ਚੰਡੀਗੜ੍ਹ: ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੋਮਵਾਰ ਨੂੰ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਅਰਜੁਨ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ। ਖੇਡ ਮੰਤਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂ ਆਪਣੇ ਆਪ ਪੰਜਾਬ ਦੇ ਵੱਕਾਰੀ ਐਵਾਰਡ, ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਲਈ ਯੋਗ ਹੋਣਗੇ।
ਸਮਾਗਮ ਦੌਰਾਨ ਜਿਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਉਨ੍ਹਾਂ ਵਿੱਚ ਸ਼ਾਮਲ ਹਨ;
ਅਰਜੁਨ ਐਵਾਰਡ ਜੇਤੂ
1. ਹਾਕੀ ਖਿਡਾਰੀ ਆਕਾਸ਼ਦੀਪ ਸਿੰਘ
ਮੇਜਰ ਧਿਆਨ ਚੰਦ ਐਵਾਰਡ ਜੇਤੂ
1. ਅਥਲੀਟ ਕੁਲਦੀਪ ਸਿੰਘ ਭੁੱਲਰ
2. ਹਾਕੀ ਖਿਡਾਰੀ ਅਜੀਤ ਸਿੰਘ
3. ਕਬੱਡੀ ਖਿਡਾਰੀ ਮਨਪ੍ਰੀਤ ਸਿੰਘ
4. ਰੋਇੰਗ ਖਿਡਾਰੀ ਮਨਜੀਤ ਸਿੰਘ
5. ਫੁੱਟਬਾਲ ਖਿਡਾਰੀ ਸੁਖਵਿੰਦਰ ਸਿੰਘ
6. ਮੁੱਕੇਬਾਜ਼ ਲੱਖਾ ਸਿੰਘ
ਤੇਨਜ਼ਿੰਗ ਨੋਰਗੇ ਕੌਮੀ ਐਵਾਰਡ ਜੇਤੂ
ਕਰਨਲ ਸਰਫ਼ਰਾਜ਼ ਸਿੰਘ
ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਸਰਕਾਰ ਨੇ ਸਾਲ 2018 ਵਿੱਚ ਬਣਾਈ ਖੇਡ ਨੀਤੀ ਵਿੱਚ ਅਰਜੁਨਾ ਐਵਾਰਡ ਅਤੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਜੇਤੂਆਂ ਨੂੰ ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡ ਹਾਸਲ ਕਰਨ ਦੇ ਹੱਕਦਾਰ ਬਣਾਇਆ ਸੀ। ਹੁਣ ਇਸ ਨੀਤੀ ਵਿੱਚ ਸਾਰੇ ਕੌਮੀ ਖੇਡ ਐਵਾਰਡ ਜੇਤੂ ਖਿਡਾਰੀ ਸ਼ਾਮਲ ਹੋਣਗੇ, ਜਿਸ ਵਿੱਚ ਧਿਆਨ ਚੰਦ ਐਵਾਰਡ ਤੇ ਦਰੋਣਾਚਾਰੀਆ ਐਵਾਰਡ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂਆਂ (ਦਰੋਣਚਾਰੀਆ ਅਤੇ ਧਿਆਨ ਚੰਦ ਐਵਾਰਡੀ) ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਲਈ ਯੋਗ ਹੋ ਜਾਣਗੇ। ਇਸ ਲਈ ਖੇਡ ਨੀਤੀ ਵਿੱਚ ਜਲਦੀ ਲੋੜੀਂਦੀ ਤਬਦੀਲੀ ਕੀਤੀ ਜਾਵੇਗੀ।
ਬਜ਼ੁਰਗ ਖਿਡਾਰੀਆਂ ਦੀ ਪੈਨਸ਼ਨ ਲਈ ਕੋਈ ਸਾਲਾਨਾ ਆਮਦਨ ਹੱਦ ਨਹੀਂ
ਖੇਡ ਮੰਤਰੀ ਨੇ ਅੱਗੇ ਐਲਾਨ ਕੀਤਾ ਕਿ ਬਜ਼ੁਰਗ ਖਿਡਾਰੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ ਉਤੇ ਸਾਲਾਨਾ ਆਮਦਨ ਦੀ ਕੋਈ ਹੱਦ ਨਹੀਂ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਖਿਡਾਰੀ ਦੀ ਕਿੰਨੀ ਵੀ ਸਾਲਾਨਾ ਆਮਦਨ ਹੋਵੇ, ਉਹ ਪੈਨਸ਼ਨ ਦਾ ਹੱਕਦਾਰ ਬਣਿਆ ਰਹੇਗਾ।
ਓਲੰਪੀਅਨ ਮੁੱਕੇਬਾਜ਼ ਲੱਖਾ ਸਿੰਘ ਨੂੰ ਖੇਡ ਵਿਭਾਗ ਵਿੱਚ ਕੋਚ ਦੀ ਨੌਕਰੀ ਦੇਣ ਦਾ ਐਲਾਨ
ਖੇਡ ਮੰਤਰੀ ਨੇ ਹਾਲ ਹੀ ਵਿੱਚ ਧਿਆਨ ਚੰਦ ਐਵਾਰਡ ਹਾਸਲ ਕਰਨ ਵਾਲੇ ਏਸ਼ਿਆਈ ਖੇਡਾਂ ਦੇ ਤਮਗ਼ਾ ਜੇਤੂ ਤੇ ਓਲੰਪੀਅਨ ਮੁੱਕੇਬਾਜ਼ ਲੱਖਾ ਸਿੰਘ ਦੀ ਕਮਜ਼ੋਰ ਮਾਲੀ ਹਾਲਤ ਦੇ ਸਨਮੁੱਖ ਐਲਾਨ ਕੀਤਾ ਕਿ ਖੇਡ ਵਿਭਾਗ ਵੱਲੋਂ ਲੱਖਾ ਸਿੰਘ ਨੂੰ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਇਸੇ ਮਹੀਨੇ ਮੁੱਕੇਬਾਜ਼ੀ ਕੋਚ ਵਜੋਂ ਨੌਕਰੀ ਦੇਣ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਲੱਖਾ ਸਿੰਘ ਆਪਣੀ ਕਮਜ਼ੋਰ ਮਾਲੀ ਹਾਲਤ ਕਾਰਨ ਟੈਕਸੀ ਚਲਾ ਕੇ ਗੁਜ਼ਾਰਾ ਕਰ ਰਿਹਾ ਹੈ।