ਹੈਦਰਾਬਾਦ ਡੈਸਕ:- ਪੰਜਾਬ ਵਿੱਚ ਵੈਸੇ ਤੇ ਸਾਰੇ ਹੀ ਤਿਉਹਾਰਾਂ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਰ ਇਹਨਾਂ ਵਿੱਚੋਂ ਕੁੱਝ ਤਿਉਹਾਰ ਪੰਜਾਬ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਇਸ ਤਰ੍ਹਾਂ ਹੀ ਇਸ ਸਾਲ ਵਿਸਾਖੀ ਦਾ ਤਿਉਹਾਰ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕੁੱਝ ਇਲਾਕਿਆਂ ਵਿੱਚ 14 ਅਪ੍ਰੈਲ ਨੂੰ ਮਨਾਇਆ ਜਾਵੇਗਾ। ਵਿਸਾਖੀ ਦਾ ਤਿਉਹਾਰ ਹਰ ਸਾਲ ਵਿਕਰਮ ਸੰਵਤ ਦੇ ਪਹਿਲੇ ਮਹੀਨੇ ਨੂੰ ਆਉਂਦਾ ਹੈ। ਵਿਸਾਖੀ ਦਾ ਤਿਉਹਾਰ ਸਿੱਖ ਧਰਮ ਵਿੱਚ ਆਪਣੀ ਵਿਸ਼ੇਸ਼ ਮਹੱਤਤਾ ਰੱਖਦਾ ਹੈ।
ਸਿੱਖ ਧਰਮ ਵਿੱਚ ਵਿਸਾਖੀ ਦੀ ਮਹੱਤਤਾ:- ਸਿੱਖ ਧਰਮ ਨਾਲ ਵਿਸਾਖੀ ਦਾ ਇੱਕ ਵੱਖਰਾ ਇਤਿਹਾਸ ਜੁੜਿਆ ਹੋਇਆ ਹੈ। ਸਿੱਖ ਧਰਮ ਵਿੱਚ ਸਿੱਖ ਵਿਸਾਖੀ ਨੂੰ ਨਵੇਂ ਸਾਲ ਦੇ ਰੂਪ ਵਿੱਚ ਮਨਾਉਂਦੇ ਹਨ। ਇਸ ਵਿਸਾਖੀ ਵਾਲੇ ਦਿਨ ਕਿਸਾਨਾਂ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਵਾਢੀ ਕੀਤੀ ਜਾਂਦੀ ਹੈ। ਇਸ ਵਾਢੀ ਦੀ ਖੁਸ਼ੀ ਵਿੱਚ ਵੀ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸਿੱਖ ਧਰਮ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਨ 13 ਅਪ੍ਰੈਲ 1699 ਨੂੰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਇਸ ਕਰਕੇ ਵੀ ਵਿਸਾਖੀ ਦਾ ਸਿੱਖ ਧਰਮ ਨਾਲ ਵਿਸ਼ੇਸ਼ ਮਹੱਤਲ ਜੁੜਿਆ ਹੋਇਆ ਹੈ। ਵਿਸਾਖੀ ਵਾਲੇ ਦਿਨ ਸਿੱਖਾਂ ਦੇ ਤਖ਼ਤ ਸ਼੍ਰੀ ਅਨੰਦਪੁਰ ਸਾਹਿਬ ਤੇ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਵਿਸ਼ੇਸ਼ ਮੇਲੇ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਹਿੰਦੂ ਧਰਮ ਵਿੱਚ ਵਿਸਾਖੀ ਦੀ ਮਹੱਤਤਾ:- ਵਿਸਾਖੀ ਦੇ ਤਿਉਹਾਰ ਦੇ ਸਿੱਖ ਧਰਮ ਦੇ ਨਾਲ-ਨਾਲ ਹਿੰਦੂ ਧਰਮ ਵਿੱਚ ਵੀ ਵਿਸ਼ੇਸ਼ ਮਹੱਤਤਾ ਹੈ। ਹਿੰਦੂ ਧਰਮ ਵਿੱਚ ਵਿਸਾਖੀ ਵਾਲੇ ਦਿਨ ਦਾਨ ਤੇ ਪੂਜਾ ਕਰਨ ਦੀ ਰੀਤ ਹੈ। ਹਿੰਦੂ ਮਾਨਤਾਵਾਂ ਦੇ ਅਨੁਸਾਰ ਮੁਨੀ ਭਗੀਰਥ ਨੇ ਦੇਵੀ ਗੰਗਾ ਨੂੰ ਧਰਤੀ ਉੱਤੇ ਲਿਆਉਣ ਲਈ ਤਪੱਸਿਆ ਕੀਤੀ ਸੀ, ਵਿਸਾਖੀ ਵਾਲੇ ਦਿਨ ਹੀ ਮੁਨੀ ਭਗੀਰਥ ਦੀ ਤਪੱਸਿਆ ਪੂਰੀ ਹੋਈ ਸੀ। ਹਿੰਦੂ ਧਰਮ ਵਿੱਚ ਇਹ ਵੀ ਮਾਨਤਾ ਹੈ ਕਿ ਵਿਸਾਖੀ ਵਾਲੇ ਦਿਨ ਗੰਗਾ ਵਿੱਚ ਇਸ਼ਨਾਨ ਤੇ ਪੂਜਾ ਕਰਨ ਨਾਲ ਵਿਸ਼ੇਸ਼ ਫਲ ਪ੍ਰਾਪਤ ਹੁੰਦਾ ਹੈ।
