ਚੰਡੀਗੜ੍ਹ: ਭਾਰਤੀ ਕੇਂਦਰੀ ਸਰਕਾਰ ਵੱਲੋਂ ਖੇਤੀ ਅਤੇ ਕਿਸਾਨਾਂ ਨੂੰ 3 ਆਰਡੀਨੈਂਸ ਲਿਆਂਦੇ ਗਏ ਸਨ। ਲੋਕ ਸਭਾ ਮੈਂਬਰ ਸੁਖਬੀਰ ਬਾਦਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਕੋਲੋਂ ਸਪੱਸ਼ਟੀਕਰਨ ਦੀ ਅਗਵਾਈ ਦੀ ਪੇਸ਼ਕਸ਼ ਕੀਤੀ ਹੈ, ਜਿਸ ਵਿੱਚ ਸਾਰੀਆਂ ਪਾਰਟੀਆਂ ਦੇ ਵਫ਼ਦਾਂ ਨੂੰ ਸ਼ਾਮਲ ਹੋਣ ਲਈ ਵੀ ਕਿਹਾ ਹੈ।
ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੁਖਬੀਰ ਬਾਦਲ ਦੀ ਇਸ ਅਗਵਾਈ ਦੀ ਮੰਗ ਨੂੰ ਲੈ ਕੇ ਉਸ ਦਾ ਮਜ਼ਾਕ ਉਡਾਇਆ ਗਿਆ ਹੈ।
ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਬੀਰ ਬਾਦਲ 'ਵਕਤੋਂ ਖੁੰਝੀ ਡੂੰਮਣੀ' ਦੀ ਕਹਾਵਤ ਵਾਂਗ ਅਤਾਲ-ਪਤਾਲ ਬੋਲੀ ਜਾ ਰਹੇ ਹਨ। ਉਨ੍ਹਾਂ ਕਿਹਾ ਬਾਦਲਾਂ ਨੂੰ ਉਸ ਸਮੇਂ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕਰਨਾ ਚਾਹੀਦਾ ਸੀ, ਜਦੋਂ ਕੇਂਦਰੀ ਸਰਕਾਰ ਨੇ ਇਹ ਆਰਡੀਨੈਂਸ ਪਾਸ ਕੀਤੇ ਸਨ। ਪਰ ਬਾਦਲ ਅਜਿਹਾ ਕਰ ਕੇ ਹਰਸਿਮਰਤ ਬਾਦਲ ਦੀ ਕੁਰਸੀ ਨੂੰ ਖ਼ਤਰੇ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ।
ਬਤੌਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਅੰਬਾਨੀ-ਅੰਡਾਨੀ ਵਰਗੇ ਕਾਰਪੋਰੇਟ ਘਰਾਨਿਆਂ ਦੇ ਹਿੱਤਾਂ ਦੀ ਪੂਰਤੀ ਲਈ ਇਨ੍ਹਾਂ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ 'ਤੇ ਖ਼ੁਦ ਦਸਤਖ਼ਤ ਕੀਤੇ ਸਨ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜਿਹੜਾ ਟੱਬਰ ਇੱਕ ਵਜ਼ੀਰੀ ਲਈ ਪੰਜਾਬ ਤੇ ਪੰਜਾਬ ਦੇ ਕਿਸਾਨਾਂ, ਖੇਤ-ਮਜ਼ਦੂਰਾਂ, ਆੜ੍ਹਤੀਆਂ-ਮੁਨੀਮਾਂ, ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੇ ਹਿੱਤਾਂ ਨੂੰ ਸੂਲੀ ਚਾੜ੍ਹ ਸਕਦਾ ਹੈ, ਉਹ ਹੁਣ ਹੋਰ ਕਿਹੜੀ 'ਕੁਰਬਾਨੀ' ਦੇਣ ਦੀਆਂ ਗੱਲਾਂ ਕਰ ਰਿਹਾ ਹੈ।
ਚੀਮਾ ਨੇ ਸੁਖਬੀਰ ਸਿੰਘ ਬਾਦਲ ਨੂੰ ਮੁਖ਼ਾਤਬ ਹੁੰਦਿਆਂ ਕਿਹਾ, ''ਗੱਲਾਂ ਤੋਂ ਇੰਝ ਲੱਗਦਾ ਹੈ ਜਿਵੇਂ ਤੁਸੀਂ 'ਕੁਰਬਾਨੀ' ਸ਼ਬਦ ਦੇ ਅਰਥਾਂ, ਅਹਿਮੀਅਤ ਅਤੇ ਇਤਿਹਾਸ ਤੋਂ ਬਿਲਕੁਲ ਕੋਰੇ ਹੋ। ਕਿਰਪਾ ਕਰਕੇ ਕਿਸੇ ਪੁਰਾਣੇ ਅਤੇ ਸੱਚੇ-ਸੁੱਚੇ ਅਕਾਲੀ ਕੋਲੋਂ ਪਹਿਲਾਂ 'ਕੁਰਬਾਨੀ' ਸ਼ਬਦ ਦੇ ਮਤਲਬ ਅਤੇ ਮਕਸਦਾਂ ਬਾਰੇ ਸਮਝੋ। ਫਿਰ ਪਤਾ ਲੱਗੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕਿੰਨੇ ਸੰਘਰਸ਼ਾਂ ਅਤੇ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜਿਸ ਨੂੰ ਅੱਜ ਬਾਦਲਾਂ ਨੇ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਰੱਖ ਦਿੱਤਾ ਹੈ।"