ਚੰਡੀਗੜ੍ਹ: ਸੰਗਰੂਰ 'ਚ ਸੁਖਦੇਵ ਅਤੇ ਪਰਮਿੰਦਰ ਢੀਂਡਸਾ ਦੇ ਖਿਲਾਫ ਕੀਤੀ ਗਈ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਟੇਜ ਤੋਂ ਅਕਾਲੀ ਦਲ ਨੂੰ ਕਈ ਨਸੀਹਤਾਂ ਦਿੱਤੀਆਂ ਗਈਆਂ। ਪ੍ਰਕਾਸ਼ ਸਿੰਘ ਬਾਦਲ ਨੇ ਰੈਲੀ ਦੌਰਾਨ ਕਿਹਾ ਕਿ ਹੁਣ ਤੰਦੂਰ ਭੱਖਿਆ ਹੋਇਆ ਹੈ ਜਿਸ ਨੇ ਰੋਟੀਆਂ ਉਤਾਰਨੀਆਂ ਉਤਾਰ ਲਓ, ਕਿਉਂਕਿ ਮਾਹੌਲ ਸਰਕਾਰ ਦੇ ਖਿਲਾਫ ਹੁਣ ਬਣਿਆ ਹੈ। ਇਸ ਮਸਲੇ 'ਤੇ ਜਗਮੀਤ ਬਰਾੜ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ ਤੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਮੂੰਹ 'ਚੋਂ ਨਿਕਲੇ ਹਰ ਸ਼ਬਦ ਦਾ ਵੱਡਾ ਰਾਜਨੀਤਕ ਮਹੱਤਵ ਹੁੰਦਾ ਹੈ।
ਜਗਮੀਤ ਬਰਾੜ ਨੇ ਗੱਲਬਾਤ ਦੌਰਾਨ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਭਾਰਤ ਦੇ ਸਭ ਤੋਂ ਸੁਲਝੇ ਹੋਏ ਸਿਆਸਤਦਾਨ ਹਨ ਤੇ ਉਨ੍ਹਾਂ ਦੇ ਮੂੰਹ 'ਚੋਂ ਨਿਕਲੇ ਹੋਏ ਸ਼ਬਦ ਕਾਫੀ ਅਹਿਮੀਅਤ ਰੱਖਦੇ ਹਨ। ਇਸ ਲਈ ਉਨ੍ਹਾਂ ਵੱਲੋਂ ਜੋ ਨਸੀਹਤ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਨੂੰ ਦਿੱਤੀ ਗਈ ਉਸ 'ਤੇ ਚੱਲਦਿਆਂ ਹੀ ਪਾਰਟੀ ਪ੍ਰਧਾਨ ਵੱਲੋਂ ਦਫ਼ਤਰ ਵਿੱਚ ਬੈਠਕ ਬੁਲਾਈ ਗਈ ਸੀ ਤੇ ਜ਼ਿਲ੍ਹਿਆਂ ਭਰ ਵਿੱਚ ਰੋਸ ਰੈਲੀਆਂ ਕਰਨ ਦਾ ਫ਼ੈਸਲਾ ਵੀ ਪ੍ਰਕਾਸ਼ ਸਿੰਘ ਬਾਦਲ ਦੇ ਕਹਿਣ 'ਤੇ ਲਿਆ ਗਿਆ ਹੈ।
ਕਾਂਗਰਸੀ ਤੋਂ ਅਕਾਲੀ ਬਣੇ ਜਗਮੀਤ ਬਰਾੜ ਨੇ ਪ੍ਰਕਾਸ਼ ਸਿੰਘ ਬਾਦਲ ਦੀ ਰੱਜ ਕੇ ਤਾਰੀਫ ਕੀਤੀ ਤੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਵੀ ਚੋਣਾਂ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈਂਦੇ ਹਨ। ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ, ਨਾ ਸੁਖਬੀਰ ਵੱਡਾ ਨਾ ਕੋਈ ਹੋਰ, ਸਭ ਤੋਂ ਵੱਡੀ ਪਾਰਟੀ ਹੁੰਦੀ ਹੈ, ਦਾ ਜਗਮੀਤ ਬਰਾੜ ਨੇ ਸਮਰਥਨ ਕੀਤਾ।