ਵਿਸਾਖੀ ਵਾਲੇ ਦਿਨ ਸਿੱਖਾਂ ਵੱਲੋਂ ਵਿਸ਼ੇਸ਼ ਕਾਰਜ:- ਵਿਸਾਖੀ ਦੇ ਤਿਉਹਾਰ ਮੌਕੇ ਸਿੱਖ ਧਰਮ ਦੇ ਲੋਕ ਆਪਣੇ ਘਰਾਂ ਵਿੱਚ ਕਈ ਤਰ੍ਹਾਂ ਦੇ ਪਕਵਾਨ ਬਣਾਉਂਦੇ ਹਨ। ਇਸ ਤੋਂ ਇਲਾਵਾ ਇਸ ਦਿਨ ਗੁਰੂਦੁਆਰਿਆਂ ਵਿੱਚ ਸਿੱਖ ਸੰਗਤਾਂ ਦੀ ਭਾਰੀ ਭੀੜ ਇਕੱਠੀ ਹੁੰਦੀ ਹੈ ਤੇ ਸ੍ਰੀ ਗੁਰੂ ਗੰਥ ਸਾਹਿਬ ਜੀ ਅੱਗੇ ਸੀਸ ਝੁਕਾਦੀ ਹੈ। ਵਿਸਾਖੀ ਵਾਲੇ ਦਿਨ ਗੁਰੂਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਂਦੇ ਹਨ ਤੇ ਕੀਰਤਨ ਕੀਤੇ ਜਾਂਦੇ ਹਨ। ਵਿਸਾਖੀ ਵਾਲੇ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਮੇਲੇ ਲੱਗਦੇ ਹਨ ਅਤੇ ਪੰਜਾਬੀ ਖੁਸ਼ੀ ਵਿੱਚ ਨੱਚਦੇ ਭੰਗੜੇ ਪਾਉਂਦੇ ਹਨ।
ਵਿਸਾਖੀ ਦੇ ਵੱਖ-ਵੱਖ ਨਾਮ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਵਿਸਾਖੀ ਦਾ ਤਿਉਹਾਰ ਪੰਜਾਬ ਦੇ ਨਾਲ-ਨਾਲ ਹੋਰਨਾਂ ਰਾਜਾਂ ਵਿੱਚ ਵੱਖ-ਵੱਖ ਨਾਵਾਂ ਨਾਲ ਮਨਾਇਆ ਜਾਂਦਾ ਹੈ। ਜਿਵੇਂ ਕਿ ਕੇਰਲਾ ਵਿੱਚ ਪੂਰਮ ਵਿਸ਼ੂ, ਅਸਾਮ ਵਿੱਚ ਬੀਹੂ, ਬੰਗਾਲ ਵਿੱਚ ਨਬਾ ਵਰਸ਼, ਸਿੱਖ ਧਰਮ ਦੇ ਲੋਕ ਵਿਸਾਖੀ ਨੂੰ ਨਵੇਂ ਸਾਲ ਦੇ ਰੂਪ ਵਿੱਚ ਮਨਾਉਂਦੇ ਹਨ।
ਖੇਤੀਬਾੜੀ ਨਾਲ ਸਬੰਧ:- ਪੰਜਾਬ ਵਿੱਚ ਵਿਸਾਖੀ ਦਾ ਤਿਉਹਾਰ ਖੇਤੀਬਾੜੀ ਦੇ ਤਿਉਹਾਰ ਵਜੋਂ ਵੀ ਮਨਾਇਆ ਜਾਂਦਾ ਹੈ। ਵਿਸਾਖੀ ਨੂੰ ਮੁੱਖ ਤੌਰ 'ਤੇ ਖੇਤੀਬਾੜੀ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਕਿਸਾਨ ਆਪਣੀ ਪੱਕੀ ਹੋਈ ਹਾੜੀ ਦੀ ਫਸਲ ਨੂੰ ਦੇਖ ਕੇ ਖੁਸ਼ ਹੁੰਦੇ ਹਨ ਅਤੇ ਇਸ ਦਿਨ ਨੂੰ ਬਹੁਤ ਖੁਸ਼ੀ ਅਤੇ ਧੂਮਧਾਮ ਨਾਲ ਵੱਡੇ ਤਿਉਹਾਰ ਵਜੋਂ ਮਨਾਉਂਦੇ ਹਨ। ਪਰ ਫ਼ਸਲ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਵਿਸਾਖੀ ਨਾਲ ਜੁੜੀਆਂ ਹੋਈਆਂ ਹਨ।
ਇਹ ਵੀ ਪੜੋ:- Daily Hukamnama 13 April: ਵੀਰਵਾਰ, ੩੧ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