ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੈਂਪਸ ਵਿੱਚ ਹੋਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਪੀਯੂ ਦਾ ਵਿਦਿਆਰਥੀ ਕੇਂਦਰ ਪੂਰੀ ਤਰ੍ਹਾਂ ਹੋਲੀ ਦੇ ਰੰਗਾਂ ਵਿੱਚ ਰੰਗਿਆ ਗਿਆ। ਸਵੇਰੇ 10.30 ਵਜੇ ਤੋਂ ਸ਼ੁਰੂ ਹੋਏ ਇਸ ਹੋਲੀ ਪ੍ਰੋਗਰਾਮ ਵਿੱਚ ਕਰੀਬ 2200 ਵਿਦਿਆਰਥੀ ਹਾਜ਼ਰ ਸਨ। ਸਾਰਿਆਂ ਨੇ ਇਕ-ਦੂਜੇ 'ਤੇ ਰੰਗ ਪਾਇਆ ਅਤੇ ਖੂਬ ਮਸਤੀ ਕੀਤੀ। ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪੀਯੂ ਵਿੱਚ ਕਰੋਨਾ ਪੀਰੀਅਡ ਤੋਂ ਬਾਅਦ ਪਹਿਲੀ ਵਾਰ ਵਿਦਿਆਰਥੀਆਂ ਨੇ ਖੂਬ ਮਸਤੀ ਕੀਤੀ ਅਤੇ ਡੀਜੇ 'ਤੇ ਡਾਂਸ ਕੀਤਾ। ਖਾਲ ਗੱਲ ਇਹ ਸੀ ਕਿ ਇਸ ਵਾਰ ਪੀਯੂ 'ਚ ਡੀਜੇ ਵਜਾਉਣ ਦੀ ਇਜਾਜ਼ਤ ਦਿੱਤੀ ਗਈ, ਜਿਸ ਕਾਰਨ ਚਿਹਰਿਆਂ 'ਤੇ ਖੁਸ਼ੀ ਸਾਫ ਝਲਕ ਰਹੀ ਸੀ।
ਸੁਰੱਖਿਆ ਲਈ ਪੁਲਿਸ ਦੀ ਮਦਦ ਲਈ ਗਈ: ਯੂਨੀਵਰਸਿਟੀ ਦੇ ਸੁਰੱਖਿਆ ਕਰਮੀਆਂ ਤੋਂ ਇਲਾਵਾ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰਨ ਲਈ ਪੁਲਿਸ ਦੀ ਵੀ ਮਦਦ ਲਈ ਗਈ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੇ ਦੱਸਿਆ ਕਿ ਕੋਰੋਨਾ ਤੋਂ ਬਾਅਦ ਪਹਿਲੀ ਵਾਰ ਸਾਰਿਆਂ ਨੇ ਮਿਲ ਕੇ ਤਿਉਹਾਰ ਮਨਾਇਆ। ਇਸ ਨਾਲ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਵਿਦਿਆਰਥੀ ਹੋਲੀ ਦੌਰਾਨ ਕਾਫ਼ੀ ਮਸਤੀ ਕਰਦੇ ਨਜ਼ਰ ਆਏ। ਉਹ ਇਸ ਲਈ ਉਤਸ਼ਾਹਿਤ ਸਨ ਕਿ ਲਾਕਡਾਊਨ ਤੋਂ ਬਾਅਦ ਉਹਨਾਂ ਨੂੰ ਜੰਮ ਕੇ ਹੋਲੀ ਮਨਾਉਣ ਦਾ ਮੌਕਾ ਮਿਲਿਆ ਹੈ। ਸਾਰੇ ਵਿਭਾਗਾਂ ਦੇ ਵਿਦਿਆਰਥੀ ਯੂਨੀਵਰਸਿਟੀ ਕੈਂਪਸ ਵਿਚ ਆ ਕੇ ਹੋਲੀ ਖੇਡ ਰਹੇ ਸਨ ਕਈ ਮਿੱਠੀਆਂ ਮਿੱਠੀਆਂ ਸ਼ਰਾਰਤਾਂ ਕਰ ਰਹੇ ਸਨ।
