ਚੰਡੀਗੜ੍ਹ: ਹਰ ਇਨਸਾਨ ਦੋ ਵਖਤ ਦੀ ਰੋਟੀ ਕਮਾਓਣ ਲਈ ਆਪਣੇ ਘਰ ਤੋਂ ਬਾਹਰ ਆ ਕੇ ਧੱਕੇ ਖਾਂਦਾ ਹੈ ਅਤੇ ਉਮੀਦ ਕਰਦਾ ਹੈ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ। ਪਰ ਇਸ ਸਾਲ ਕੋਰੋਨਾ ਵਾਇਰਸ ਦੀ ਪਈ ਮਾਰ ਨੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ।
ਇਹ ਲੋਕੀਂ 6 ਮਹੀਨੇ ਇੱਕ ਥਾਂ 'ਤੇ ਕੰਮ ਕਰਕੇ ਆਪਣੀ ਸਾਰੀ ਕਮਾਈ ਆਪਣੇ ਪਰਿਵਾਰ ਵਾਲਿਆਂ ਨੂੰ ਦਿੰਦੇ ਹਨ ਪਰ ਕੋਰੋਨਾ ਵਾਇਰਸ ਦੇ ਚੱਲਦੇ ਹੋਏ ਲੌਕਡਾਊਨ ਅਤੇ ਕਰਫ਼ਿਊ ਦੇ ਚੱਲਦੇ ਦਿਹਾੜੀ ਦਾਰ ਮਜ਼ਦੂਰ ਦੇ ਨਾਲ-ਨਾਲ ਰਿਹੜੀਆਂ ਲਗਾਓਣ ਵਾਲਿਆਂ ਦਾ ਵੀ ਕੰਮ ਧੰਦਾ ਬੰਦ ਹੋ ਗਿਆ ਹੈ।
ਗਰਮੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਗੰਨੇ ਦੇ ਜੂਸ ਵੇਚਣ ਵਾਲੇ, ਆਈਸਕ੍ਰੀਮ ਦੀ ਰੇਹੜੀ ਲਗਾਉਣ ਵਾਲੇ, ਨਾਰੀਅਲ ਪਾਣੀ ਵੇਚਣ ਵਾਲੇ ਅਤੇ ਮਿੱਟੀ ਦਾ ਸਾਮਾਨ ਵੇਚਣ ਵਾਲੇ ਕੁੱਝ ਕਮਾਈ ਕਰ ਸਕਦੇ ਸੀ ਪਰ ਕੋਰੋਨਾ ਦੇ ਡਰ ਨੇ ਇਨ੍ਹਾਂ ਦੀ ਰੋਜ਼ੀ ਰੋਟੀ 'ਤੇ ਗ੍ਰਹਿਣ ਲਗਾ ਦਇੱਤਾ ਹੈ।
ਕਾਨਪੁਰ ਤੋਂ ਚੰਡੀਗੜ੍ਹ ਵਿੱਚ ਨਾਰੀਅਲ ਵੇਚਣ ਵਾਲੇ ਦੀਪਕ ਯਾਦਵ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਇੱਕ ਸਾਲ ਚੰਡੀਗੜ੍ਹ ਵਿੱਚ ਕੰਮ ਕਰਕੇ ਆਪਣੇ ਘਰ ਜਾ ਕੇ ਇਕ ਕਮਰਾ ਬਣਾਉਂਦੇ ਤਾਂ ਜੋ ਉਨ੍ਹਾਂ ਦਾ ਸਾਰਾ ਪਰਿਵਾਰ ਕਿਰਾਏ ਦਾ ਕਮਰਾ ਛੱਡ ਆਪਣੇ ਘਰ ਰਹਿੰਦਾ। ਪਰ ਕਰਫਿਊ ਨੇ ਉਨ੍ਹਾਂ ਦੇ ਸਾਰੇ ਸੁਪਨੇ ਤੋੜ ਦਿੱਤੇ ਕਿਉਂਕਿ ਦੀਪਕ ਨੇ ਜਿੰਨੀ ਵੀ ਹੁਣ ਤੱਕ ਜਮ੍ਹਾ ਪੂੰਜੀ ਇਕੱਠੀ ਕੀਤੀ ਸੀ, ਉਨ੍ਹਾਂ ਚੰਡੀਗੜ੍ਹ ਵਿੱਚ ਨਾਰੀਅਲ ਪਾਣੀ ਦਾ ਕੰਮ ਸ਼ੁਰੂ ਕਰਨ 'ਤੇ ਲਗਾ ਦਿੱਤੀ ਜਿਸ ਲਈ ਬਾਕਾਇਦਾ ਉਨ੍ਹਾਂ ਲਾਇਸੈਂਸ ਵੀ ਬਣਵਾਇਆ ਸੀ। ਪਰ ਹੁਣ ਨਾ ਤਾਂ ਕਮਾਓਣ ਦਾ ਕੋਈ ਜ਼ਰਿਆ ਹੈ ਅਤੇ ਨਾ ਹੀ ਰੋਟੀ ਨਸੀਬ ਹੋ ਰਹੀ ਹੈ।
