ਚੰਡੀਗੜ੍ਹ: ਪੰਜਾਬ ਡੀਜੀਪੀ ਦਫ਼ਤਰ ਵੱਲੋਂ ਸੂਬੇ ਦੇ ਸਮੂਹ ਪੁਲਿਸ ਦਫ਼ਤਰਾਂ ਨੂੰ ਇੱਕ ਸੰਦੇਸ਼ ਭੇਜ ਕੇ ਸੂਚਿਤ ਕੀਤਾ ਗਿਆ ਹੈ ਕਿ 14 ਅਪ੍ਰੈਲ ਨੂੰ ਸਮੂਹ ਗਜ਼ਟਿਡ, ਨਾਨ-ਗਜ਼ਟਿਡ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਦੌਰਾਨ ਪੁਲਿਸ ਦਫ਼ਤਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਉਹ ਕਿਸੇ ਵੀ ਅਧਿਕਾਰੀ ਕਰਮਚਾਰੀ ਨੂੰ ਛੁੱਟੀ ਨਾ ਦੇਣ। ਦੱਸ ਦੇਈਏ ਕਿ ਅੰਮ੍ਰਿਤਪਾਲ 18 ਮਾਰਚ ਤੋਂ ਫ਼ਰਾਰ ਹੈ। ਪੁਲਿਸ ਉਸ ਦੀ ਭਾਲ ਲਈ ਪੰਜਾਬ ਅਤੇ ਹੋਰ ਰਾਜਾਂ ਵਿੱਚ ਛਾਪੇਮਾਰੀ ਕਰ ਰਹੀ ਹੈ, ਪਰ ਅਜੇ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ। ਇਸ ਨੂੰ ਲੈ ਕੇ ਪੰਜਾਬ ਪੁਲਿਸ ਹਾਈ ਅਲਰਟ ਉੱਤੇ ਹੈ।
ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਅੱਜ: ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁੱਖੀ ਅੰਮ੍ਰਿਤਪਾਲ ਸਿੰਘ ਵੱਲੋਂ ਆਤਮ ਸਮਰਪਣ ਦੀਆਂ ਕਿਆਸਅਰਾਈਆਂ ਲਗਾਤਾਰ ਵੱਧ ਰਹੀਆਂ ਹਨ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸ਼ੁਕਰਵਾਰ ਨੂੰ ਦਮਦਮਾ ਸਾਹਿਬ ਵਿਖੇ ਵਿਸ਼ੇਸ਼ ਮੀਟਿੰਗ ਸੱਦੀ ਹੈ ਜਿਸ ਤੋਂ ਬਾਅਦ ਅੰਮ੍ਰਿਤਪਾਲ ਦੇ ਆਤਮ ਸਮਰਪਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਭਾਵੇਂ ਇਸ ਮੀਟਿੰਗ ਦਾ ਮਕਸਦ ਤਲਵੰਡੀ ਸਾਬੋ ਦੇ ਦਮਦਮਾ ਸਾਹਿਬ ਵਿਖੇ ਹੋ ਰਿਹਾ ਹੈ, ਪਰ ਇਸ ਮੀਟਿੰਗ ਦਾ ਮਕਸਦ ਧਰਮ ਦੇ ਪ੍ਰਚਾਰ, ਕੌਮੀ ਅਧਿਕਾਰਾਂ ਦੀ ਰਾਖੀ, ਪ੍ਰਗਟਾਵੇ ਦੀ ਆਜ਼ਾਦੀ 'ਤੇ ਮੰਥਨ ਹੋਵੇਗਾ। ਇਸ ਮੀਟਿੰਗ ਵਿੱਚ ਦੇਸ਼-ਵਿਦੇਸ਼ ਤੋਂ ਜਥੇਦਾਰ, ਲਾਣੇਦਾਰ, ਨਿਹੰਗ ਅਤੇ ਸਿੱਖ ਬੁੱਧੀਜੀਵੀ ਸ਼ਮੂਲੀਅਤ ਕਰਨਗੇ।
ਅੰਮ੍ਰਿਤਪਾਲ ਦੇ ਸਰੰਡਰ ਕਰਨ ਦੀਆਂ ਅਟਕਲਾਂ ਤੇਜ਼: ਤਲਵੰਡੀ ਸਾਬੋ ਦੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਵਿਸ਼ੇਸ਼ ਮੀਟਿੰਗ ਨੂੰ ਲੈ ਕੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਨਾਲ-ਨਾਲ ਖੁਫੀਆ ਏਜੰਸੀਆਂ ਵੀ ਅਲਰਟ 'ਤੇ ਹਨ। ਅੰਮ੍ਰਿਤਪਾਲ ਇਸ ਮੀਟਿੰਗ ਵਿੱਚ ਆਤਮ ਸਮਰਪਣ ਕਰਨ ਲਈ ਨਾ ਪਹੁੰਚ ਜਾਵੇ, ਪੁਲਿਸ ਦੇ ਸੀਆਈਡੀ ਅਧਿਕਾਰੀ ਸਾਦੀ ਵਰਦੀ ਵਿੱਚ ਇਸ ਵਿਸ਼ੇਸ਼ ਮੀਟਿੰਗ ’ਤੇ ਨਜ਼ਰ ਰੱਖਣ ਜਾ ਰਹੇ ਹਨ। ਇਸ ਵਿਸ਼ੇਸ਼ ਮੀਟਿੰਗ ਵਿੱਚ ਅੰਮ੍ਰਿਤਪਾਲ ਵੱਲੋਂ ਆਤਮ ਸਮਰਪਣ ਕੀਤੇ ਜਾਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਪੁਲਿਸ, ਇੰਟੈਲੀਜੈਂਸ ਵਿੰਗ ਅਤੇ ਹੋਰ ਟੀਮਾਂ ਦੀ ਮੀਟਿੰਗ ਪਹਿਲਾਂ ਤੋਂ ਹੀ ਚੌਕਸ ਹਨ। ਤਲਵੰਡੀ ਸਾਬੋ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਦੱਸ ਦੇਈਏ ਕਿ ਫ਼ਰਾਰ ਅੰਮ੍ਰਿਤਪਾਲ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ‘ਸਰਬੱਤ ਖਾਲਸਾ’ ਬੁਲਾਉਣ ਦੀ ਮੰਗ ਕੀਤੀ ਸੀ, ਪਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਜਿਹਾ ਨਹੀਂ ਕੀਤਾ ਅਤੇ ਵਿਸਾਖੀ ਸਮਾਗਮ ਕਰਵਾਉਣ ਦਾ ਫ਼ੈਸਲਾ ਕਰ ਲਿਆ ਹੈ।
ਇਹ ਵੀ ਪੜ੍ਹੋ : Coronavirus Update : ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦਾ ਅੰਕੜਾ 25 ਹਜ਼ਾਰ ਤੋਂ ਪਾਰ, ਪੰਜਾਬ 'ਚ ਕੋਰੋਨਾ ਦੇ 111 ਮਾਮਲੇ ਦਰਜ, 1 ਮੌਤ