ਚੰਡੀਗੜ੍ਹ : ਕੈਨੇਡਾ ਵਿਚ ਮੁੜ ਤੋਂ ਇਕ ਵਾਰ ਮੰਦਿਰ ਦੀ ਕੰਧ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਮਿਲੇ ਹਨ। ਬਰੈਂਪਟਨ ਸਥਿਤ ਗੌਰੀ ਸ਼ੰਕਰ ਮੰਦਿਰ ਦੀ ਕੰਧ ਉੱਤੇ ਭਾਰਤ ਵਿਰੋਧੀ ਨਾਅਰੇ ਲਿਖੇ ਦੱਸੇ ਜਾ ਰਹੇ ਹਨ, ਜਿਸਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਨਹੀਂ ਆਇਆ। ਇਸ ਤੋਂ ਪਹਿਲਾਂ ਵੀ ਬੀਤੇ ਸਾਲ ਸਵਾਨੀਨਾਥਨ ਮੰਦਿਰ ਦੀ ਕੰਧ ਉੱਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ। ਭਾਰਤੀ ਦੂਤਾਵਾਸ ਨੇ ਇਸਤੇ ਕਾਰਵਾਈ ਦੀ ਮੰਗ ਕੀਤੀ ਹੈ। ਇਹ ਖ਼ਬਰ ਜੰਗਲ ਦੀ ਅੱਗ ਵਾਂਗ ਸਾਰੇ ਪਾਸੇ ਫੈਲੀ ਹੈ ਅਤੇ ਸਿਆਸੀ ਪ੍ਰਤੀਕਿਿਰਆਵਾਂ ਸਾਹਮਣੇ ਆਈਆਂ ਹਨ। ਇਸ ਮੁੱਦੇ ਈਟੀਵੀ ਭਾਰਤ ਦੀ ਟੀਮ ਨੇ ਕੁੱਝ ਸਿਆਸੀ ਆਗੂਆਂ ਨਾਲ ਗੱਲਬਾਤ ਕੀਤੀ ਹੈ।
ਨਾਅਰੇ ਲਿਖਣ ਦੀ ਕੀਤੀ ਨਿਖੇਧੀ: ਪੰਜਾਬ ਭਾਜਪਾ ਦੇ ਜਨਰਲ ਸਕੱਤਰ ਬਿਕਰਮਜੀਤ ਚੀਮਾ ਨੇ ਕੈਨੇਡਾ ਵਿੱਚ ਮੰਦਿਰ ਉੱਤੇ ਲਿਖੇ ਭਾਰਤ ਵਿਰੋਧੀ ਨਾਅਰਿਆਂ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਪਿਛਲੇ ਸਮੇਂ ਤੋਂ ਭਾਰਤ ਵਿਰੋਧੀ ਨਾਅਰੇ ਥਾਂ-ਥਾਂ ਲਿਖੇ ਮਿਲ ਰਹੇ ਹਨ, ਉਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਦੇਸ਼ ਵਿਰੋਧੀ ਤਾਕਤਾਂ ਪਹਿਲਾਂ ਪੰਜਾਬ ਵਿਚ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕਰਦੀਆਂ ਸਨ। ਹੁਣ ਇਹੀ ਯਤਨ ਕੈਨੇਡਾ ਵਿਚ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਲਈ ਕੀਤੇ ਜਾ ਰਹੇ ਹਨ। ਪੰਜਾਬੀ ਜਿਸ ਤਰ੍ਹਾਂ ਪੰਜਾਬ ਵਿਚ ਪਿਆਰ ਨਾਲ ਰਹਿੰਦੇ ਹਨ, ਉਸੇ ਤਰ੍ਹਾਂ ਕੈਨੇਡਾ ਵਿਚ ਵੀ ਲੰਮੇ ਸਮੇਂ ਤੋਂ ਭਾਈਚਾਰਕ ਸਾਂਝ ਨਾਲ ਰਹਿ ਰਹੇ ਹਨ। ਕਿਉਂਕਿ ਅਸੀ ਹਿੰਦੂ ਸਿੱਖ ਬਾਅਦ ਵਿਚ ਹਾਂ ਪਹਿਲਾਂ ਭਾਰਤੀ ਹਾਂ। ਉਹਨਾਂ ਕਿਹਾ ਕਿ ਭਾਰਤ ਸਰਕਾਰ ਨੇ ਕੈਨੇਡਾ ਸਰਕਾਰ ਅੱਗੇ ਇਸ ਘਟਨਾ ਦਾ ਰੋਸ ਜ਼ਾਹਿਰ ਕੀਤਾ ਹੈ।
