ਇੱਥੋਂ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਇਸ ਬਜਟ ਨੂੰ ਦੂਰਅੰਦੇਸ਼ੀ ਨਾਲ ਤਿਆਰ ਕੀਤਾ ਬਜਟ ਦੱਸਦਿਆਂ ਕਿਹਾ ਕਿ ਇਸ ਦੇ ਦੂਰਗਾਮੀ ਪ੍ਰਭਾਵ ਪੰਜਾਬ ਦੀ ਆਰਥਿਕਤਾ ਤੇ ਪੈਣਗੇ ਅਤੇ ਇਹ ਸਮਾਜ ਦੇ ਸਾਰੇ ਵਰਗਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪੈਟੋ੍ਰਲ ਅਤੇ ਡੀਜਲ ਤੇ ਵੈਟ ਘੱਟ ਕਰਕੇ ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਅੱਜ ਅੱਧੀ ਰਾਤ ਤੋਂ ਸੂਬੇ ਵਿਚ ਡੀਜਲ ਇਕ ਰੁਪਇਆ ਅਤੇ ਪੈਟੋ੍ਰਲ 5 ਰੁਪਏ ਸਸਤਾ ਹੋ ਜਾਵੇਗਾ ।
ਇਸੇ ਤਰਾਂ ਸੁਨੀਲ ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਿਸਾਨ ਅਤੇ ਨੌਜਵਾਨ ਨੂੰ ਇਸ ਬਜਟ ਵਿਚ ਵਿਸੇਸ਼ ਤਰਜੀਹ ਦਿੱਤੀ ਹੈ। ਉਨਾਂ ਨੇ ਆਖਿਆ ਕਿ ਖੇਤੀ ਖੇਤਰ ਦੇ ਵਿਆਪਕ ਕਾਇਆਕਲਪ ਦੀ ਯੋਜਨਾ ਉਲੀਕੀ ਗਈ ਹੈ। ਉਨਾਂ ਕਿਹਾ ਕਿ ਖੇਤੀ ਖੇਤਰ ਦੇ ਵਿਕਾਸ ਲਈ 13 ਹਜਾਰ ਕਰੋੜ ਤੋਂ ਵੱਧ ਦੀ ਰਕਮ ਰੱਖੀ ਗਈ ਹੈ। ਉਨਾਂ ਕਿਹਾ ਕਿ ਜਦ ਸੂਬੇ ਦਾ ਖੇਤੀ ਸੈਕਟਰ ਤਰੱਕੀ ਕਰੇਗਾ ਤਾਂ ਬਾਕੀ ਸੈਕਟਰ ਆਪਣੇ ਆਪ ਹੀ ਵਿਕਾਸ ਦੀ ਰਾਹ ਤੁਰ ਪੈਣਗੇ। ਇਸੇ ਤਰਾਂ ਉਨਾਂ ਦੱਸਿਆ ਕਿ ਗੁਰਦਾਸਪੁਰ ਅਤੇ ਪਠਾਨਕੋਟ ਸਮੇਤ 3 ਨਵੇਂ ਮੈਡੀਕਲ ਕਾਲਜ ਰਾਜ ਵਿਚ ਉਸਾਰੇ ਜਾਣਗੇ।
ਪਿੰਡਾਂ ਦੇ ਵਿਕਾਸ ਲਈ 2600 ਕਰੋੜ ਦੀ ਸਮਾਰਟ ਵਿਲੇਜ ਸਕੀਮ ਸਰਕਾਰ ਨੇ ਸ਼ੁਰੂ ਕੀਤੀ ਹੈ। ਇਸੇ ਤਰਾਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਉਦਯੋਗਾਂ ਨੂੰ ਬਿਜਲੀ ਸਬਸਿਡੀ ਲਈ 1513 ਕਰੋੜ ਰੁਪਏ ਰੱਖੇ ਹਨ। ਇਸੇ ਤਰਾਂ ਸਾਹਪੁਰ ਕੰਢੀ ਡੈਮ ਲਈ ਇਸ ਸਾਲ 207 ਕਰੋੜ ਰੁਪਏ ਰੱਖੇ ਗਏ ਹਨ ਜਿਸ ਨਾਲ 207 ਮੈਗਾਵਾਟ ਵਾਧੂ ਬਿਜਲੀ ਪੈਦਾ ਹੋਵੇਗੀ ਉਥੇ ਹੀ ਸਿੰਚਾਈ ਸਹੁਲਤਾਂ ਵਿਚ ਵੀ ਵਾਧਾ ਹੋਵੇਗਾ। ਇਸੇ ਤਰਾਂ ਸਰੱਹਦੀ ਤੇ ਕੰਢੀ ਖੇਤਰ ਦੇ ਵਿਕਾਸ ਲਈ 100 ਕਰੋੜ ਦੀ ਪੂੰਜੀ ਨਾਲ ਇਕ ਬੋਰਡ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਹੈ ਜੋ ਮਕੌੜਾ ਪੱਤਰ ਦੀਨਾਨਗਰ ਵਿਖੇ ਇਕ ਪੁੱਲ ਦਾ ਨਿਰਮਾਣ ਵੀ ਕਰੇਗਾ। ਇਸੇ ਤਰਾਂ ਲਿੰਕ ਸੜਕਾਂ ਦੀ ਮੁਰੰਮਤ ਲਈ 2000 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰਾਂ ਰਾਜ ਦੇ 42 ਲੱਖ ਪਰਿਵਾਰਾਂ ਨੂੰ ਸਿਹਤ ਬੀਮੇ ਦੇ ਸਹੁਲਤ ਵੀ ਮਿਲੇਗੀ।