੇ ਨਾਲ ਨਾਲ ਮਾਲਵਾ ਦਾ ਵਿਕਾਸ ਤਾਂ ਹੋਇਆ, ਪਰ ਬਾਕੀ ਖੇਤਰਾਂ ਨਾਲੋਂ ਘੱਟ ਹੋਇਆ ਹੈ।
![the leadership of the Chief Ministers of Malw](https://etvbharatimages.akamaized.net/etvbharat/prod-images/17-07-2023/pb_malwa_info_01_1707newsroom_1689597327_731.jpg)
1966 ਤੋਂ ਬਾਅਦ ਚੱਲਿਆ ਮਾਲਵੇ ਦਾ ਦੌਰ: 1966 ਵਿੱਚ ਜਦੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਵੱਖ ਹੋਏ ਉਸ ਵੇਲੇ ਮਾਲਵਾ ਦਾ ਸਿਆਸੀ ਦੌਰ ਸ਼ੁਰੂ ਹੋਇਆ। ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਸੀਟਾਂ ਦਾ ਜ਼ਿਆਦਾ ਹਿੱਸਾ ਮਾਲਵਾ ਵਿੱਚ ਆਇਆ। ਜਿਸ ਕਰਕੇ ਮਾਲਵਾ ਸਿਆਸੀ ਤੌਰ 'ਤੇ ਮਜ਼ਬੂਤ ਹੋਇਆ। ਰਾਜਨੀਤਿਕ ਹੀ ਨਹੀਂ ਬਲਕਿ ਭੂਗੋਲਿਕ ਤੌਰ 'ਤੇ ਅਤੇ ਅਬਾਦੀ ਦੇ ਲਿਹਾਜ ਨਾਲ ਵੀ ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਖੇਤਰ ਬਣਿਆ। ਦੁਆਬਾ ਇਸ ਅਬਾਦੀ ਅਤੇ ਰਾਜਨੀਤਿਕ ਪੱਖੋਂ ਭਾਵੇਂ ਛੋਟਾ ਹੈ, ਪਰ ਦੁਆਬਾ ਵਾਸੀਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਪਹਿਲਾਂ ਸ਼ੁੁਰੂ ਹੋਇਆ ਇਸ ਕਰਕੇ ਦੁਆਬਾ ਬਾਕੀ ਪੰਜਾਬ ਨਾਲੋਂ ਜ਼ਿਆਦਾ ਵਿਕਸਿਤ ਹੈ। ਮਾਲਵਾ ਸੁਭਾਅ ਤੋਂ ਬਾਗੀ ਹੋਣ ਕਰਕੇ ਇਥੇ ਕਈ ਇਹੋ ਜਿਹੀਆਂ ਮੁਹਿੰਮਾਂ ਸ਼ੁਰੂ ਹੋਈਆਂ ਜਿਹਨਾਂ ਨੇ ਹਕੂਮਤਾਂ ਨਾਲ ਟੱਕਰ ਲਈ। ਪ੍ਰਜਾ ਮੰਡਲ ਅਤੇ ਕਿਸਾਨੀ ਅੰਦੋਲਨ ਵਰਗੀਆਂ ਮੁਹਿੰਮਾਂ ਨੇ ਮਾਲਵਾ ਦੀ ਧਰਤੀ ਤੋਂ ਹੀ ਸ਼ੁਰੂ ਹੋਈਆਂ ਹਨ।
