ਚੰਡੀਗੜ੍ਹ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇੱਥੇ ਕਿਹਾ ਕਿ ਸਿਰਫ਼ ਸਮਾਰਟ ਸਕੂਲ ਦਾ ਫੱਟਾ ਲਗਾਉਣ ਨਾਲ ਹੀ ਸਕੂਲ ਸਮਾਰਟ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਅਤੀਤ ਵਿੱਚ ਰਹੀਆਂ ਕਾਂਗਰਸ ਪਾਰਟੀ ਅਤੇ ਅਕਾਲੀ-ਭਾਜਪਾ ਦੀਆਂ ਸਰਕਾਰਾਂ ਦੀ ਸਿੱਖਿਆ ਪ੍ਰਤੀ ਸੁਹਿਰਦਤਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਸਭ ਤੋਂ ਵੱਡਾ ਗਵਾਹ ਹੈ। ਹਰਜੋਤ ਸਿੰਘ ਬੈਂਸ ਵੱਲੋਂ ਅੱਜ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਸੂਬੇ ਦੇ ਪਿੰਡ ਮਸੌਲ ਦਾ ਦੌਰਾ ਕੀਤਾ ਗਿਆ। ਇਸ ਸਕੂਲ ਨੂੰ ਕਾਂਗਰਸ ਸਰਕਾਰ ਵੱਲੋਂ ਸਮਾਰਟ ਸਕੂਲ ਦਾ ਦਰਜਾ ਦੇ ਦਿੱਤਾ ਗਿਆ ਸੀ ਪਰ ਇਸ ਸਕੂਲ ਵਿੱਚ ਨਾ ਤਾਂ ਕਲਾਸਰੂਮ ਹਨ, ਨਾ ਪੀਣ ਵਾਲਾ ਪਾਣੀ, ਨਾ ਹੀ ਸਾਫ਼-ਸਫਾਈ ਦਾ ਕੋਈ ਪ੍ਰਬੰਧ ਅਤੇ ਨਾ ਹੀ ਸਕੂਲ ਦੀ ਚਾਰਦੀਵਾਰੀ ਹੈ। (Harjot Bains visit Govt School Masoul)
ਸਿਆਸੀ ਵਿਰੋਧੀਆਂ 'ਤੇ ਨਿਸ਼ਾਨਾ: ਸਕੂਲ ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਰਾਜ ਵਿੱਚ ਸ਼ੁਰੂ ਕੀਤੀ ਗਈ ਸਿੱਖਿਆ ਕ੍ਰਾਂਤੀ ਦਾ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਬਹੁਤ ਵਿਰੋਧ ਕੀਤੇ ਜਾਣ ਦਾ ਕਾਰਨ ਅੱਜ ਸਮਝ ਆਇਆ ਹੈ। ਉਨ੍ਹਾਂ ਕਿਹਾ ਕਿ ਉਕਤ ਪਾਰਟੀਆਂ ਸਿਰਫ਼ ਨਾਮ ਦੇ ਸਮਾਰਟ ਸਕੂਲ ਬਣਾ ਕੇ ਹੀ ਲੋਕਾਂ ਨੂੰ ਮੂਰਖ ਬਣਾਉਣ ਨੂੰ ਹੀ ਪ੍ਰਾਪਤੀ ਸਮਝਦੀਆਂ ਹਨ ਜਦਕਿ ਸਾਡੀ ਸਰਕਾਰ ਲੋਕਾਂ ਨੂੰ ਸੱਚਮੁੱਚ ਦੇ ਬਿਹਤਰੀਨ ਸਕੂਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ, ਜਿਸ ਤੋਂ ਇਨ੍ਹਾਂ ਪਾਰਟੀਆਂ ਨੂੰ ਦਿੱਕਤ ਮਹਿਸੂਸ ਹੁੰਦੀ ਹੈ।
ਪੰਜਾਬੀ ਪੜ੍ਹਨ ਵਿੱਚ ਬਿਲਕੁੱਲ ਅਸਮਰੱਥ ਬੱਚੇ: ਸਕੂਲ ਸਿੱਖਿਆ ਮੰਤਰੀ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੈਸ (ਐਨ.ਏ.ਐਸ.) ਦੀ ਰਿਪੋਰਟ ਦੇ ਆਧਾਰ ‘ਤੇ ਆਪਣੇ ਆਪ ਨੂੰ ਦੇਸ਼ ਦਾ ਸਰਵੋਤਮ ਸਿੱਖਿਆ ਮਾਡਲ ਵਾਲਾ ਸਕੂਲ ਦੱਸਦੀਆਂ ਸਨ। ਇਸ ਰਿਪੋਰਟ ਅਨੁਸਾਰ ਸਰਕਾਰੀ ਸਕੂਲਾਂ ਦੇ 50 ਫੀਸਦੀ ਵਿਦਿਆਰਥੀਆਂ ਨੂੰ ਭਾਸ਼ਾਵਾਂ ਦਾ ਗਿਆਨ ਹੁੰਦਾ ਹੈ ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਦੇ ਵਿਦਿਆਰਥੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੜ੍ਹਨ ਵਿੱਚ ਬਿਲਕੁੱਲ ਅਸਮਰੱਥ ਸਨ।
