ਚੰਡੀਗੜ੍ਹ: 13 ਅਪ੍ਰੈਲ 1919 ਜਲ੍ਹਿਆਂਵਾਲਾ ਬਾਗ ਕਾਂਡ ਪੰਜਾਬ ਦੇ ਇਤਿਹਾਸ ਵਿਚ ਇਕ ਵੱਖਰਾ ਸਰਮਾਇਆ ਬਣਿਆ। ਜਦੋਂ ਵੀ 13 ਅਪ੍ਰੈਲ ਦਾ ਦਿਨ ਆਉਂਦਾ ਹੈ ਤਾਂ ਵਕਤ ਦਾ ਪਹੀਆ ਭਾਰਤੀਆਂ ਦੀਆਂ ਅੱਖਾਂ ਅੱਗੇ ਘੁੰਮਦਾ ਹੈ ਅਤੇ ਯਾਦ ਆਉਂਦੀ ਹੈ ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ ਦੀ। ਇੱਥੇ ਸਵਾਲ ਇਹ ਉੱਠਦਾ ਹੈ ਕਿ ਅਸੀਂ ਇਸ ਖੂਨੀ ਕਾਂਡ ਤੋਂ ਅਸੀਂ ਕੀ ਸਿੱਖਿਆ ? ਭਾਰਤ ਵਿਚ ਅੰਗਰੇਜ਼ਾਂ ਦੇ ਜ਼ੁਲਮ ਦੀ ਗਵਾਹੀ ਜਲ੍ਹਿਆਂਵਾਲਾ ਬਾਗ ਭਰਦਾ ਹੈ ਅਤੇ ਪੰਜਾਬ ਦੀ ਧਰਤੀ ਇਸ ਕਾਂਡ ਦੀ ਪੀੜਤ ਰਹੀ। ਪੰਜਾਬ ਦੀ ਸ਼ਹਾਦਤਾਂ ਨਾਲ ਲਬਰੇਜ਼ ਧਰਤੀ ਉੱਤੇ ਜਨਮੇ ਹਰ ਪੰਜਾਬੀ ਨੂੰ ਪੰਜਾਬ 'ਚ ਪੈਦਾ ਹੋਣ 'ਤੇ ਮਾਣ ਹੈ। ਉੱਥੇ ਹੀ ਇਹ ਜਾਨਣਾ ਵੀ ਜ਼ਰੂਰੀ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੜ੍ਹਦੇ ਵਿਦਿਆਰਥੀ ਜਲ੍ਹਿਆਂਵਾਲਾ ਬਾਗ ਵਿੱਚ ਖੇਡੀ ਖੂਨੀ ਖੇਡ ਨੂੰ ਕਿਵੇਂ ਯਾਦ ਕਰਦੇ ਹਨ। ਪੰਜਾਬ ਦੇ ਨੌਜਵਾਨ ਬੇਸ਼ੱਕ ਯੂਨੀਵਰਸਿਟੀਆਂ ਵਿੱਚ ਪੜਦੇ ਹਨ ਅਤੇ ਵਿਦੇਸ਼ਾਂ ਵਿਚ ਪ੍ਰਵਾਸ ਕਰ ਰਹੇ ਹਨ ਪਰ ਆਪਣੇ ਇਤਿਹਾਸ ਅਤੇ ਸੂਰਬੀਰਤਾ ਨਾਲ ਭਰੀਆਂ ਦਾਸਤਾਨਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ।
ਕੁਰਬਾਨੀਆਂ ਨਾਲ ਭਰਿਆ ਪੰਜਾਬ ਦਾ ਇਤਿਹਾਸ: ਇਸ ਵਿਚ ਕੋਈ ਸ਼ੱਕ ਨਹੀਂ ਕਿ ਪੰਜਾਬ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਜੂਕੇਸ਼ਨ ਵਿਭਾਗ ਦੀ ਵਿਦਿਆਰਥਣ ਹਰਪ੍ਰੀਤ ਕੌਰ ਇਸ ਨੂੰ ਪੰਜਾਬੀਆਂ ਦੀ ਬਹਾਦਰੀ ਦਾ ਸਬੂਤ ਮੰਨਦੀ ਹੈ। ਜਲ੍ਹਿਆਂਵਾਲਾ ਬਾਗ ਕਤਲੇਆਮ ਪ੍ਰਤੀ ਉਸਨੇ ਆਪਣੀਆਂ ਭਾਵਨਾਵਾਂ ਨੂੰ ਬਿਆਨ ਕਰਦੇ ਕਿਹਾ ਕਿ ਪੰਜਾਬ ਦਾ ਇਤਿਹਾਸ ਹਮੇਸ਼ਾ ਅੜਨ ਅਤੇ ਲੜਨ ਵਾਲਾ ਰਿਹਾ। ਜਲ੍ਹਿਆਂਵਾਲਾ ਬਾਗ ਦੀ ਘਟਨਾ ਵੀ ਜ਼ੁਲਮ ਖ਼ਿਲਾਫ਼ ਪੰਜਾਬੀਆਂ ਦੀ ਲੜਾਈ ਦੀ ਇਕ ਝਲਕ ਸੀ। ਉਹ ਪੰਜਾਬੀ ਹੀ ਸਨ ਜਿਹਨਾਂ ਨੇ ਅੰਗਰੇਜ਼ਾਂ ਨਾਲ ਸਭ ਤੋਂ ਪਹਿਲਾਂ ਟੱਕਰ ਲਈ ਸੀ। ਗਦਰੀ ਬਾਬਿਆਂ ਤੋਂ ਲੈ ਕੇ ਜਲ੍ਹਿਆਂਵਾਲਾ ਬਾਗ ਤੱਕ ਸਾਰਾ ਪ੍ਰਭਾਵ ਪੀੜੀ ਦਰ ਪੀੜੀ ਕਬੂਲਿਆ ਗਿਆ। ਸਮੇਂ ਸਮੇਂ ’ਤੇ ਨੌਜਵਾਨਾਂ ਵਿਚ ਬਹਾਦਰੀ ਵਾਲਾ ਖੂਨ ਉਬਾਲੇ ਮਾਰਦਾ ਹੈ।
ਹੱਕਾਂ ਦੀ ਮੰਗਾਂ: ਪੰਜਾਬ ਵਿਚ ਹਮੇਸ਼ਾ ਤੋਂ ਹੀ ਆਪਣੇ ਹੱਕਾਂ ਦੀ ਗੱਲ ਹੁੰਦੀ ਰਹੀ ਹੈ। ਇਸੇ ਸਬੰਧ 'ਚ ਸੱਥ ਆਰਗੇਨਾਈਜੇਸ਼ਨ ਨਾਲ ਸਬੰਧ ਰੱਖਣ ਵਾਲੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਜੋਧ ਸਿੰਘ ਕਹਿੰਦੇ ਹਨ ਕਿ ਪੰਜਾਬੀ ਅਜਿਹੀਆਂ ਘਟਨਾਵਾਂ ਤੋਂ ਹਮੇਸ਼ਾ ਪ੍ਰੇਰਿਤ ਹੀ ਹੁੰਦੇ ਰਹੇ । ਜਲ੍ਹਿਆਂਵਾਲਾ ਬਾਗ ਵਿਚ ਨਿਹੱਥੇ ਅਤੇ ਸ਼ਾਂਤਮਾਈ ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ ਗਿਆ ਸਿਰਫ਼ ਇਸ ਲਈ ਕਿ ਉਹ ਆਪਣਾ ਹੱਕ ਮੰਗ ਰਹੇ ਸਨ। ਅੱਜ ਦੇ ਦੌਰ ਵਿੱਚ ਵੀ ਪੰਜਾਬ ਅਜਿਹੇ ਸੰਤਾਪ ਵਿਚੋਂ ਲੰਘ ਰਿਹਾ ਹੈ ਜਿੱਥ ਮੀਡੀਆ ਨੂੰ ਬੋਲਣ ਦੀ ਅਜ਼ਾਦੀ ਨਹੀਂ ਹੈ ਅਤੇ ਅੱਜ ਵੀ ਪੰਜਾਬ ਆਪਣੇ ਹੱਕਾਂ ਦੀ ਲੜਾਈ ਲੜ ਰਿਹਾ ਹੈ। ਜੇਕਰ ਪੰਜਾਬੀ ਆਪਣੇ ਹੱਕਾਂ ਦੀ ਗੱਲ ਕਰਦਾ ਹੈ ਤਾਂ ਉਸੇ ਤਰ੍ਹਾਂ ਕੁਚਲੇ ਜਾਂਦੇ ਹਨ। ਉਹਨਾਂ ਨੂੰ ਸਮਾਜ ਸਾਹਮਣੇ ਖਲਨਾਇਕ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਜਿਵੇਂ ਕਿ ਹੁਣ ਵੀ ਹੋ ਰਿਹਾ ਹੈ।