‘ਮਾਲਵਾ ਕਦੇ ਟਿੱਬਿਆਂ ਕਰਕੇ ਜਾਣਿਆ ਜਾਂਦਾ ਸੀ ਪਰ ਮੌਜੂਦਾ ਸਮੇਂ ਮਾਲਵਾ ਨੂੰ ਪੰਜਾਬ ਦੀ ਕੈਂਸਰ ਬੈਲਟ ਵਜੋਂ ਜਾਣਿਆ ਜਾਂਦਾ ਹੈ। ਮਾਲਵਾ ਖੇਤਰ ਦੇ ਬਠਿੰਡਾ, ਮਾਨਸਾ ਅਤੇ ਬੁਡਲਾਢਾ ਵਿਚ ਕਈ ਪਿੰਡਾਂ ਦੇ ਪਿੰਡ ਕੈਂਸਰ ਦੀ ਮਾਰ ਝੱਲ ਰਹੇ ਹਨ। ਮਾਲਵਾ ਵਿਚੋਂ ਕੈਂਸਰ ਮਰੀਜ਼ਾਂ ਲਈ ਇਕ ਸਪੈਸ਼ਲ ਟਰੇਨ ਬੀਕਾਨੇਰ ਤੱਕ ਚੱਲਦੀ ਹੈ ਜਿਸਨੂੰ ਕੈਂਸਰ ਟ੍ਰੇਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸਦਾ ਇਕ ਕਾਰਨ ਇਹ ਵੀ ਹੈ ਕਿ ਪੰਜਾਬ ਵਿਚ ਹਰੀ ਕ੍ਰਾਂਤੀ ਨੇ ਖੇਤੀ ਕ੍ਰਾਂਤੀ ਨੂੰ ਜਨਮ ਦਿੱਤਾ। ਦੇਸ਼ ਦੇ ਅੰਨ ਭੰਡਾਰ ਭਰਨ ਦੀ ਸ਼ੁਰੂਆਤ ਮਾਲਵਾ ਤੋਂ ਹੋਈ। ਪਰ ਇਸ ਹਰੀ ਕ੍ਰਾਂਤੀ ਦੌਰਾਨ ਕੈਮੀਕਲ ਅਤੇ ਪੈਸਟੀਸਾਈਡਜ਼ ਦੇ ਇਸਤੇਮਾਲ ਨੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਪ੍ਰਕੋਪ ਵਧਾਇਆ। ਇਸ ਲਈ ਕੀਟਨਾਸ਼ਕਾਂ ਅਤੇ ਨਦੀਨਨਾਸ਼ਕਾਂ ਦੀ ਵਰਤੋਂ ਕਰਕੇ ਮਾਲਵਾ ਸਭ ਤੋਂ ਜ਼ਿਆਦਾ ਕੈਂਸਰ ਪ੍ਰਭਾਵਿਤ ਖੇਤਰ ਹੈ। ਪੰਜਾਬ ਵਿਚ ਕੈਂਸਰ ਦੇ ਹਰ ਸਾਲ 6 ਤੋਂ 7 ਲੱਖ ਨਵੇਂ ਮਰੀਜ਼ ਆਉਂਦੇ ਹਨ ਜਿਹਨਾਂ ਵਿਚੋਂ ਜ਼ਿਆਦਾ ਮਾਲਵਾ ਖੇਤਰ ਦੇ ਹਨ। ਜ਼ਾਹਿਰ ਹੈ ਕਿ ਜਦੋਂ ਵਿਕਾਸ ਦੀ ਸ਼ੁਰੂਆਤ ਹੁੰਦੀ ਹੈ ਤਾਂ ਤਾਂ ਉਸਦੇ ਨਤੀਜੇ ਮਾੜੇ ਅਤੇ ਚੰਗੇ ਦੋਵੇਂ ਹੀ ਹੁੰਦੇ ਹਨ।’ - ਹਮੀਰ ਸਿੰਘ, ਸਿਆਸੀ ਮਾਹਿਰ
![the leadership of the Chief Ministers of Malw](https://etvbharatimages.akamaized.net/etvbharat/prod-images/17-07-2023/pb_malwa_info_02_1707newsroom_1689597327_263.jpg)
ਮਾਲਵਾ 'ਚ ਸਭ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀਆਂ: ਕਰਜ਼ਾ ਪੰਜਾਬ ਦੇ ਕਿਸਾਨਾਂ ਲਈ ਇਕ ਅਜਿਹੀ ਸਮੱਸਿਆ ਹੈ ਜਿਸਦਾ ਹੁਣ ਤੱਕ ਹੱਲ ਨਹੀਂ ਹੋ ਸਕਿਆ। ਮਾਲਵਾ ਪੰਜਾਬ ਦਾ ਅਜਿਹਾ ਖੇਤਰ ਹੈ ਜਿਸ ਵਿਚ ਸਭ ਤੋਂ ਜ਼ਿਆਦਾ ਕਿਸਾਨ ਖੁਦਕੁਸ਼ੀਆਂ ਹੁਣ ਤੱਕ ਰਿਕਾਰਡ ਕੀਤੀਆਂ ਗਈਆਂ। ਇਕ ਰਿਪੋਰਟ ਦੇ ਮੁਤਾਬਿਕ ਪੰਜਾਬ ਵਿੱਚ ਪਿਛਲੇ ਪੰਜ ਸਾਲਾਂ (2017-21) ਦਰਮਿਆਨ ਕੁੱਲ 1,056 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਕਰਜ਼ੇ ਦਾ ਬੋਝ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਕਾਰਨ ਹੈ। ਇਹਨਾਂ ਵਿਚੋਂ ਜ਼ਿਅਦਾਤਰ ਕਿਸਾਨ ਮਾਲਵਾ ਖੇਤਰ ਦੇ ਹਨ। ਨਰਮੀ ਪੱਟੀ ਵਾਲੇ ਕਿਸਾਨਾਂ ਵਿਚ ਜ਼ਿਆਦਾਤਰ ਕਿਸਾਨ ਖੁਦਕੁਸ਼ੀਆਂ ਦਾ ਦੌਰ ਸ਼ੁਰੂ ਹੋਇਆ। ਕਿਉਂਕਿ ਫ਼ਸਲਾਂ ਮਰਦੀਆਂ ਰਹੀਆਂ ਝਾੜ ਘੱਟਦਾ ਰਿਹਾ ਅਤੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਭਾਰੀ ਹੁੰਦੀ ਰਹੀ। ਕਿਸਾਨ ਖੁਦਕੁਸ਼ੀਆਂ ਦਾ ਦੌਰ ਪੰਜਾਬ ਵਿਚ ਅੱਜ ਵੀ ਜਾਰੀ ਹੈ।
![the leadership of the Chief Ministers of Malw](https://etvbharatimages.akamaized.net/etvbharat/prod-images/17-07-2023/pb_malwa_info_03_1707newsroom_1689597327_1004.jpg)
1995 ਤੋਂ ਬਾਅਦ ਲਗਾਤਾਰ ਪੰਜਾਬ 'ਚ ਮਾਲਵਾ ਖੇਤਰ ਤੋਂ ਬਣੇ ਮੁੱਖ ਮੰਤਰੀ: ਪੰਜਾਬ ਵਿਚ ਮਾਲਵਾ ਖੇਤਰ ਤੋਂ ਆਉਣ ਵਾਲੇ ਮੁੱਖ ਮੰਤਰੀਆਂ ਦੀ ਸੂਚੀ ਬਹੁਤ ਲੰਬੀ ਹੈ। 1995 ਤੋਂ ਬਾਅਦ ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਠਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਮਾਲਵਾ ਖੇਤਰ ਨਾਲ ਸਬੰਧਿਤ ਹਨ। 1995 ਤੋਂ ਹੁਣ ਤੱਕ ਮੁੱਖ ਮੰਤਰੀ ਦੀ ਕੁਰਸੀ ਮਲਵਈਆਂ ਕੋਲ ਰਹਿਣ ਦਾ ਰਿਕਾਰਡ ਅੱਜ ਵੀ ਬਰਕਰਾਰ ਹੈ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਲੰਮਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਬਣੇ। ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੋ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਮਾਣ ਹਾਸਲ ਹੋਇਆ।