ਚੰਡੀਗੜ੍ਹ: ਆਮ ਆਦਮੀ ਪਾਰਟੀ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਵੱਲੋਂ ਇੱਕ ਲੀਗਲ ਨੋਟਿਸ ਪੰਜਾਬ ਦੇ ਸਪੀਕਰ ਰਾਣਾ ਕੇ ਪੀ ਨੂੰ ਭੇਜਿਆ ਗਿਆ ਹੈ। ਲੀਗਲ ਨੋਟਿਸ ਦੇਣ ਦਾ ਕਾਰਨ ਇਹ ਹੈ ਕਿ ਜਨਵਰੀ 2019 ਵਿੱਚ ਅਮਨ ਅਰੋੜਾ ਨੇ ਹਾਈਕੋਰਟ ਪਟੀਸ਼ਨ ਪਾਈ ਸੀ ਕਿ ਵਿਧਾਨ ਸਭਾ ਦਾ ਸੈਸ਼ਨ ਲਾਇਵ ਟੇਲੀਕਾਸਟ ਹੋਣਾ ਚਾਹੀਦਾ ਹੈ। ਹਾਈ ਕੋਰਟ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਸਪੀਕਰ ਨੂੰ ਇਹ ਚਿੱਠੀ ਭੇਜੋ ਅਤੇ ਉਨ੍ਹਾਂ ਕੋਲੋਂ ਜ਼ਵਾਬ ਮੰਗੋ। ਹਾਈਕੋਰਟ ਨੇ ਇਹ ਵੀ ਕਿਹਾ ਸੀ ਕਿ ਜੇਕਰ ਕੋਈ ਜਵਾਬ ਨਹੀਂ ਆਉਂਦਾ ਤਾਂ ਉਹ ਦੁਬਾਰਾ ਹਾਈਕੋਰਟ ਦੇ ਵਿੱਚ ਆ ਸਕਦੇ ਹਨ।
ਅਮਨ ਅਰੋੜਾ ਦਾ ਕਹਿਣਾ ਹੈ ਕਿ 11 ਮਹੀਨੇ ਹੋ ਗਏ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਹੈ ਜਿਸ ਕਾਰਨ ਉਹ ਰਾਣਾ ਕੇ.ਪੀ ਸਿੰਘ ਨੂੰ ਮੁੜ ਤੋਂ ਨੋਟਿਸ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਸ ਵਾਰ ਵੀ ਕੋਈ ਜਵਾਬ ਨਹੀਂ ਆਇਆ ਤਾਂ ਉਹ ਉਨ੍ਹਾਂ 'ਤੇ ਕੇਸ ਦਰਜ ਕਰਨਗੇ। ਇਸ ਦੇ ਨਾਲ ਹੀ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਬਿਜ਼ਲੀ ਦਰਾਂ ਦੇ ਵਾਧੇ ਦਾ ਵੀ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ 7 ਜਨਵਰੀ ਨੂੰ ਉਹ ਭਗਵੰਤ ਮਾਨ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ।
ਜ਼ਿਕਰਯੋਗ ਹੈ ਕਿ ਪੰਜਾਬ ਬਜਟ 2019 ਵਿੱਚ ਕਾਂਗਰਸ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਇਸ ਵਾਰ ਬਿਜਲੀ ਦੇ ਰੇਟ ਨਹੀਂ ਵਧਣਗੇ। ਜਿਸ ਕਾਰਨ ਕੈਪਟਨ ਸਰਕਾਰ 'ਤੇ ਇਸ ਵੇਲੇ ਵਿਰੋਧੀ ਧਿਰ ਨਿਸ਼ਾਨੇ ਵਿੰਨ ਰਹੀਆਂ ਹਨ ਕਿਉਂਕਿ ਬਾਕੀ ਸੂਬਿਆਂ ਵਿੱਚ ਬਿਜਲੀ ਪੰਜਾਬ ਨਾਲੋਂ ਸਸਤੀ ਹੈ।