ਸੰਗਰੂਰ: ਪਿੰਡ ਰੱਤਾ ਖੇੜੀ ਦੇ ਸਿੱਖ ਨੌਜਵਾਨ ਵੱਲੋਂ ਚੰਡੀਗੜ੍ਹ ਐਨ.ਆਈ.ਏ. ਵੱਲੋਂ ਯੂ.ਏ.ਪੀ.ਏ. ਤਹਿਤ ਦਰਜ ਕੇਸ ਸਬੰਧੀ ਪੁੱਛਗਿੱਛ ਲਈ ਸੱਦੇ ਜਾਣ ਸਮੇਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ ਵਿਰੁੱਧ ਸਿੱਖ ਜਥੇਬੰਦੀਆਂ ਲਾਮਬੰਦ ਹੋਣਾਂ ਸ਼ੁਰੂ ਹੋ ਚੁੱਕੀਆਂ ਹਨ।
ਯੂ.ਏ.ਪੀ.ਏ ਕਾਨੂੰਨ ਤਹਿਤ ਕਈ ਸਿਆਸੀ ਪਾਰਟੀਆਂ ਨੇ ਵੀ ਕਾਂਗਰਸ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਤਹਿਤ ਮੋਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇਣ ਲਈ ਪੈਦਲ ਮਾਰਚ ਸ਼ੁਰੂ ਕੀਤਾ। ਮੁੱਖ ਮੰਤਰੀ ਦੇ ਓਐੱਸਡੀ ਜਗਦੀਪ ਸਿੰਘ ਵੱਲੋਂ ਮੰਗ ਪੱਤਰ ਲੈ ਕੇ ਵਿਸ਼ਵਾਸ ਦਵਾਇਆ ਗਿਆ ਕਿ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਜ਼ਰੂਰ ਦਿੱਤਾ ਜਾਵੇਗਾ।
ਇਸ ਮੌਕੇ ਲਵਪ੍ਰੀਤ ਦੇ ਪਿਤਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਵਪ੍ਰੀਤ ਇਹ ਕਹਿ ਕੇ ਘਰੋਂ ਗਿਆ ਸੀ ਕਿ ਉਹ ਦੋ ਘੰਟਿਆਂ ਦੇ ਵਿੱਚ ਮੁੜ ਆਵੇਗਾ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਏਜੰਸੀਆਂ ਦੇ ਅਧਿਕਾਰੀ ਵੱਡੀ ਸਾਜਿਸ਼ ਕਰਨਗੇ।
ਲਵਪ੍ਰੀਤ ਦੇ ਚਾਚੇ ਦੇ ਮੁਤਾਬਕ 13 ਤਰੀਕ ਨੂੰ ਲਵਪ੍ਰੀਤ ਸਿੰਘ ਨੇ ਚੰਡੀਗੜ੍ਹ ਐੱਨਆਈਏ ਦੇ ਦਫ਼ਤਰ ਪਹੁੰਚ ਕੇ ਫੋਨ ਕੀਤਾ ਪਰ ਇਸ ਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਜੋ ਹੁਣ ਤੱਕ ਸਟਾਰਟ ਨਹੀਂ ਹੋਇਆ ਤੇ 15 ਤਾਰੀਕ ਨੂੰ ਉਨ੍ਹਾਂ ਨੂੰ ਲਵਪ੍ਰੀਤ ਵੱਲੋਂ ਖ਼ੁਦਕੁਸ਼ੀ ਕਰਨ ਬਾਰੇ ਪਤਾ ਲੱਗਿਆ। ਇਸ ਦੇ ਨਾਲ ਲਵਪ੍ਰੀਤ ਦੇ ਚਾਚੇ ਨੇ ਚਿਤਾਵਨੀ ਦਿੰਦਿਆਂ ਸਰਕਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਵੱਡੇ ਪੱਧਰ 'ਤੇ ਰੋਸ ਮੁਜ਼ਾਹਰੇ ਕਰਨਗੇ।
ਇਹ ਵੀ ਪੜੋ: ਬੈਂਸ ਦੇ ਹਲਕੇ ਦਾ ਤਾਂ ਰੱਬ ਹੀ ਰਾਖਾ, ਸੜਕਾਂ ਦੀ ਹਾਲਤ ਖਸਤਾ