ਇਹ ਵੀ ਪੜ੍ਹੋ: Clash In CM and Governor: ਸੀਐਮ ਅਤੇ ਗਵਰਨਰ ਦਾ ਕਾਟੋ ਕਲੇਸ਼, ਪੰਜਾਬੀਆਂ ਨੂੰ ਅਸਲ ਮੁੱਦਿਆਂ ਤੋਂ ਭਟਕਾਉਣ ਦੀ ਕੋਸ਼ਿਸ਼ ਤਾਂ ਨਹੀਂ ?
ਲੋਕਾਂ ਨੂੰ ਭੜਕਾ ਰਹੇ ਸ਼ਰਾਰਤੀ ਲੋਕ: ਪੰਜਾਬ ਕਾਂਗਰਸ ਨੇ ਵੀ ਕੈਨੇਡਾ ਵਿੱਚ ਹੋਈ ਇਸ ਘਟਨਾ ਉੱਤੇ ਇਤਰਾਜ ਜ਼ਾਹਿਰ ਕੀਤਾ ਹੈ। ਕਾਂਗਰਸੀ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਵੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਕੁਝ ਸ਼ਰਾਰਤੀ ਤੱਤ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਆਪਸ ਵਿਚ ਲੜਾਉਣਾ ਚਾਹੁੰਦੇ ਹਨ। ਅਜਿਹੇ ਅਨਸਰ ਕੋਈ ਵੀ ਮੌਕਾ ਹੱਥੋਂ ਨਹੀਂ ਜਾਣ ਦਿੰਦੇ ਅਤੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ ਹਨ।
ਹਾਲ ਹੀ 'ਚ ਕੈਨੇਡਾ ਦੀ ਧਰਤੀ ਉੱਤੇ ਵੀ ਅਜਿਹਾ ਹੀ ਵੇਖਣ ਨੂੰ ਮਿਲਿਆ ਹੈ, ਜਿਥੇ ਮੰਦਰ ਦੀ ਕੰਧ ਉੱਤੇ ਖਾਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਗਈ। ਬਾਹਰਲੇ ਮੁਲਕਾਂ ਦੇ ਵਿਚ ਵੀ ਅਜਿਹੇ ਤੱਤ ਆਪਣੀਆਂ ਸਾਜਿਸ਼ਾਂ ਤੋਂ ਬਾਝ ਨਹੀਂ ਆ ਰਹੇ। ਉਹਨਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਸਦੇ ਤਾਰ ਭਾਰਤ ਜਾਂ ਪੰਜਾਬ ਨਾਲ ਜੁੜਦੇ ਹਨ ਤਾਂ ਦੋਵਾਂ ਸਰਕਾਰਾਂ ਨੂੰ ਇਸਤੇ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।ਦੂਜੇ ਪਾਸੇ ਕੈਨੇਡਾ ਸਰਕਾਰ ਵੀ ਅਜਿਹੇ ਲੋਕਾਂ ਦੀ ਛੇਤੀ ਤੋਂ ਛੇਤੀ ਭਾਲ ਕਰਕੇ ਜੇਲ੍ਹਾਂ ਵਿਚ ਡੱਕੇ। ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਸ਼ਾਂਤੀ ਬਣਾ ਕੇ ਰੱਖੀ ਜਾਵੇ।