ਚੰਡੀਗੜ੍ਹ: ਵਾਰ ਵਾਰ ਲੋਕਾਂ ਨੂੰ ਸਮਝਾਉਣ ਦੇ ਬਾਵਜੂਦ ਚਾਈਨਾ ਡੋਰ ਦੀ ਵਰਤੋਂ ਨਾ ਰੁਕਣ ਤੋਂ ਅੱਕੀ ਸਰਕਾਰ ਨੇ ਹੁਣ ਸਖ਼ਤ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਹੁਣ ਜੇਕਰ ਕੋਈ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਫੜ੍ਹਿਆ ਜਾਂਦਾ ਹੈ ਤਾਂ ਉਸ ਉੱਤੇ ਇਰਾਦਾ ਕਤਲ ਦਾ ਮਾਮਲਾ ਦਰਜ ਹੋਵੇਗਾ। ਇਹੀ ਨਹੀਂ ਧਾਰਾ 307 ਤਹਿਤ ਦਰਜ ਹੋਇਆ ਇਹ ਮਾਮਲਾ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਖੜ੍ਹੀਆਂ ਕਰ ਸਕਦਾ ਹੈ। ਦੂਜੇ ਪਾਸੇ ਸਰਕਾਰ ਨੇ ਇਸ ਲੜੀ ਤਹਿਤ ਹੋਰ ਵੀ ਕਈ ਫੈਸਲੇ ਕੀਤੇ ਹਨ।
ਡਰੋਨ ਰੱਖੇਗਾ ਪਤੰਗਬਾਜ਼ਾਂ ਉੱਤੇ ਨਜ਼ਰ: ਪੰਜਾਬ ਵਿੱਚ ਪਿਛਲੇ ਮਹੀਨੇ ਚਾਈਨਾ ਡੋਰ ਨਾਲ ਪਤੰਗ ਉਡਾਉਣ ਦੇ ਗੰਭੀਰ ਸਿੱਟੇ ਨਿਕਲੇ ਹਨ। ਸਰਕਾਰ ਇਕ ਪਾਸੇ ਇਨ੍ਹਾਂ ਪਤੰਗ ਉਡਾਉਣ ਵਾਲਿਆਂ ਉੱਤੇ ਧਾਰਾ 307 ਤਹਿਤ ਪਰਚਾ ਤਾਂ ਕਰੇਗੀ ਹੀ, ਇਸਦੇ ਨਾਲ ਹੀ ਡਰੋਨ ਵੀ ਇਨ੍ਹਾਂ ਪਤੰਗਬਾਜ਼ਾਂ ਉੱਤੇ ਨਜ਼ਰ ਰੱਖੇਗਾ। ਜੇਕਰ ਕੋਈ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਕਾਬੂ ਹੁੰਦਾ ਹੈ ਤਾਂ ਉਸਦੇ ਖਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਹੋਵੇਗਾ।
ਇਹ ਵੀ ਪੜ੍ਹੋ: Republic Day Preparations in Bathinda : ਮੁੱਖ ਮੰਤਰੀ ਦੀ ਬਠਿੰਡਾ ਫੇਰੀ ਲਈ ਪ੍ਰਸ਼ਾਸਨ ਸਰਗਰਮ, ਸ਼ਹਿਰ 'ਚ ਵਧਾਈ ਚੌਕਸੀ
ਪੁਲਿਸ ਵਰਤ ਰਹੀ ਸਖ਼ਤੀ: ਉੱਧਰ, ਸਮਰਾਲਾ ਸ਼ਹਿਰ ਵਿੱਚ ਡਰੋਨ ਰਾਹੀਂ ਚੈਕਿੰਗ ਕਰਦੇ ਹੋਏ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਵਿੱਚ ਪਤੰਗ ਉਡਾਉਣ ਵਾਲਿਆਂ ਉੱਤੇ ਡਰੋਨ ਰਾਹੀਂ ਨਜ਼ਰ ਰੱਖੀ ਜਾਵੇਗੀ ਜੇ ਕੋਈ ਵਿਅਕਤੀ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਖਿਲਾਫ ਇਰਾਦਾ ਕਤਲ 307 ਦਾ ਮਾਮਲਾ ਦਰਜ ਕੀਤਾ ਜਾਵੇਗਾ। ਜੇ ਕੋਈ ਬੱਚਾ ਚਾਈਨਾ ਡੋਰ ਨਾਲ ਪਤੰਗ ਉਡਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸਦੇ ਮਾਪਿਆਂ ਦੇ ਖਿਲਾਫ ਇਰਾਦਾ ਕਤਲ 307 ਦਾ ਮਾਮਲਾ ਦਰਜ ਹੋਵੇਗਾ। ਉਨ੍ਹਾਂ ਕਿਹਾ ਕਿ 26 ਜਨਵਰੀ ਬਸੰਤ ਪੰਚਮੀ ਤੱਕ ਹਰ ਰੋਜ਼ ਡਰੋਨ ਰਾਹੀਂ ਪੂਰੇ ਸ਼ਹਿਰ ਉੱਤੇ ਨਜ਼ਰ ਰੱਖੀ ਜਾਵੇਗੀ। ਡੀਐਸਪੀ ਨੇ ਇਹ ਵੀ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿਚ ਵੀ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਯਾਦ ਰਹੇ ਕਿ ਪਿਛਲੇ ਦਿਨੀਂ ਚਾਈਨਾ ਡੋਰ ਕਾਰਨ ਕਈ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀਆਂ ਘਟਨਾਵਾਂ ਦੇ ਬਾਵਜੂਦ ਇਸ ਡੋਰ ਦੀ ਵਰਤੋਂ ਨਹੀਂ ਰੁਕ ਰਹੀ ਸੀ। ਸਰਕਾਰ ਵਲੋਂ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਠੱਲ੍ਹ ਪਾਉਣ ਲਈ ਹੀ ਇਹ ਸਖਤ ਕਦਮ ਚੁੱਕਿਆ ਜਾ ਰਿਹਾ ਹੈ।