ਪੰਜਾਬ 'ਚ ਕੁਰਬਾਨੀਆਂ ਦਾ ਦੌਰ ਕਦੇ ਨਹੀਂ ਮੁੱਕਣਾ: ਨੌਜਵਾਨ ਜਲ੍ਹਿਆਂਵਾਲਾ ਬਾਗ ਵਿੱਚ ਹੋਏ ਕਤਲੇਆਮ ਨੂੰ ਹੀ ਨਹੀਂ ਬਲਕਿ ਪੰਜਾਬ ਵਿੱਚ ਇਸਦੇ ਪਏ ਪ੍ਰਭਾਵਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਹਨ। ਕੁਲਦੀਪ ਸਿੰਘ ਜੋ ਕਿ ਨੌਜਵਾਨ ਵਿਦਿਆਰਥੀ ਹਨ। ਉਹਨਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚੋਂ ਜਲ੍ਹਿਆਂਵਾਲਾ ਬਾਗ ਕਦੇ ਨਹੀਂ ਮੁੱਕਣਾ ਅਤੇ ਸਮੇਂ-ਸਮੇਂ 'ਤੇ ਅਜਿਹੀਆਂ ਕੁਰਬਾਨੀਆਂ ਹੁੰਦੀਆਂ ਰਹੀਆਂ ਅਤੇ ਅੱਗੇ ਵੀ ਹੁੰਦੀਆਂ ਰਹਿਣਗੀਆਂ। ਪੰਜਾਬ ਦਾ ਖੂਨ ਹਮੇਸ਼ਾ ਖੌਲਦਾ ਰਹਿੰਦਾ ਹੈ। ਪੰਜਾਬੀਆਂ ਦੀ ਸੂਰਮਗਤੀ ਅਤੇ ਬਹਾਦਰੀ ਕਾਰਨ ਸਰਕਾਰਾਂ ਅਤੇ ਹਕੂਮਤਾਂ ਹਮੇਸ਼ਾ ਪੰਜਾਬੀਆਂ ਅਤੇ ਪੰਜਾਬ ਨਾਲ ਮੱਥਾ ਲਾਉਂਦੀਆਂ ਹਨ। ਕੁਲਦੀਪ ਸਿੰਘ ਨੇ ਆਖਿਆ ਕਿ 'ਨਾ ਪੰਜਾਬ 'ਚ ਸੂਰਮੇ ਖ਼ਤਮ ਹੋਣਗੇ ਅਤੇ ਨਾ ਹੀ ਸਰਕਾਰਾਂ ਦੇ ਤਸ਼ੱਦਦ', ਕਿਉਂਕਿ ਪੰਜਾਬੀਆਂ ਨੇ ਕਦੇ ਵੀ ਧੱਕਾ ਨਹੀਂ ਬਰਦਾਸ਼ਤ ਕੀਤਾ। ਪੰਜਾਬ ਇੱਕ ਅਜਿਹਾ ਸੂਬਾ ਹੈ ਜਿਥੇ ਹਰ ਰੋਜ਼ ਸਰਕਾਰਾਂ ਨਾਲ ਮੱਥਾ ਲਾਇਆ ਜਾਂਦਾ ਹੈ ਅਤੇ ਹਰ ਰੋਜ਼ ਅੰਦੋਲਨ ਹੁੰਦੇ ਹਨ।ਪੰਜਾਬ ਦੇ ਨੌਜਵਾਨਾਂ ਦੇ ਦਿਲਾਂ 'ਚ ਜਲਿਆਂਵਾਲਾ ਬਾਗ ਦਾ ਦਰਦ ਸਹਿਜੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: Barnala news : ਢੋਲ ਦੇ ਡਗੇ 'ਤੇ ਪੁਸਤਕ ਫੇਰੀ, ਇਕੋ ਮੰਚ 'ਤੇ ਬੱਚਿਆਂ ਤੋਂ ਲੈਂ ਬਜ਼ੁਰਗਾਂ ਨੇ ਪਾਈ ਕਿਤਾਬਾਂ ਨਾਲ ਦੋਸਤੀ