ਚੰਡੀਗੜ੍ਹ: ਮਾਨਸਾ ਦੇ ਰਹਿਣ ਵਾਲੇ ਪਵਨ ਕੁਮਾਰ ਨਾਂਅ ਦੇ ਵਿਅਕਤੀ ਦੀ ਪੁਲਿਸ ਹਿਰਾਸਤ ਵਿੱਚ ਬ੍ਰੇਨ ਹੈਮਰੇਜ਼ ਅਤੇ ਅਧਰੰਗ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਕਾਂਤਾ ਰਾਣੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਵਕੀਲ ਐਚ.ਸੀ. ਅਰੋੜਾ ਰਾਹੀਂ ਕ੍ਰਿਮੀਨਲ ਪਟੀਸ਼ਨ ਦਾਖ਼ਲ ਕਰ ਇਨਸਾਫ਼ ਦੀ ਅਪੀਲ ਕੀਤੀ ਹੈ।
ਵਕੀਲ ਐਚ.ਸੀ. ਅਰੋੜਾ ਨੇ ਪੂਰੇ ਮਾਮਲੇ 'ਤੇ ਵਿਸਥਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਨਿਚਰਵਾਰ ਨੂੰ ਪਟੀਸ਼ਨ ਵਿੱਚ ਜੱਜ ਜੇ.ਐੱਸ.ਪੁਰੀ ਨੇ ਪੂਰੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਨਸਾ ਦੇ ਐਸਐਸਪੀ ਨੂੰ ਆਦੇਸ਼ ਜਾਰੀ ਕੀਤਾ ਹੈ ਕਿ ਉਹ ਖ਼ੁਦ ਮਾਮਲੇ ਦੀ ਜਾਂਚ ਕਰਨ ਅਤੇ ਦੋ ਹਫ਼ਤਿਆਂ ਦੇ ਅੰਦਰ ਕੋਰਟ ਵਿੱਚ ਸਟੇਟਸ ਰਿਪੋਰਟ ਦਾਖ਼ਲ ਕੀਤੀ ਜਾਵੇ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ 18 ਜੂਨ 2020 ਨੂੰ ਪੰਜਾਬ ਪੁਲਿਸ ਦੇ ਇੰਸਪੈਕਟਰ ਮਨਜੀਤ ਸਿੰਘ, ਏਐਸਆਈ ਸੁਨੀਲ ਕੁਮਾਰ, ਐਕਸਾਈਜ਼ ਇੰਸਪੈਕਟਰ ਰਵਿੰਦਰ ਕੁਮਾਰ ਅਤੇ ਮਹੇਸ਼ ਕੁਮਾਰ ਨੇ ਪਵਨ ਕੁਮਾਰ ਨੂੰ ਇੱਕ ਸ਼ਰਾਬ ਵਪਾਰੀ ਦੇ ਇਸ਼ਾਰੇ 'ਤੇ ਘਰੋਂ ਹਿਰਾਸਤ ਵਿੱਚ ਲੈ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ, ਜਿਸ ਕਾਰਨ ਪਵਨ ਦੀ ਹਾਲਤ ਵਿਗੜ ਗਈ ਅਤੇ ਬ੍ਰੇਨ ਹੈਮਰੇਜ ਹੋਣ ਕਰ ਕੇ ਅਧਰੰਗ ਹੋ ਗਿਆ।
ਪਤਨੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਕੋਲ ਦੋ ਮੱਝਾਂ ਹਨ ਅਤੇ ਪਵਨ ਕੁਮਾਰ ਦੁੱਧ ਵੇਚ ਕੇ ਘਰ ਦਾ ਗੁਜ਼ਾਰਾ ਕਰਦਾ ਸੀ ਅਤੇ ਹੁਣ ਉਹ ਬੈਡ 'ਤੇ ਹੈ, ਜਿਸ ਕਾਰਨ ਹੁਣ ਆਮਦਨ ਦਾ ਕੋਈ ਸਾਧਨ ਨਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ।
ਕਾਂਤਾ ਰਾਣੀ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਇਸ ਘਟਨਾ ਦੀ ਜਾਣਕਾਰੀ ਉਸ ਨੇ ਸਬੰਧਿਤ ਥਾਣੇ ਦੇ ਐਸਐਸਪੀ ਨੂੰ ਦਿੱਤੀ ਸੀ ਪਰ ਆਰੋਪੀਆਂ ਉੱਤੇ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਹੁਣ ਉਸ ਨੂੰ ਹਾਈ ਕੋਰਟ ਦਾ ਰੁਖ ਕਰਨਾ ਪਿਆ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 18 ਸਤੰਬਰ 2020 ਨੂੰ ਹੋਵੇਗੀ।