ਚੰਡੀਗੜ੍ਹ: ਪੰਜਾਬ ਦੀ ਸੱਤਾ ਧਿਰ ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਵਿਰੋਧੀ ਧਿਰਾਂ 'ਤੇ ਹਮਲਾਵਰ ਹੈ। ਬਿਜਲੀ ਦੀਆਂ ਦਰਾਂ ਵੱਧਣ ਤੋਂ ਬਾਅਦ ਪੰਜਾਬ ਵਿੱਚ ਜੋ ਸਿਆਸੀ ਕਰੰਟ ਆਇਆ ਸੀ ਉਸਦੀ ਵੋਲਟੇਜ ਘੱਟ ਕਰਨ ਲਈ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਮੋਰਚਾ ਸੰਭਾਲਿਆ। ਵੱਖ- ਵੱਖ ਮੁੱਦਿਆਂ 'ਤੇ ਪੰਜਾਬ ਸਰਕਾਰ ਨੂੰ ਘੇਰਨ ਵਾਲੀਆਂ ਵਿਰੋਧੀ ਧਿਰਾਂ ਨੂੰ ਹੁਣ ਕੰਗ ਨੇ ਖਰੀਆਂ ਖਰੀਆਂ ਸੁਣਾਈਆਂ ਹਨ।
'ਆਪ' ਦਾ ਪਾਜ਼ੀਟਿਵ ਏਜੰਡਾ: ਜਲੰਧਰ 'ਚ ਕਾਂਗਰਸ ਦੇ ਕਿਲ੍ਹੇ 'ਤੇ ਜਿੱਤ ਦੇ ਝੰਡੇ ਗੱਡਣ ਤੋਂ ਬਾਅਦ ਹੁਣ ਵਿਰੋਧੀਆਂ ਵੱਲੋਂ ਚੋਣ ਮੁਹਿੰਮ ਦੌਰਾਨ ਸਰਕਾਰ ਖ਼ਿਲਾਫ਼ ਟਿੱਪਣੀਆਂ ਦਾ ਪ੍ਰਚਾਰ 'ਆਪ' ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। ਜਿਸ ਨੂੰ ਅਧਾਰ ਬਣਾਉਂਦਿਆਂ ਮਾਲਵਿੰਦਰ ਮਾਲੀ ਨੇ ਆਖਿਆ ਕਿ ਸਰਕਾਰ ਆਪਣੇ ਇਕ ਸਾਲ ਦੀਆਂ ਪ੍ਰਾਪਤੀਆਂ ਅਤੇ ਪਾਜ਼ੀਟਿਵ ਏਜੰਡਾ ਲੈ ਕੇ ਜਲੰਧਰ ਵਾਸੀਆਂ ਕੋਲ ਗਈ ਸੀ, ਪਰ ਵਿਰੋਧੀਆਂ ਨੇ ਭੰਡਣ ਦੇ ਪ੍ਰਚਾਰ ਦੀ ਕੋਈ ਕਸਰ ਨਹੀਂ ਛੱਡੀ। ਮੁੱਖ ਮੰਤਰੀ ਤੋਂ ਲੈ ਕੇ ਆਮ ਆਦਮੀ ਪਾਰਟੀ ਦੀ ਤਮਾਮ ਲੀਡਰਸ਼ਿਪ ਨੂੰ ਨਿਜੀ ਕੁਮੈਂਟ ਅਤੇ ਗਾਲ੍ਹਾਂ ਕੱਢੀਆਂ ਗਈਆਂ। ਅੱਤ ਦਰਜੇ ਦੀ ਹਲਕੀ ਸ਼ਬਦਾਵਲੀ ਵਰਤ ਕੇ ਹਰ ਰੋਜ਼ ਘਟੀਆ ਦਰਜੇ ਦੀ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਸੀ, ਜਿਸ ਦਾ ਜਵਾਬ ਜਲੰਧਰ ਦੇ ਲੋਕਾਂ ਨੇ ਦਿੱਤਾ ਅਤੇ ਦੱਸ ਦਿੱਤਾ ਹੈ ਕਿ ਹੁਣ ਪੰਜਾਬ ਵਿਚ ਮੁੱਦਿਆਂ ਦੀ ਰਾਜਨੀਤੀ ਕੰਮ ਕਰੇਗੀ।
"ਜਲੰਧਰ ਚੋਣ ਸਾਡੇ ਲਈ ਚੁਣੌਤੀ ਸੀ": ਮਾਲਵਿੰਦਰ ਕੰਗ ਦਾ ਕਹਿਣਾ ਹੈ ਕਿ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ ਵਾਸਤੇ ਇਸ ਲਈ ਵੀ ਚੁਣੌਤੀ ਸੀ ਕਿਉਂਕ 2019 ਲੋਕ ਸਭਾ ਚੋਣਾਂ ਵੇਲੇ 'ਆਪ' ਉਮੀਦਵਾਰ ਨੂੰ ਸਿਰਫ਼ 25000 ਵੋਟਾਂ ਮਿਲੀਆਂ ਸਨ। ਇਸ ਵਾਰ ਇਹ ਅੰਕੜਾ 3 ਹਜ਼ਾਰ ਤੋਂ ਟੱਪ ਗਿਆ ਹੈ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਜਲੰਧਰ ਵਿਧਾਨ ਸਭਾ ਦੀਆਂ 5 ਸੀਟਾਂ ਜਿੱਤਣ ਵਾਲੀ ਕਾਂਗਰਸ ਇਸ ਵਾਰ 5 ਦੀਆਂ 5 ਸੀਟਾਂ ਹੀ ਹਾਰ ਗਈ। ਜਦ ਕਿ ਆਪ ਕੋਲ ਜਲੰਧਰ ਵਿੱਚ 4 ਹੀ ਵਿਧਾਨ ਸਭਾ ਸੀਟਾਂ ਹਨ। ਇਹਨਾਂ ਨੂੰ ਹੁਣ ਆਤਮ ਚਿੰਤਨ ਅਤੇ ਪਾਜ਼ੀਟਿਵ ਰਾਜਨੀਤੀ ਕਰਨ ਦੀ ਜ਼ਰੂਰਤ ਹੈ।
"ਅਸੀਂ ਪੰਜਾਬ ਅਤੇ ਦੇਸ਼ ਦੀ ਗੱਲ ਕਰਦੇ ਹਾਂ": ਕੰਗ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਅਤੇ ਦੇਸ਼ ਦੀ ਗੱਲ ਕਰਦੀ ਹੈ। ਸਾਰਿਆਂ ਲਈ ਬਿਜਲੀ ਦੇ ਬਿੱਲ ਮੁਆਫ਼ ਕੀਤੇ, ਬਿਨ੍ਹਾਂ ਸਿਫਾਰਿਸ਼ ਤੋਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ। ਜਦ ਕਿ ਵਿਰੋਧੀ ਧਿਰਾਂ ਵਿਚੋਂ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਪਾਰਟੀ ਕਹਿੰਦੀ ਹੈ, ਭਾਜਪਾ ਆਪਣੇ ਆਪ ਨੂੰ ਹਿੰਦੂਆਂ ਦੀ ਪਾਰਟੀ ਦੱਸਦੀ ਹੈ, ਬੀਐਸਪੀ ਨੂੰ ਦਲਿਤਾਂ ਦੀ ਪਾਰਟੀ ਦੱਸਿਆ ਜਾਂਦਾ ਹੈ। ਵਿਰੋਧੀ ਧਿਰਾਂ ਲੋਕਾਂ ਅਤੇ ਸਮਾਜ ਨੂੰ ਵੰਡਣ ਵਾਲਾ ਪੁਰਾਣਾ ਏਜੰਡਾ ਅੱਜ ਵੀ ਕਾਇਮ ਰੱਖਦੀਆਂ ਹਨ।