ਗਰਮੀਆਂ ਦੇ ਮੌਸਮ ਦੌਰਾਨ ਆਈਸਕ੍ਰੀਮ ਵੇਚਣ ਵਾਲੇ ਵੀ ਵੱਖ-ਵੱਖ ਸੂਬਿਆਂ ਤੋਂ ਚੰਡੀਗੜ੍ਹ ਵਿੱਚ ਆਕੇ ਕੰਮ ਕਰਦੇ ਹਨ। ਪਰ ਲੌਕਡਾਊਨ ਕਾਰਨ ਉਨ੍ਹਾਂ ਨੂੰ ਵੀ ਬਹੁਤ ਮੁਕਸਾਨ ਝੱਲਣਾ ਪਿਆ ਹੈ। ਆਈਸਕ੍ਰੀਮ ਵੇਚਣ ਵਾਲੇ ਸ਼ਿਵਸ਼ੰਕਰ ਦਾ ਕਹਿਣਾ ਸੀ ਕਿ ਪੈਸੇ ਮੁੱਕਣ ਕਾਰਨ ਉਹ ਹੁਣ ਲੰਗਰ ਉੱਤੇ ਨਿਰਭਰ ਹੀ ਹਨ।
ਚੰਡੀਗੜ੍ਹ ਵਿੱਚ ਕਰਫਿਊ ਹੱਟ ਗਿਆ ਹੈ ਪਰ ਲੌਕਡਾਊਨ ਵਿੱਚ ਕਈ ਲੋਕਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪਰ ਗੰਨੇ ਦਾ ਰਸ ਵੇਚਣ ਵਾਲਿਆਂ ਨੂੰ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਕਰਕੇ ਉਨ੍ਹਾਂ ਦੇ ਕੋਲ ਹੁਣ ਰੋਜ਼ੀ ਰੋਟੀ ਕਮਾਣੇ ਦਾ ਕੋਈ ਸਾਧਨ ਨਹੀਂ ਰਹਿ ਗਿਆ ਹੈ।
ਗੰਨੇ ਦਾ ਰਸ ਵੇਚਣ ਵਾਲੀ ਸ਼ਾਂਤੀ ਨੇ ਦੱਸਿਆ ਕਿ ਉਨ੍ਹਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਮੰਗ ਕੀਤੀ ਕਿ ਜਿਵੇਂ ਬਾਕੀ ਦੁਕਾਨਾਂ ਖੋਲ੍ਹਣ ਦੀ ਮਨਜ਼ੂਰੀ ਮਿਲ ਘਈ ਹੈ ਉਸੇ ਤਰ੍ਹਾਂ ਉਨ੍ਹਾਂ ਦਾ ਕੰਮ ਵੀ ਖੋਲ੍ਹ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਘਰ ਦਾ ਖਰਚਾ ਚਲਾ ਸਕਣ।
ਅਜਿਹਾ ਸਿਰਫ ਇਹੀ ਤਬਕਾ ਨਹੀਂ ਹੈ ਜੋ ਕਿ ਬੇਰੁਜ਼ਗਾਰੀ ਦੀ ਮਾਰ ਝੱਲ ਰਿਹਾ ਹੈ, ਕਈ ਅਜਿਹੇ ਤਬਕੇ ਨੇ ਜਿਨ੍ਹਾਂ ਦੇ ਕੋਲ ਹੁਣ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਹੈ। ਘੜੇ, ਕੈਂਪਰ ਅਤੇ ਮਿੱਟੀ ਦੇ ਬਰਤਨ ਵੇਚਣ ਵਾਲੇ ਮੁਕੇਸ਼ ਨੇ ਵੀ ਸਭ ਵਾਂਗ ਇਹੀ ਕਹਾਣੀ ਸੁਣਾਈ ਕਿ ਉਨ੍ਹਾਂ ਨੂੰ ਵੀ ਰੋਜ਼ੀ-ਰੋਟੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।