ਚੰਡੀਗੜ੍ਹ: ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਲਗਾਤਾਰ ਵੱਖ ਵੱਖ ਥਾਵਾਂ ਉਤੇ ਛਾਪੇਮਾਰੀ ਕਰ ਰਹੀ ਹੈ। ਅੰਮ੍ਰਿਤਪਾਲ ਸਿੰਘ ਦੀ ਨਜ਼ਦੀਕੀਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਹੈ ਜਿਨ੍ਹਾਂ ਵਿੱਚ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਅਤੇ ਉਨ੍ਹਾਂ ਦੇ ਹਮੇਸ਼ਾ ਹੀ ਨਾਲ ਰਹਿਣ ਵਾਲੇ ਦਲਜੀਤ ਸਿੰਘ ਕਲਸੀ, ਬਸੰਤ ਸਿੰਘ, ਗੁਰਮੀਤ ਸਿੰਘ ਅਤੇ ਭਗਵੰਤ ਸਿੰਘ ਪ੍ਰਧਾਨਮੰਤਰੀ ਬਾਜੇਕੇ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਸੋਮਵਾਰ ਆਈਜੀ ਨੇ ਜਾਣਕਾਰੀ ਦਿੱਤੀ ਕਿ ਇਨ੍ਹਾਂ ਸਭ ਵਿਅਕਤੀਆਂ ਉਤੇ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਲਗਾ ਦਿੱਤਾ ਹੈ।
ਦੂਜੇ ਪਾਸੇ ਸੂਤਰਾਂ ਤੋਂ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਸਿੰਘ ਦੀ ਪਤਨੀ ਬਾਰੇ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅੰਮ੍ਰਿਤਪਾਲ ਸਿੰਘ ਨੇ ਪਿਛਲੇ ਦਿਨੀਂ 10 ਫਰਵਰੀ 2023 ਨੂੰ ਇੰਗਲੈਂਡ ਵਾਸੀ ਕਿਰਨਦੀਪ ਕੌਰ ਨਾਲ ਵਿਆਹ ਕਰਵਾਇਆ ਸੀ। ਦੋਵਾਂ ਦਾ ਸੰਪਰਕ ਕਿਵੇਂ ਹੋਇਆ ਦੋਵੇਂ ਇਕ ਦੂਜੇ ਨੂੰ ਕਦੋਂ ਤੋਂ ਜਾਣਦੇ ਸਨ ਗੁਪਤ ਤਰੀਕੇ ਨਾਲ ਹੋਏ ਵਿਆਹ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਗੁਪਤ ਤਰੀਕੇ ਨਾਲ ਹੋਇਆ ਸੀ ਵਿਆਹ: ਅੰਮ੍ਰਿਤਪਾਲ ਦਾ ਵਿਆਹ ਪਹਿਲਾ ਜਲੰਧਰ ਦੇ ਗੁਰਦੁਆਰਾ ਸਾਹਿਬ ਵਿੱਚ ਹੋਣਾ ਸੀ ਫਿਰ ਮੀਡੀਆ ਅਤੇ ਲੋਕਾਂ ਦੀ ਭੀੜ ਨੂੰ ਦੇਖਦੇ ਹੋਏ ਉਸ ਨੂੰ ਬਦਲ ਦਿੱਤਾ। ਉਨ੍ਹਾਂ ਬਾਬਾ ਬਕਾਲਾ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਲਾਵਾਂ ਲਈ। ਜਿਸ ਤੋਂ ਬਾਅਦ ਉਨ੍ਹਾਂ ਮੀਡੀਆ ਨਾਲ ਵੀ ਗੱਲ ਕੀਤੀ ਸੀ। ਮੀਡੀਆ ਨੂੰ ਵਿਆਹ ਸਮਾਗਮ ਦੇ ਅੰਦਰ ਜਾਣ ਦੀ ਇਜ਼ਾਜਤ ਨਹੀ ਦਿੱਤੀ ਗਈ ਸੀ। ਅੰਮ੍ਰਿਤਪਾਲ ਨੇ ਵੀ ਮੀਡੀਆ ਨੂੰ ਨਿੱਜੀ ਜਿੰਦਗੀ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਪਤਨੀ ਹੁਣ ਇੰਗਲੈਂਡ ਵਾਪਸ ਨਹੀਂ ਜਾਣਗੇ ਉਹ ਉਨ੍ਹਾਂ ਨਾਲ ਹੀ ਪੰਜਾਬ ਵਿੱਚ ਰਹਿਣਗੇ।
ਅੰਮ੍ਰਿਤਪਾਲ ਨੂੰ ਫੜਨ ਦੀਆਂ ਕੋਸ਼ਿਸਾਂ ਜਾਰੀ: ਅੰਮ੍ਰਿਤਪਾਲ ਦੀ ਆਖ਼ਰੀ ਲੋਕੇਸ਼ਨ ਸ਼ਾਹਕੋਟ ਇਲਾਕੇ ਦੀ ਆਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਉਸ ਦੀ ਪੈੜ ਨੱਪ ਰਿਹਾ ਹੈ ਮੋਬਾਇਲ ਨੈਟਵਰਕ ਖੰਗਾਲੇ ਜਾ ਰਹੇ ਹਨ। ਅੰਮ੍ਰਿਤਪਾਲ ਦੇ ਸਾਥੀਆਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਹਨ। ਆਈਜੀ ਨੇ ਕਿਹਾ ਹੈ ਕਿ ਅੰਮ੍ਰਿਤਪਾਲ ਦੇ ISI ਨਾਲ ਵੀ ਸਬੰਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅੰਮ੍ਰਿਤਪਾਲ ਗ੍ਰਿਫਤਾਰ ਹੋਵੇਗਾ ਤਾਂ ਉਸ ਉਤੇ ਵੀ NSA ਲਗਾਇਆ ਜਾਵੇਗਾ।
ਇਹ ਵੀ ਪੜ੍ਹੋ :- AMRIT VELE DA HUKAMNAMA: ੮ ਚੇਤ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