ਤਿੰਨ ਦਹਾਕਿਆਂ ਤੋਂ ਨਹੀਂ ਲਈ ਸਾਰ: ਉਨ੍ਹਾਂ ਕਿਹਾ ਕਿ 1990 ਵਿੱਚ ਸਕੂਲ ਲਈ ਬਣਾਈ ਗਈ ਬਿਲਡਿੰਗ ਬਿਨਾਂ ਵਰਤੋਂ ਦੇ ਹੀ ਖੰਡਰ ਬਣ ਗਈ ਹੈ, ਜਿਸ ਬਾਰੇ ਬੀਤੇ ਤਿੰਨ ਦਹਾਕਿਆਂ ਵਿੱਚ ਰਹੇ ਕਿਸੇ ਵੀ ਸਿੱਖਿਆ ਮੰਤਰੀ ਵੱਲੋਂ ਧਿਆਨ ਨਹੀਂ ਦਿੱਤਾ ਗਿਆ। ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇਸ ਸਕੂਲ ਦੀ ਸਫ਼ਾਈ ਦੀ ਸ਼ੁਰੂਆਤ ਖੁਦ ਕਰਦਿਆਂ ਸਕੂਲ ਵਿੱਚ ਝਾੜੂ ਲਗਾਇਆ ਗਿਆ ਅਤੇ ਨਾਲ ਹੀ ਕਮਰਿਆਂ ਵਿੱਚ ਲੱਗੇ ਜਾਲਿਆਂ ਨੂੰ ਲਾਹਿਆ ਗਿਆ। ਇਸ ਕੰਮ ਵਿੱਚ ਨਰੇਗਾ ਵਰਕਰਾਂ ਵੱਲੋਂ ਵੀ ਸਾਥ ਦਿੱਤਾ ਗਿਆ। ਸਫਾਈ ਦੌਰਾਨ ਸਕੂਲ ਸਿੱਖਿਆ ਮੰਤਰੀ ਨੂੰ ਦੋ ਡੱਬਾਬੰਦ ਕੰਪਿਊਟਰ ਵੀ ਮਿਲੇ ਜੋ ਕਿ ਬੀਤੇ ਤਿੰਨ ਸਾਲ ਤੋਂ ਬਿਨਾਂ ਵਰਤੋਂ ਤੋਂ ਹੀ ਸਕੂਲ ਵਿੱਚ ਪਏ ਹੋਏ ਸਨ।
ਸਕੂਲ ਦੇ ਅਧਿਆਪਕ ਕੀਤੇ ਮੁਅੱਤਲ: ਸਕੂਲ ਸਿੱਖਿਆ ਮੰਤਰੀ ਨੇ ਇਸ ਮੌਕੇ ਸਕੂਲ ਦੇ ਕਮਰਿਆਂ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਵੀ ਛੁਡਵਾਇਆ ਅਤੇ ਇੱਕ ਕਲਾਸ ਦੇ ਵਿਦਿਆਰਥੀਆਂ ਨੂੰ ਇਥੇ ਬਿਠਾਇਆ ਗਿਆ। ਵਿਦਿਆਰਥੀਆਂ ਦੇ ਸਿੱਖਿਆ ਪੱਧਰ ਦੀ ਜਾਂਚ ਕਰਨ ਲਈ ਜਦੋਂ ਸਕੂਲ ਸਿੱਖਿਆ ਮੰਤਰੀ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀ ਵੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਪੜ੍ਹਨ ਵਿੱਚ ਬਿਲਕੁੱਲ ਅਸਮਰੱਥ ਸਨ। ਇਸ ‘ਤੇ ਕਾਰਵਾਈ ਕਰਦਿਆਂ ਸਕੂਲ ਸਿੱਖਿਆ ਮੰਤਰੀ ਵੱਲੋਂ ਸਕੂਲ ਵਿੱਚ ਲੰਮੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਦੋਵੇਂ ਅਧਿਆਪਕਾਂ ਨੂੰ ਮੁਅੱਤਲ ਕਰਨ ਅਤੇ ਨਵੇਂ ਅਧਿਆਪਕ ਤੁਰੰਤ ਨਿਯੁਕਤ ਕਰਨ ਦੇ ਵੀ ਆਦੇਸ਼ ਦਿੱਤੇ ਗਏ।
- Sukhpal Khaira Drug Case: ਸੁਖਪਾਲ ਖਹਿਰਾ ਦੀ ਜ਼ਮਾਨਤ ਪਟੀਸ਼ਨ 'ਤੇ ਹਾਈਕੋਰਟ 'ਚ ਹੋਈ ਸੁਣਵਾਈ, ਫ਼ੈਸਲਾ ਰੱਖਿਆ ਸੁਰੱਖਿਅਤ
- Dr Manmohan Singh Auditorium: ਮਹਾਂ ਸਿਆਸੀ ਬਹਿਸ ਨੂੰ ਲੈਕੇ ਮਾਨ ਸਰਕਾਰ ਨੇ ਬਦਲੀ ਥਾਂ, ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦਾ ਆਡੀਟੋਰੀਅਮ ਕਰਵਾਇਆ ਬੁੱਕ !