ਕਈ ਪਹਿਲੀ ਵਾਰ ਹੋਲੀ ਮਨਾਉਣ ਆਏ: ਕਈ ਵਿਦਿਆਰਥੀਆਂ ਨੇ ਇਸੇ ਸਾਲ ਹੀ ਦਾਖ਼ਲਾ ਲਿਆ ਅਤੇ ਉਹਨਾਂ ਨੂੰ ਪਹਿਲੀ ਵਾਰ ਪੀਯੂ ਵਿਚ ਹੋਲੀ ਮਨਾਉਣ ਦਾ ਮੌਕਾ ਮਿਲਿਆ। ਉਹਨਾਂ ਦੱਸਿਆ ਕਿ ਸਾਰੇ ਦੋਸਤ ਮਿਲਕੇ ਹੋਲੀ ਮਨਾ ਰਹੇ ਹਨ। ਪੀਯੂ ਵਿਚ ਸਾਰੇ ਸੂਬਿਆਂ ਦੇ ਵਿਦਿਆਰਥੀ ਇਕੱਠੇ ਹੋਏ ਅਤੇ ਭਾਈਚਾਰਕ ਸਾਂਝ ਵੇਖਣ ਨੂੰ ਮਿਲੀ। ਵੈਸੇ ਤਾਂ ਪੰਜਾਬ ਯੂਨੀਵਰਸਿਟੀ ਵਿਚ ਹਰ ਸਾਲ ਧੂਮ ਧਾਮ ਨਾਲ ਵਿਦਿਆਰਥੀਆਂ ਵੱਲੋਂ ਇਸੇ ਤਰ੍ਹਾਂ ਹੋਲੀ ਮਨਾਈ ਜਾਂਦੀ ਹੈ। ਪਰ ਕੋਰੋਨਾ ਅਤੇ ਲਾਕਡਾਊਨ ਦੌਰਾਨ 3 ਸਾਲ ਬਾਅਦ ਹੋਲੀ ਪੀਯੂ ਮਨਾਈ ਗਈ। ਜਿਸ ਦੌਰਾਨ ਵਿਦਿਆਰਥੀਆਂ ਨੇ ਇਕ ਦੂਜੇ ਨਾਲ ਖੂਬ ਸ਼ਰਾਰਤਾਂ ਕੀਤੀਆਂ। ਹੋਲੀ ਮੌਕੇ ਹੁਲੜਬਾਜ਼ੀ ਦੀਆਂ ਘਟਨਾਵਾਂ ਆਮ ਹੀ ਵੇਖਣ ਨੂੰ ਮਿਲਦੀਆਂ ਹਨ। ਪੀਯੂ ਵਿਚ ਵੀ ਹੁਲੜਬਾਜ਼ੀ ਦੇ ਕੁਝ ਦ੍ਰਿਸ਼ ਵੇਖਣ ਨੂੰ ਮਿਲੇ ਜਿਥੇ ਲੜਕਿਆਂ ਨੇ ਇਕ ਦੂਜੇ ਉੱਤੇ ਧੱਕੇ ਨਾਲ ਰੰਗ ਲਗਾਏ। ਰਾਹ ਜਾਂਦਿਆਂ ਨੂੰ ਘੇਰ ਕੇ ਧੱਕੇ ਨਾਲ ਰੰਗ ਲਗਾਏ ਗਏ ਅਤੇ ਜ਼ਬਰਦਸਤੀ ਰੰਗ ਸੁੱਟੇ ਗਏ। ਹਾਲਾਂਕਿ ਸੁਰੱਖਿਆ ਲਈ ਚੰਡੀਗੜ੍ਹ ਪੁਲਿਸ ਵੱਲੋਂ ਵੀ ਪ੍ਰਬੰਧ ਕੀਤੇ ਗਏ ਸਨ।
ਇਹ ਵੀ ਪੜ੍ਹੋ:- Women Day 2023: ਪਰਿਵਾਰ ਦਾ ਹੀ ਨਹੀਂ ਆਪਣਾ ਵੀ ਖਿਆਲ ਰੱਖਣ ਔਰਤਾਂ, ਖੁਦ ਨੂੰ ਨਾ ਕਰਨ ਨਜ਼ਰਅੰਦਾਜ਼