ਚੰਡੀਗੜ੍ਹ: ਵੈੱਬ ਸੀਰੀਜ਼ ਪਾਤਾਲ ਲੋਕ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਸੀਰੀਜ਼ ਨੂੰ ਲੈ ਕੇ ਵਕੀਲ ਗੁਰਪਿੰਦਰ ਸਿੱਘ ਢਿੱਲੋਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖ਼ਲ ਕੀਤੀ, ਜਿਸ ਦੀ ਸੋਮਵਾਰ ਨੂੰ ਹਾਈ ਕੋਰਟ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਸੁਣਵਾਈ ਹੋਈ। ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਜਿੰਨ੍ਹੇ ਵੀ ਓਵਰ ਦਾ ਟਾਪ ਪਲੇਟਫਾਰਮ ਹਨ, ਉਨ੍ਹਾਂ ਉੱਤੇ ਚੱਲ ਰਹੀਆਂ ਵੈੱਬ ਸੀਰੀਜ਼ਾਂ ਨੂੰ ਰੈਗੂਲੇਟ ਕੀਤਾ ਜਾਵੇ। ਇਸ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਗੁਰਪਿੰਦਰ ਸਿੰਘ ਢਿੱਲੋਂ ਨੇ ਇਹ ਪਟੀਸ਼ਨ ਦਾਖ਼ਲ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਵੈੱਬ ਸੀਰੀਜ਼ ਦੇ ਤੀਸਰੇ ਐਪੀਸੋਡ ਵਿੱਚ ਸਿੱਖ ਕੌਮ ਪ੍ਰਤੀ ਗਲਤ ਕੰਟੈਂਟ ਦਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੰਟੈਂਟ ਦੋ ਕੌਮਾਂ ਵਿੱਚ ਨਫ਼ਰਤ ਪੈਦਾ ਕਰ ਰਿਹਾ ਹੈ ਤੇ ਸਿੱਖਾਂ ਦੀ ਪਹਿਚਾਣ ਨੂੰ ਵੀ ਖਰਾਬ ਕੀਤਾ ਜਾ ਰਿਹਾ ਹੈ। ਇਸ ਨੂੰ ਲੈ ਕੇ ਉਨ੍ਹਾਂ ਨੇ ਪੰਜਾਬ ਦੇ ਡੀਜੀਪੀ ਨਾਲ ਵੀ ਮੁਲਾਕਾਤ ਕੀਤੀ ਸੀ ਪਰ ਉਹਦੇ ਉੱਤੇ ਕਾਰਵਾਈ ਨਾ ਹੁੰਦੇ ਦੇਖ ਹੁਣ ਹਾਈਕੋਰਟ ਦਾ ਰੁਖ ਕੀਤਾ ਗਿਆ ਹੈ।
ਇਹ ਵੀ ਪੜੋ:ਆਰਥਿਕ ਤੌਰ 'ਤੇ ਟੁੱਟੇ ਕੱਪੜਾ ਵਪਾਰੀ
ਇਸ ਮਾਮਲੇ ਦੇ ਵਿੱਚ ਪਟੀਸ਼ਨ ਕਰਤਾ ਦੇ ਵਕੀਲ ਚੰਚਲ ਸਿੰਗਲਾ ਨੇ ਦੱਸਿਆ ਕਿ ਵੈੱਬ ਸੀਰੀਜ਼ਾਂ ਸੈਂਸਰ ਬੋਰਡ ਦੇ ਅਧੀਨ ਨਹੀਂ ਹਨ। ਉਨ੍ਹਾਂ ਕਿਹਾ ਕਿ ਇਸ ਕਰਕੇ ਉਨ੍ਹਾ ਨੇ ਕੋਰਟ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਵੈੱਬ ਸੀਰੀਜ਼ ਦੇ ਕੰਟੈਂਟ ਨੂੰ ਰੈਗੂਲੇਟ ਕੀਤਾ ਜਵੇ।