ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਇੱਛਾ ਅਨੁਸਾਰ ਸੂਬੇ ਵਿੱਚ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ਕਾਰਪੋਰੇਟ ਹਸਪਤਾਲਾਂ ਨੂੰ ਸਰਕਾਰ ਨਾਲ ਭਾਈਵਾਲੀ ਕਰਨ ਦਾ ਸੱਦਾ ਦਿੱਤਾ ਤਾਂ ਜੋ ਪੰਜਾਬ ਵਾਸੀ ਸਸਤੇ ਅਤੇ ਕਿਫਾਇਤੀ ਰੇਟਾਂ ’ਤੇ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਵਾਈਆਂ ਜਾ ਸਕਣ। ਇਸ ਭਾਈਵਾਲੀ ਨਾਲ ਆਮ ਲੋਕਾਂ ਨੂੰ ਕੋਈ ਵਾਧੂ ਖਰਚਾ ਨਹੀਂ ਚੁੱਕਣਾ ਪਏਗਾ ਕਿਉਂਕਿ ਸੇਵਾਵਾਂ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਸਿਹਤ ਸੰਭਾਲ ਪ੍ਰਦਾਤਾਵਾਂ ਜਾਂ ਕਾਰਪੋਰੇਟ ਹਸਪਤਾਲਾਂ ਦੇ ਮੋਹਰੀ ਡਾਕਟਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ । ”ਉਹਨਾਂ ਸਪੱਸ਼ਟ ਕੀਤਾ ਕਿ ਇਸ ਦਾ ਪ੍ਰਬੰਧਨ ਅਤੇ ਖਰਚਾ ਸਰਕਾਰ ਦੁਆਰਾ ਕੀਤਾ ਜਾਵੇਗਾ।
ਸਿਹਤ ਮੰਤਰੀ ਮੋਹਾਲੀ ਦੇ ਇੰਡੀਅਨ ਸਕੂਲ ਆਫ਼ ਬਿਜ਼ਨਸ ਵਿਖੇ ਭਾਰਤ ਦੇ ਸਾਰੇ ਸਿਹਤ ਸੰਭਾਲ ਭਾਈਵਾਲਾਂ ਦੀ ਇੱਕ ਸਿਖਰਲੀ ਸੰਸਥਾ ਨੈਟਹੈਲਥ ਦੁਆਰਾ ਆਯੋਜਿਤ ਇੱਕ ਇੰਟਰਐਕਟਿਵ ਸੈਸ਼ਨ ‘‘ ਨਾਰਦਰਨ ਰੀਜਨ ਰਾਊਂਡਟੇਬਲ ਆਨ ਹੈਲਥਕੇਅਰ ਪ੍ਰਾਇਰਟੀਜ਼ ਆਫ ਪੰਜਾਬ ਐਂਡ ਦ ਵੇਅ ਫਾਰਵਰਡ ’’ ਦੀ ਪ੍ਰਧਾਨਗੀ ਕਰ ਰਹੇ ਸਨ। ਕਾਰਪੋਰੇਟ ਅਫੇਅਰਜ਼ ਐਂਡ ਸੀਐਸਆਰ,ਫੋਰਟਿਸ ਹੈਲਥਕੇਅਰ ਲਿਮਟਡ ਦੇ ਹੈਡ ਮਨੂ ਕਪਿਲਾ, ਸਕੱਤਰ ਜਨਰਲ ਨੈਟਹੈਲਥ ਸਿਦਾਰਥ ਭੱਟਾਚਾਰੀਆ, ਫੋਰਟਿਸ ਹਸਪਤਾਲ ਦੇ ਸੀਓਓ ਅਸ਼ੀਸ਼ ਭਾਟੀਆ, ਨੈਟਹੈਲਥ ਉੱਤਰੀ ਖੇਤਰ ਦੇ ਚੇਅਰ ਅਸ਼ਵਜੀਤ ਸਿੰਘ, ਪ੍ਰੋ: ਸਾਰੰਗ ਦਿਓ ਅਤੇ ਨੈਸ਼ਨਲ ਲੀਡ ਨੈਟਹੈਲਥ ਵਰਿੰਦਾ ਚਤੁਰਵੇਦੀ ਵੀ ਇਸ ਮੌਕੇ ਬੁਲਾਰੇ ਵਜੋਂ ਮੌਜੂਦ ਸਨ। ਉਨ੍ਹਾਂ ਕਿਹਾ ਕਿ ਉਹ ਰੋਕਥਾਮ ਲਈ ਮੁੱਖ ਮੰਤਰੀ ਦੀ ਯੋਗਸ਼ਾਲਾ ਦੀ ਸਥਾਪਨਾ ਦੇ ਨਾਲ-ਨਾਲ ਸਿਹਤ ਸੰਭਾਲ ਦੇ ਤਿੰਨ ਵਿੰਗਾਂ- ਪ੍ਰਾਇਮਰੀ, ਸੈਕੰਡਰੀ ਅਤੇ ਟਰਸ਼ਰੀ ਪੱਧਰ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।
ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਸੂਬੇ ਵਿੱਚ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ ਅਤੇ ਡਿਸਪੈਂਸਰੀਆਂ ਨੂੰ ਵੀ ਅਪਗ੍ਰੇਡ ਕੀਤਾ ਹੈ, ਜੋ ਕਿ ਪ੍ਰਾਇਮਰੀ ਕੇਅਰ ਨੂੰ ਯਕੀਨੀ ਬਣਾਉਣ ਲਈ ਸਮਰੱਥ ਹਨ, ਜਦਕਿ ਸਬ-ਡਵੀਜ਼ਨ ਅਤੇ ਜ਼ਿਲ੍ਹਿਆਂ ਨੂੰ ਜਲਦੀ ਹੀ ਸੈਕੰਡਰੀ ਪੱਧਰ ਦੀ ਦੇਖਭਾਲ ਲਈ ਆਧੁਨਿਕ ਰੇਡੀਓਲੋਜੀ ਮਸ਼ੀਨਾਂ ਨਾਲ ਲੈਸ ਕੀਤਾ ਜਾਵੇਗਾ। ਲੋਕ ਇਹਨਾਂ ਹਸਪਤਾਲਾਂ ਵਿੱਚ ਐਕਸ-ਰੇ, ਅਲਟਰਾ-ਸਾਊਂਡ, ਐੱਮਆਰਆਈ, ਸੀਟੀ ਸਕੈਨ ਆਦਿ ਕਰਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਟਰਸ਼ਰੀ ਦਰਜੇ ਦੀ ਸਿਹਤ ਸੰਭਾਲ ਪ੍ਰਦਾਨ ਕਰਨ ਲਈ, ਅਸੀਂ ਰਾਜ ਦੇ ਸਾਰੇ ਮੈਡੀਕਲ ਕਾਲਜਾਂ ਨੂੰ ਨਵਾਂ ਰੂਪ ਦੇ ਰਹੇ ਹਾਂ। ਸਮਾਗਮ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਮ ਦੀ ਮਹਾਂਮਾਾਰੀ ਦਾ ਕੋਈ ਖ਼ਤਰਾ ਨਹੀ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਹਰੇਕ ਖਤਰੇ ਨਾਲ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਜ਼ਿਕਰਯੋਗ ਹੈ ਕਿ ਇਸ ਸ਼ਾਨਦਾਰ ਸੁਮੇਲ ਵਿੱਚ ਪੰਜਾਬ ਮੈਡੀਕਲ ਕੌਂਸਲ, ਆਈਐੱਮਏ, ਨਰਸਿੰਗ ਫੈਡਰੇਸ਼ਨਾਂ, ਪ੍ਰਾਈਵੇਟ ਪ੍ਰਦਾਤਾਵਾਂ, ਡਾਇਗਨੌਸਟਿਕਸ, ਮੈਡੀਕਲ ਟੈਕ, ਹੋਮ ਹੈਲਥਕੇਅਰ, ਅਤੇ ਫਾਰਮਾ ਕੰਪਨੀਆਂ ਦੇ ਮੋਹਰੀ ਸਨ। ਇਸ ਈਵੈਂਟ ਨੇ ਰਾਜ ਦੀਆਂ ਮੁੱਖ ਸਿਹਤ ਤਰਜੀਹਾਂ, ਮੁੱਖ ਰਾਜ-ਸਬੰਧਤ ਸਿਹਤ ਸੰਭਾਲ ਚੁਣੌਤੀਆਂ, ਜਨਤਕ-ਨਿੱਜੀ ਭਾਈਵਾਲੀ ਦੀ ਪੜਚੋਲ ਕਰਨ ਦੇ ਸੰਭਾਵੀ ਤਰੀਕਿਆਂ ਅਤੇ ਸਾਰੇ ਹਿੱਸੇਦਾਰਾਂ ਦੇ ਸਹਿਯੋਗੀ ਯਤਨ ਰਾਜ ਦੇ ਸਿਹਤ ਸੰਭਾਲ ਨਿਪਟਾਰੇ ਨੂੰ ਆਕਾਰ ਦੇਣ ਵਿੱਚ ਕਿਵੇਂ ਮਦਦ ਕਰ ਸਕਦੇ ਹਨ ਬਾਰੇ ਚਰਚਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕੀਤਾ। (ਪ੍ਰੈੱਸ ਨੋਟ)