ਚੰਡੀਗੜ੍ਹ: ਲੋਕ ਸਭਾ ਚੋਣਾਂ 2024 ਦਾ ਬਿਗਲ ਅਜੇ ਵੱਜਿਆ ਨਹੀਂ ਪਰ ਪੰਜਾਬ 'ਚ ਸਿਆਸੀ ਪਾਰਟੀਆਂ ਨੇ ਆਪਣਾ ਚੋਣ ਸ਼ੰਖ ਨਾਦ ਜ਼ਰੂਰ ਵਜਾ ਦਿੱਤਾ ਹੈ। ਅਜਿਹੇ ਵਿੱਚ ਸੱਤਾ ਧਿਰ ਆਮ ਆਦਮੀ ਪਾਰਟੀ ਕਿਵੇਂ ਪਿੱਛੇ ਰਹਿ ਸਕਦੀ ਹੈ। 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜਾਬ ਦੌਰੇ 'ਤੇ ਨੇ , ਇਸੇ ਤਹਿਤ ਅੰਮ੍ਰਿਤਸਰ ਤੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਮਾਝੇ ਦੀ ਧਰਤੀ ਤੋਂ ਆਮ ਆਦਮੀ ਪਾਰਟੀ ਆਪਣਾ ਚੋਣ ਅਖਾੜਾ ਭਖਾਉਣ ਦੀ ਤਿਆਰੀ ਕਰ ਰਹੀ ਹੈ ਅਤੇ ਕੇਜਰੀਵਾਲ ਦਾ 3 ਦਿਨਾਂ ਦੌਰਾ ਮਾਝੇ 'ਤੇ ਜ਼ਿਆਦਾ ਕੇਂਦਰਿਤ ਰਹਿਣ ਵਾਲਾ ਹੈ, ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਮਾਝੇ ਵਿੱਚ ਆਮ ਆਦਮੀ ਪਾਰਟੀ ਦੀ ਹਾਲਤ ਬਹੁਤ ਮਾੜੀ ਰਹੀ ਹੁਣ ਪੰਜਾਬ ਵਿਚ 'ਆਪ' ਦੀ ਸਰਕਾਰ ਹੋਣ ਕਰਕੇ ਪਾਰਟੀ ਮਾਝੇ ਨੂੰ ਹੱਥੋਂ ਗੁਆਉਣਾ ਨਹੀਂ ਚਾਹੁੰਦੀ।
ਮਾਝੇ ਵਿਚ 'ਆਪ' ਦਾ ਅਧਾਰ : ਮਾਝੇ ਵਿਚ (Majha Political )ਲੋਕ ਸਭਾ ਦੀਆਂ ਬੇਸ਼ੱਕ 3 ਹੀ ਸੀਟਾਂ ਆਉਂਦੀਆਂ ਪਰ ਪੰਜਾਬ ਦੀ ਸੱਤਾ ਵਿਚ ਮਝੈਲਾਂ ਦਾ ਮੂਡ ਬਹੁਤ ਮਾਇਨੇ ਰੱਖਦਾ। 2019 ਦੀ ਗੱਲ ਕਰੀਏ ਤਾਂ ਆਪ ਉਮਦੀਵਾਰਾਂ ਦੀਆਂ ਜ਼ਮਾਨਤਾਂ ਮਾਝੇ ਦੇ ਸਾਰੇ ਹਲਕਿਆਂ ਵਿਚ ਜ਼ਬਤ ਹੀ ਰਹੀਆਂ। ਪਾਰਟੀ ਕੋਈ ਬਹੁਤ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਹਾਲਾਂਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮਾਝੇ ਦੀਆਂ 25 ਸੀਟਾਂ ਵਿਚੋਂ 17 ਆਮ ਆਦਮੀ ਪਾਰਟੀ ਦੇ ਕੋਲ ਹਨ। ਹੁਣ ਲੋਕ ਸਭਾ ਵਿਚ ਵੀ ਪਾਰਟੀ ਇਸੇ ਅਧਾਰ ਨੂੰ ਕਾਇਮ ਰੱਖਣਾ ਚਾਹੁੰਦੀ ਹੈ। ਮਾਝੇ ਵਿਚ ਅੰਮ੍ਰਿਤਸਰ, ਖਡੂਰ ਸਾਹਿਬ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਆਉਂਦੇ ਹਨ ਜਿਥੇ 2019 ਵਿਚ ਆਮ ਆਦਮੀ ਪਾਰਟੀ ਹੱਥ ਕੁਝ ਨਹੀਂ ਲੱਗਿਆ। ਅੰਮ੍ਰਿਤਸਰ ਤੋਂ ਆਪ ਉਮੀਦਵਾਰ ਕੁਲਦੀਪ ਧਾਲੀਵਾਲ ਨੂੰ ਮਹਿਜ਼ 20 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਗੁਰਜੀਤ ਔਜਲਾ 4,45000 ਵੋਟਾਂ ਨਾਲ ਜੇਤੂ ਰਹੇ। ਸਾਲ 2019 'ਚ ਖਡੂਰ ਸਾਹਿਬ ਤੋਂ ਵੀ ਕਾਂਗਰਸੀ ਉਮੀਦਵਾਰ ਜਸਬੀਰ ਡਿੰਪਾ ਵੱਡੇ ਮਾਰਜਨ ਨਾਲ ਜਿੱਤੇ ਅਤੇ ਆਪ ਉਮੀਦਵਾਰ ਮਨਜਿੰਦਰ ਸਿੱਧੂ ਨੂੰ 13656 ਵੋਟਾਂ ਮਿਲੀਆਂ। ਗੁਰਦਾਸਪੁਰ ਦੀ ਗੱਲ ਕਰੀਏ ਤਾਂ ਭਾਜਪਾ ਦੇ ਸੰਨੀ ਦਿਓਲ ਜੇਤੂ ਰਹੇ ਅਤੇ 'ਆਪ' ਉਮੀਦਵਾਰ ਪੀਟਰ ਮਸੀਹ 27,744 ਵੋਟਾਂ ਮਿਲੀਆਂ।
2024 'ਚ 'ਆਪ' ਦੀ ਹਨੇਰੀ ਰਹੇਗੀ ਬਰਕਾਰ ? : ਪੰਜਾਬ ਦੀਆਂ ਬਾਕੀ ਰਿਵਾਇਤੀ ਪਾਰਟੀਆਂ ਤੋਂ ਅੱਕੇ ਲੋਕਾਂ ਨੇ ਪੰਜਾਬ ਵਿਚ 'ਆਪ' ਦੇ ਬਦਲਾਅ ਨੂੰ ਕਬੂਲਿਆ ਅਤੇ 92 ਸੀਟਾਂ ਨਾਲ ਵਿਧਾਨ ਸਭਾ ਭੇਜਿਆ। ਪੰਜਾਬ ਦੀ ਸੱਤਾ ਵਿਚ ਡੇਢ ਸਾਲ ਦਾ ਕਾਰਜਕਾਲ ਲੋਕਾਂ ਲਈ ਸੁਖਾਵਾਂ ਨਹੀਂ ਰਿਹਾ। ਸਰਕਾਰ ਦੇ ਫ਼ੈਸਲੇ ਲੋਕਾਂ ਲਈ ਸਿਰਦਰਦੀ ਬਣੇ ਅਤੇ ਕਈ ਵਾਅਦੇ ਵੀ ਅਜੇ ਤੱਕ ਵਫ਼ਾ ਨਾ ਹੋ ਸਕੇ। ਬੇਸ਼ੱਕ ਸਰਕਾਰ ਦੇ ਕਰਜਕਾਲ ਦੇ ਅਜੇ 4 ਸਾਲ ਬਾਕੀ ਹਨ ਅਤੇ ਸਰਕਾਰ ਕੋਲ ਕਹਿਣ ਲਈ ਬਹੁਤ ਕੁਝ ਹੈ ਪਰ ਲੋਕਾਂ ਦੀਆਂ ਉਮੀਦਾਂ ਆਮ ਆਦਮੀ ਪਾਰਟੀ ਤੋਂ ਬਾਕੀ ਪਾਰਟੀਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹਨ। ਪਾਰਟੀ ਦੀ ਹਨੇਰੀ ਬਰਕਰਾਰ ਰਹੇਗੀ ਜਾਂ ਨਹੀਂ ਇਸ ਬਾਰੇ ਅਜੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਨਤੀਜੇ ਆਉਣ ਤੋਂ ਬਾਅਦ ਹੀ ਤਸਵੀਰ ਸਾਫ਼ ਹੋ ਸਕੇਗੀ ਪਰ ਜੋ ਹਲਾਤ ਬਣੇ ਹੋਏ ਹਨ ਉਹ ਵੋਟਰਾਂ ਲਈ ਜ਼ਰੂਰ ਦੁਚਿੱਤੀ ਵਾਲੇ ਹਨ। ਮਾਝੇ ਦੇ ਜ਼ਿਆਦਾਤਰ ਖੇਤਰ ਸਰਹੱਦੀ ਹਨ। ਪਾਕਿਸਤਾਨ ਨਾਲ ਸਰਹੱਦ ਲੱਗਦੀ ਹੋਣ ਕਰਕੇ ਸੁਰੱਖਿਆ ਦੇ ਲਿਹਾਜ ਨਾਲ ਵੀ ਇਹ ਖੇਤਰ ਸੰਵੇਦਨਸ਼ੀਲ ਹਨ ਅਤੇ ਸਰਹੱਦ ਨਾਲ ਲੱਗਦੀ ਹੋਣ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਵੀ ਆਮ ਲੋਕਾਂ ਨਾਲੋਂ ਜ਼ਿਆਦਾ ਹਨ। ਸੁਰੱਖਿਆ ਦੇ ਲਿਹਾਜ ਨਾਲ ਆਪ ਸਰਕਾਰ ਅਜੇ ਉਸ ਮਜ਼ਬੂਤੀ ਨਾਲ ਕੰਮ ਨਹੀਂ ਕਰ ਸਕੀ। ਮਾਝਾ ਦੇ ਲੋਕ ਜੁਝਾਰੂ ਅਤੇ ਪੰਥਕ ਮੰਨੇ ਜਾਂਦੇ ਹਨ ਇਸ ਲਈ ਪੰਥਕ ਮੁੱਦਿਆਂ 'ਤੇ ਵੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਰਹਿੰਦਾ ਹੈ। ਪੰਜਾਬ ਵਿਚ ਬਰਗਾੜੀ ਗੋਲੀਕਾਂਡ ਅਤੇ ਬੇਅਦਬੀ ਮਾਮਲਿਆਂ ਦਾ ਇਨਸਾਫ਼ ਉਡੀਕ ਰਹੇ ਲੋਕ ਅਜੇ ਵੀ ਨਿਰਾਸ਼ ਹਨ। ਇਸ ਲਈ 2024 ਦੀ ਚੋਣ ਆਮ ਆਦਮੀ ਪਾਰਟੀ ਲਈ ਕਈ ਚੁਣੌਤੀਆਂ ਭਰੀ ਹੋ ਸਕਦੀ ਹੈ।
2019 ਦੀਆਂ ਲੋਕ ਸਭਾ ਚੋਣਾਂ 'ਚ 'ਆਪ' ਦੀ ਸਥਿਤੀ: ਜਿਥੇ 2019 ਵਿਚ ਆਪ ਮਾਝੇ ਵਿਚ (Majha Political )ਕੋਈ ਖਾਸ ਕਮਾਲ ਨਹੀਂ ਕਰ ਸਕੀ ਉਥੇ ਈ ਪੰਜਾਬ ਦੇ ਬਾਕੀ ਖੇਤਰਾਂ ਅਤੇ ਬਾਕੀ ਲੋਕ ਸਭਾ ਸੀਟਾਂ ਉੱਤੇ ਵੀ ਬੁਰੀ ਤਰ੍ਹਾਂ ਹਾਰੀ। ਸਿਰਫ਼ ਇਕ ਸੰਗਰੂਰ ਲੋਕ ਸਭਾ ਹਲਕਾ ਹੀ ਆਮ ਆਦਮੀ ਪਾਰਟੀ ਦੇ ਹਿੱਸੇ ਆਇਆ ਜਿਥੋਂ ਭਗਵੰਤ ਮਾਨ ਦੂਜੀ ਵਾਰ ਮੈਂਬਰ ਪਾਰਲੀਮੈਂਟ ਬਣੇ। ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੰਗਰੂਰ ਜ਼ਿਮਨੀ ਚੋਣ ਵੀ ਆਮ ਆਦਮੀ ਪਾਰਟੀ ਹਾਰ ਗਈ। ਪਟਿਆਲਾ ਲੋਕ ਸਭਾ ਹਲਕਾ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56, 887 ਵੋਟਾਂ ਪਈਆਂ, ਫਰੀਦਕੋਟ 'ਚ ਪ੍ਰੋਫੈਸਰ ਸਾਧੂ ਸਿੰਘ ਨੂੰ 1, 15, 319 ਵੋਟਾਂ ਮਿਲੀਆਂ ਜਦਕਿ 2014 ਵਿਚ ਪ੍ਰੋਫੈਸਰ ਸਾਧੂ ਸਿੰਘ ਉਥੋਂ ਐਮਪੀ ਬਣੇ ਸਨ। ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਨਦੀਪ ਸਿੰਘ ਨੂੰ 62881 ਵੋਟਾਂ ਮਿਲੀਆਂ ਜਦਕਿ 2104 ਵਿਚ ਇਥੋਂ ਆਪ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਐਮਪੀ ਬਣੇ ਸਨ। ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰੋ. ਤੇਜਬੀਰ ਸਿੰਘ ਗਿੱਲ ਨੂੰ ਸਿਰਫ਼ 15, 945 ਵੋਟਾਂ ਪਈਆਂ, ਬਠਿੰਡਾ ਤੋਂ ਉਮੀਦਵਾਰ ਪ੍ਰੋਫੈਸਰ ਬਲਜਿੰਦਰ ਕੌਰ ਨੂੰ 1, 34, 398 ਵੋਟਾਂ ਮਿਲੀਆਂ, ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ 53, 052 ਵੋਟਾਂ ਮਿਲੀਆਂ, ਫ਼ਿਰੋਜ਼ਪੁਰ ਤੋਂ ਆਪ ਉਮੀਦਵਾਰ ਕਾਕਾ ਸਰਾਂ ਨੂੰ 31, 872 ਵੋਟਾਂ ਪਈਆਂ ਅਤੇ ਹੁਸ਼ਿਆਰਪੁਰ ਤੋਂ ਆਪ ਉਮੀਦਵਾਰ ਡਾ. ਰਵਜੋਤ ਨੂੰ 44, 914 ਵੋਟਾਂ ਪਈਆਂ।
- School Of Eminence Launched: ਸਕੂਲ ਆਫ ਐਮੀਨੈਂਸ ਦੇ ਉਦਘਾਟਨ ਤੋਂ ਬਾਅਦ ਕੇਜਰੀਵਾਲ ਨੇ ਕਿਹਾ- ਸਕੂਲ ਆਫ ਐਮੀਨੈਂਸ ਵਰਗਾ ਪੰਜਾਬ 'ਚ ਹੋਰ ਸਕੂਲ ਨਹੀਂ
- Projects On Education In Punjab : ਪੰਜਾਬ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਬਦਲੇਗਾ ਸਿੱਖਿਆ ਦਾ ਮਿਆਰ, ਪੜ੍ਹੋ ਕੇਜਰੀਵਾਲ-ਮਾਨ ਦੇ ਐਲਾਨ
- Meri Mitti Mera Desh : ‘ਮੇਰੀ ਮਿੱਟੀ, ਮੇਰਾ ਦੇਸ਼’ ਤਹਿਤ ਵੀਨੂੰ ਗੋਇਲ ਨੇ ਸ਼ਹਿਰ 'ਚ ਸ਼ੁਰੂ ਕੀਤੀ ਇਹ ਕੰਮ, ਵੇਖੋ ਵੀਡੀਓ
ਗੱਠਜੋੜ ਦੇ ਕੀ ਰਹਿਣਗੇ ਸਮੀਕਰਨ ?: ਕੌਮੀ ਪੱਧਰ ਉੱਤੇ ਭਾਜਪਾ ਖ਼ਿਲਾਫ਼ ਇਕਜੁੱਟ ਹੋਣ ਲਈ ਸਾਰੀਆਂ ਸਿਆਸੀ ਧਿਰਾਂ ਨੇ ਇੰਡੀਆ ਨਾਮੀ ਫਰੰਟ ਬਣਾਇਆ, ਜਿਸਦੀ ਅਗਵਾਈ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਜਿਸਦਾ ਹਿੱਸਾ ਆਮ ਆਦਮੀ ਪਾਰਟੀ ਵੀ ਹੈ। ਪੰਜਾਬ ਵਿਚ 'ਆਪ' ਅਤੇ ਕਾਂਗਰਸ ਦਾ ਕਾਟੋ ਕਲੇਸ਼ ਬਰਕਰਾਰ ਹੈ। ਪੰਜਾਬ ਵਿਚ ਦੋਵੇਂ ਪਾਰਟੀਆਂ ਹਾਲ ਦੀ ਘੜੀ ਇਕ ਦੂਜੇ ਨਾਲ ਗੱਠਜੋੜ ਕਰਨ ਨੂੰ ਤਿਆਰ ਨਹੀਂ ਅਤੇ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਇਕੱਲਿਆਂ ਹੀ ਚੋਣ ਲੜਨਾ ਚਾਹੁੰਦੀਆਂ ਹਨ। ਸਿਆਸਤ ਵਿਚ ਕਦੋਂ ਕੀ ਸਮੀਕਰਨ ਬਣ ਜਾਣ ਇਸ ਬਾਰੇ ਕੁਝ ਪਤਾ ਨਹੀਂ ਜਿਵੇਂ ਜਿਵੇਂ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਸਥਿਤੀ ਸਪੱਸ਼ਟ ਹੁੰਦੀ ਰਹਿੰਦੀ ਹੈ, ਪਰ ਇਕੱਲਿਆਂ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਮਾਝਾ ਖੇਤਰ ਨੂੰ ਤਰਜੀਹ ਦੇਣ ਦੀ ਸ਼ੁਰੂਆਤ ਤਾਂ ਟੂਰਿਜ਼ਮ ਸਮਿਟ ਰਾਹੀਂ ਹੀ ਕਰ ਦਿੱਤੀ ਗਈ। ਸਭ ਤੋਂ ਪਹਿਲਾਂ ਮਾਝੇ ਦੀ ਲੋਕ ਸਭਾ ਵਿਚ ਪਾਰਟੀ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ।
ਕੀ ਕਹਿੰਦੇ ਹਨ ਸਿਆਸੀ ਮਾਹਿਰ: ਰਾਜਨੀਤਿਕ ਮਾਹਿਰ ਪ੍ਰੋਫੈਸਰ ਨਵਜੋਤ ਕਹਿੰਦੇ ਹਨ ਕਿ ਲੋਕ ਸਭਾ ਚੋਣਾਂ 'ਚ ਅਜੇ ਸਮਾਂ ਹੈ ਸਮੇਂ ਤੋਂ ਪਹਿਲਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਪਰ ਆਮ ਤੌਰ 'ਤੇ ਵਿਧਾਨ ਸਭਾ ਚੋਣਾਂ ਵਿਚ ਅਤੇ ਲੋਕ ਸਭਾ ਚੋਣਾਂ ਵਿਚ ਲੋਕਾਂ ਦੇ ਰੁਝਾਨ ਅੰਦਰ ਫ਼ਰਕ ਹੁੰਦਾ ਹੈ। ਆਪ ਨੂੰ ਪੰਜਾਬ ਦੀ ਸੱਤਾ ਵਿਚ ਆਇਆਂ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਜਿਸ ਕਰਕੇ ਨੌਜਵਾਨਾਂ ਦਾ ਰੁਝਾਨ ਆਪ ਨਾਲੋਂ ਥੋੜਾ ਜਿਹਾ ਬਦਲ ਰਿਹਾ ਹੈ। ਨੌਜਵਾਨ ਆਪ ਤੋਂ ਮਾਯੂਸ ਨਜ਼ਰ ਆ ਰਹੇ ਹਨ। ਹਾਲਾਂਕਿ ਸਰਕਾਰ ਨੂੰ ਸੂਬੇ ਦੀਆਂ ਨੀਤੀਆਂ ਸਮਝਣ ਵਿਚ 2 ਸਾਲ ਦਾ ਸਮਾਂ ਤਾਂ ਲੱਗ ਹੀ ਜਾਂਦਾ ਪਰ ਚੋਣਾਂ ਤਾਂ ਚੋਣਾਂ ਹੀ ਹੁੰਦੀਆਂ ਹਨ। ਅਜੇ ਕੁਝ ਜ਼ਿਆਦਾ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਈ ਤਰ੍ਹਾਂ ਦੇ ਐਲਾਨ ਹੋਣੇ ਹਨ ਅਤੇ ਕਈ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਹੋਣੀਆਂ।