ਚੰਡੀਗੜ੍ਹ: ਕੜਾਕੇ ਦੀ ਠੰਡ ਅਤੇ ਧੁੰਦ ਵਿੱਚ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀਆਂ ਛੁੱਟੀਆਂ ਵਿੱਚ ਇੱਕ ਵਾਰ ਫਿਰ ਵਾਧਾ ਕਰ ਦਿੱਤਾ ਹੈ। ਹੁਕਮਾਂ ਅਨੁਸਾਰ 21 ਜਨਵਰੀ ਤਕ ਸਰਦੀਆਂ ਦੀਆਂ ਛੁੱਟੀਆਂ ਰਹਿਣਗੀਆਂ ਤੇ 22 ਜਨਵਰੀ ਨੂੰ ਐਤਵਾਰ ਹੋਣ ਕਾਰਨ ਛੁੱਟੀ ਰਹੇਗੀ, ਹੁਣ 23 ਜਨਵਰੀ ਨੂੰ ਹੀ ਸਕੂਲ ਖੁੱਲ੍ਹਣਗੇ।
ਇਹ ਵੀ ਪੜੋ: ਸ਼ਨੀਵਾਰ ਤੇ ਐਤਵਾਰ ਨੂੰ ਵੀ ਕੰਮ ਕਰਨਗੇ PCS ਅਧਿਕਾਰੀ, ਹੜਤਾਲ ਕਾਰਨ ਲੋਕ ਹੋਏ ਸਨ ਪਰੇਸ਼ਾਨ
ਪਹਿਲਾਂ ਵੀ ਕੀਤਾ ਗਿਆ ਸੀ ਵਾਧਾ: ਦੱਸ ਦਈਏ ਕਿ ਪਹਿਲਾਂ 26 ਦਸੰਬਰ ਤੋਂ 7 ਜਨਵਰੀ ਤੱਕ ਸਰਕਾਰੀ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਸਨ, ਇਸ ਤੋਂ ਮਗਰੋਂ ਠੰਡ ਦੇਖਦੇ ਹੋਏ ਇਹਨਾਂ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਸੀ ਤੇ 14 ਜਨਵਰੀ ਤਕ ਵਧਾ ਦਿੱਤੀਆਂ ਸਨ, ਪਰ ਹੁਣ ਇੱਕ ਵਾਰ ਫਿਰ ਇਹਨਾਂ ਛੁੱਟੀਆਂ ਵਿੱਚ ਵਾਧਾ ਕੀਤਾ ਗਿਆ ਹੈ।
ਹਰਿਆਣਾ ਦੇ ਸਕੂਲਾਂ ਵਿੱਚ ਵੀ ਛੁੱਟੀਆਂ ਵਿੱਚ ਵਾਧਾ: ਹਰਿਆਣਾ ਸਰਕਾਰ ਨੇ ਸਖ਼ਤ ਸਰਦੀ ਕਾਰਨ ਰਾਜ ਦੇ ਸਾਰੇ ਸਕੂਲਾਂ (ਸਰਕਾਰੀ ਅਤੇ ਨਿੱਜੀ) ਵਿੱਚ ਸਰਦੀਆਂ ਦੀਆਂ ਛੁੱਟੀਆਂ 21 ਜਨਵਰੀ, 2023 ਤੱਕ ਵਧਾ ਦਿੱਤੀਆਂ ਹਨ। ਇਸ ਦੌਰਾਨ ਸਾਰੇ ਸਕੂਲ ਬੰਦ ਰਹਿਣਗੇ। ਸਕੂਲ 23 ਜਨਵਰੀ 2023 ਤੋਂ ਮੁੜ ਖੋਲ੍ਹੇ ਜਾਣਗੇ। ਇਸ ਦੇ ਨਾਲ ਹੀ ਇਸ ਦੌਰਾਨ 10ਵੀਂ ਅਤੇ 12ਵੀਂ ਦੀਆਂ ਕਲਾਸਾਂ ਵੀ ਜਾਰੀ ਰਹਿਣਗੀਆਂ। ਦੱਸ ਦੇਈਏ ਕਿ ਸਰਕਾਰ ਨੇ 10ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦਾ ਫੈਸਲਾ ਕੀਤਾ ਹੈ। ਹਰਿਆਣਾ ਸਿੱਖਿਆ ਡਾਇਰੈਕਟੋਰੇਟ ਦੇ ਹੁਕਮਾਂ ਅਨੁਸਾਰ 10ਵੀਂ ਤੋਂ 12ਵੀਂ ਤੱਕ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਸਰਦੀਆਂ ਦੀਆਂ ਛੁੱਟੀਆਂ ਦੌਰਾਨ ਵੀ ਪੜ੍ਹਨਾ ਹੋਵੇਗਾ। ਇਸ ਸਬੰਧੀ ਸਿੱਖਿਆ ਵਿਭਾਗ ਨੇ ਆਪਣੇ ਹੁਕਮ ਜਾਰੀ ਕਰ ਦਿੱਤੇ ਹਨ। ਇਨ੍ਹਾਂ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੋਵੇਗੀ। ਇਸ ਦੇ ਨਾਲ ਹੀ ਹੋਮਵਰਕ ਦੀ ਵੀ ਜਾਂਚ ਕੀਤੀ ਜਾਵੇਗੀ।
ਪੰਜਾਬ ਸਰਕਾਰ ਨੇ ਅਜੇ ਕੋਈ ਹੁਕਮ ਨਹੀਂ ਕੀਤਾ ਜਾਰੀ: ਦੱਸ ਦਈਏ ਕਿ ਪੰਜਾਬ ਵਿੱਚ ਫਿਲਹਾਲ 16 ਜਨਵਰੀ ਨੂੰ ਸਕੂਲ ਖੁੱਲ੍ਹਣਗੇ। ਪੰਜਾਬ ਸਰਕਾਰ ਨੇ ਅਜੇ ਤਕ ਛੁੱਟੀਆਂ ਦੇ ਵਾਧੇ ਸਬੰਧੀ ਕੋਈ ਵੀ ਹੁਕਮ ਜਾਰੀ ਨਹੀਂ ਕੀਤਾ ਹੈ।
ਇਹ ਵੀ ਪੜੋ: Daily Love Rashifal ਜਾਣੋ ਕਿਹੜੀ ਰਾਸ਼ੀ ਵਾਲੇ ਰਹਿਣਗੇ ਉਦਾਸ ਤੇ ਖੁਸ਼, ਪੜ੍ਹੋ ਅੱਜ ਦਾ ਲਵ ਰਾਸ਼ੀਫਲ