- Asian Medalist Manju Rani: Asian Medalist Manju Rani: ਜ਼ਮੀਨ ਗਹਿਣੇ ਰੱਖ ਪਿਓ ਨੇ ਲਾਡਲੀ ਧੀ ਮੰਜੂ ਰਾਣੀ ਨੂੰ ਏਸ਼ੀਆ ਖੇਡਣ ਭੇਜਿਆ, ਧੀ ਨੇ ਮੈਡਲ ਜਿੱਤ ਕੇ ਵਧਾਇਆ ਮਾਣ, ਮਾਨਸਾ ਪਹੁੰਚਣ 'ਤੇ ਹੋਇਆ ਭਰਵਾਂ ਸਵਾਗਤ
ਪਿੰਡ ਦੀਆਂ ਮਹਿਲਾਵਾਂ ਨਾਲ ਗੱਲਬਾਤ: ਮੰਤਰੀ ਦੇ ਦੌਰੇ ਦੀ ਸੂਚਨਾ ਮਿਲਣ ‘ਤੇ ਪਿੰਡ ਦੀਆਂ ਔਰਤਾਂ ਇਕੱਠੀਆਂ ਹੋ ਕੇ ਸਕੂਲ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਮਿਲੀਆਂ ਅਤੇ ਉਨ੍ਹਾਂ ਦਾ ਦੌਰਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਜਦੋਂ ਵੀ ਟੀ.ਵੀ. ਉੱਤੇ ਸਕੂਲ ਸਿੱਖਿਆ ਮੰਤਰੀ ਦੇ ਸਕੂਲੀ ਦੌਰੇ ਬਾਰੇ ਖਬਰਾਂ ਦੇਖਦੀਆਂ ਸਨ ਤਾਂ ਉਹ ਅਰਦਾਸ ਕਰਦੀਆਂ ਸਨ ਕਿ ਸਿੱਖਿਆ ਮੰਤਰੀ ਸਾਡੇ ਪਿੰਡ ਦੇ ਸਕੂਲ ਦਾ ਵੀ ਦੌਰਾ ਕਰਨ, ਜੋ ਕਿ ਅੱਜ ਸੁਣੀ ਗਈ ਹੈ।
ਸਕੂਲ ਨੂੰ ਦਿੱਤੀ 50 ਲੱਖ ਦੀ ਗ੍ਰਾਂਟ: ਇਸ ਦੇ ਨਾਲ ਹੀ ਸਿੱਖਿਆ ਮੰਤਰੀ ਬੈਂਸ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਸੌਲ ਦੀ ਦਸ਼ਾ ਨੂੰ ਸੁਧਾਰਨ ਲਈ 50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਸਕੂਲ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇੱਕ ਮਹੀਨੇ ਵਿੱਚ ਹੀ ਇਸ ਸਕੂਲ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਅਤੇ ਨਾਲ ਹੀ ਅਗਲੇਰੀ ਪੜ੍ਹਾਈ ਵਾਸਤੇ ਵਿਦਿਆਰਥੀਆਂ ਨੂੰ ਟਰਾਂਸਪੋਰਟ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ। (ਪ੍ਰੈਸ ਨੋਟ)