ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਵਿਕਾਸ ਦੇ ਨਾਂਅ 'ਤੇ ਹੋਰ ਕਰਜ਼ੇ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਬੋਰਡ ਦੀ ਕਮਾਈ ਨੂੰ ਗਹਿਣੇ ਧਰਨ ਵਾਲੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗਲੀਆਂ-ਨਾਲੀਆਂ ਬਣਾਉਣ ਜਾਂ ਪਹਿਲਾ ਚੁੱਕੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਲਈ ਹੋਰ ਕਰਜ਼ੇ ਚੁੱਕਣ ਨੂੰ ਵਿਕਾਸ ਨਹੀਂ ਵਿਨਾਸ਼ ਮੰਨਦੀ ਹੈ ਅਤੇ ਅਜਿਹੇ ਵਿਨਾਸ਼ ਮੁਖੀ ਕਰਜ਼ ਦਾ ਹਰ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ।
ਹਰਪਾਲ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੰਜਾਬ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਸਭ ਤੋਂ ਪਹਿਲਾਂ ਬਾਦਲਾਂ ਵੱਲੋਂ ਪੈਦਾ ਕੀਤੇ ਗਏ ਬਹੁਭਾਂਤੀ ਮਾਫ਼ੀਆ ਨੂੰ ਕੁਚਲਦੀ, ਜਿਸ ਨੇ 2007 ਤੋਂ 2017 ਤੱਕ ਸੂਬੇ ਦੇ ਸਾਰੇ ਵਿੱਤੀ ਸਰੋਤਾਂ ਨੂੰ ਅੰਨ੍ਹੇਵਾਹ ਲੁੱਟਿਆ ਸੀ, ਪਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ ਕੇਵਲ ਬਾਦਲਾਂ ਦੇ ਮਾਫ਼ੀਆ ਰਾਜ ਦੀ ਕਮਾਨ ਸੰਭਾਲੀ, ਸਗੋਂ ਮਾਫ਼ੀਆ ਦੀ ਲੁੱਟ ਦਾ ਘੇਰਾ ਹੋਰ ਮੋਕਲਾ ਕੀਤਾ। ਲੌਕਡਾਊਨ ਦੌਰਾਨ ਸਾਹਮਣੇ ਆਇਆਂ ਸ਼ਰਾਬ ਦੀਆਂ ਫ਼ਰਜ਼ੀ ਫ਼ੈਕਟਰੀਆਂ ਅਤੇ ਧੜੱਲੇ ਨਾਲ ਹੁੰਦੀ ਨਜਾਇਜ਼ ਵਿੱਕਰੀ (ਤਸਕਰੀ) ਇਸ ਦੀ ਤਾਜ਼ਾ ਅਤੇ ਪ੍ਰਤੱਖ ਮਿਸਾਲ ਹੈ।
ਚੀਮਾ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਪੰਜਾਬ ਨੂੰ ਮਾਫ਼ੀਆ ਤੋਂ ਮੁਕਤ ਕਰਕੇ ਸਰਕਾਰੀ ਵਸੀਲਿਆਂ ਦੀ ਕੁੱਲ ਆਮਦਨੀ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਸਰਕਾਰੀ ਖ਼ਜ਼ਾਨੇ 'ਚ ਜਾਣ ਦਿੱਤਾ ਜਾਵੇ ਤਾਂ ਪੰਜਾਬ ਨੂੰ ਵਿਕਾਸ ਕਾਰਜਾਂ ਲਈ ਹੋਰ ਕਰਜ਼ੇ ਚੁੱਕਣ ਦੀ ਕਦੇ ਵੀ ਲੋੜ ਨਾ ਪਵੇ। ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ 2022 'ਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤਾਂ ਬਾਦਲਾਂ ਅਤੇ ਕੈਪਟਨ ਵੱਲੋਂ ਪਾਲੇ ਗਏ ਬਹੁਭਾਂਤੀ ਮਾਫ਼ੀਆ ਨੂੰ ਪਹਿਲ ਦੇ ਆਧਾਰ 'ਤੇ ਕੁਚਲ ਦਿੱਤਾ ਜਾਵੇਗਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੁਣ ਹਾਲਾਤ ਇਹ ਹੋ ਚੁੱਕੇ ਹਨ ਕਿ ਪੰਜਾਬ ਸਰਕਾਰ ਕੋਲ ਗਹਿਣੇ ਧਰ ਕੇ ਹੋਰ ਕਰਜ਼ਾ ਚੁੱਕਣ ਲਈ ਪ੍ਰਮੁੱਖ ਸਰਕਾਰੀ ਸੰਪਤੀਆਂ ਅਤੇ ਬਿਲਡਿੰਗਾਂ ਵੀ ਮੁੱਕ ਗਈਆਂ ਹਨ ਅਤੇ ਸਰਕਾਰ ਬਾਦਲਾਂ ਦੀ ਤਰਜ਼ 'ਤੇ ਪੇਂਡੂ ਵਿਕਾਸ ਬੋਰਡ ਦੀ ਸਾਲਾਨਾ 1800 ਤੋਂ 2000 ਕਰੋੜ ਰੁਪਏ ਦੀ ਆਮਦਨੀ ਦੀ ਗਰੰਟੀ ਦੇ ਕੇ 2995 ਕਰੋੜ ਰੁਪਏ ਦਾ ਹੋਰ ਕਰਜ਼ ਚੁੱਕਣ ਜਾ ਰਹੀ ਹੈ, ਤਾਂ ਕਿ ਚੋਣਾਂ ਤੋਂ ਪਹਿਲਾਂ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਲੋਕਾਂ ਵੱਲੋਂ ਹਰਾਏ ਨਕਾਰਾ ਹਲਕਾ ਇੰਚਾਰਜਾਂ ਦੀ ਲੁੱਟ ਲਈ ਵਿਕਾਸ ਦੇ ਨਾਂਅ 'ਤੇ ਹਰੇਕ ਹਲਕੇ ਨੂੰ 25 ਕਰੋੜ ਰੁਪਏ ਦਿੱਤੇ ਜਾ ਸਕਣ।