ਅੰਮ੍ਰਿਤਸਰ: ਸਿੱਖ ਫੌਜੀਆਂ ਲਈ ਕੇਂਦਰ ਸਰਕਾਰ ਵਲੋਂ ਲਿਆ ਗਿਆ ਹੈਲਮੇਟ ਦਾ ਫੈਸਲਾ ਹੁਣ ਧਾਰਮਿਕ ਪੱਧਰ ਉੱਤੇ ਵੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਮਸਲੇ ਨੂੰ ਕਈ ਤਰ੍ਹਾਂ ਨਾਲ ਵਿਚਾਰਿਆ ਜਾ ਰਿਹਾ ਹੈ। ਕਈ ਲੋਕ ਇਸਦੇ ਪੱਖ ਵਿੱਚ ਹਨ ਤੇ ਕਈ ਧਾਰਮਿਕ ਰਹੁਰੀਤਾਂ ਦੇ ਖਿਲਾਫ ਦੱਸ ਰਹੇ ਹਨ। ਪਰ ਇਸ ਮਸਲੇ ਉੱਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਸਟੈਂਡ ਲੈ ਲਿਆ ਹੈ।
ਰੱਖਿਆ ਮੰਤਰੀ ਨੂੰ ਲਿਖਿਆ ਪੱਤਰ: ਜਾਣਕਾਰੀ ਮੁਤਾਬਿਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਵਲੋਂ ਲਏ ਗਏ ਇਸ ਫੈਸਲੇ ਦੇ ਖਿਲਾਫ ਆਪਣਾ ਪੱਖ ਰੱਖਦਿਆਂ ਸਿੱਖ ਫ਼ੌਜੀਆਂ ਲਈ ਹੈਲਮੇਟ ਦੀ ਪਾਲਿਸੀ ਦਾ ਸਖ਼ਤ ਵਿਰੋਧ ਕੀਤਾ ਹੈ। ਧਾਮੀ ਨੇ ਇਤਰਾਜ਼ ਜਾਹਿਰ ਕਰਦਿਆਂ ਰੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਆਪਣਾ ਫੈਸਲਾ ਬਿਨਾਂ ਦੇਰੀ ਵਾਪਸ ਲੈਣ ਲਈ ਕਿਹਾ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਦੇ ਸੈਕਟਰ 17 'ਚ ਲੋਹੜੀ ਦੀਆਂ ਖਾਸ ਰੌਣਕਾਂ, ਪੰਜਾਬੀ ਫਿਲਮ ਇੰਡਸਟਰੀ ਦੇ ਸਿਤਾਰੇ ਇੰਝ ਮਨਾਉਂਦੇ ਹਨ ਲੋਹੜੀ
ਸਿੱਖ ਮਰਿਆਦਾ ਨੂੰ ਲੱਗੇਗੀ ਢਾਹ: ਪ੍ਰਧਾਨ ਨੇ ਕਿਹਾ ਕਿ ਕੇੇਂਦਰ ਸਰਕਾਰ ਵਲੋਂ ਲਿਆ ਗਿਆ ਇਹ ਫੈਸਲਾ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਸਿੱਖ ਮਰਿਆਦਾ ਨੂੰ ਢਾਹ ਲਾਵੇਗੀ। ਧਾਮੀ ਨੇ ਕਿਹਾ ਕਿ ਸਿੱਖ ਮਰਿਆਦਾ ਅਨੁਸਾਰ ਦਸਤਾਰ ਸਿੱਖਾਂ ਲਈ ਸਿਰਫ ਕੱਪੜਾ ਹੀ ਨਹੀਂ ਹੈ, ਸਗੋਂ ਇਹ ਸਿੱਖ ਵਿਰਾਸਤ ਦੀ ਅਧਿਆਤਮਿਕ ਰੂਹ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਲਈ ਗੁਰੂ ਸਾਹਿਬ ਵਲੋਂ ਬਖਸ਼ਿਆ ਇਹ ਤਾਜ਼ ਕਿਸੇ ਹੈਲਮੇਟ ਥੱਲੇ ਨਹੀਂ ਲਕੋਇਆ ਜਾ ਸਕਦਾ। ਇਸ ਤਰ੍ਹਾਂ ਹੁੰਦਾ ਹੈ ਤਾਂ ਇਹ ਸਿੱਧਾ ਗੁਰੂ ਸਾਹਿਬ ਵਲੋਂ ਦਿੱਤੇ ਹੁਕਮ ਨੂੰ ਨਾ ਮੰਨਣ ਵਾਂਗ ਹੈ।
ਧਾਰਮਿਕ ਭਾਵਨਾਵਾਂ ਨੂੰ ਲੱਗੀ ਸੱਟ: ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਫ਼ੌਜੀਆਂ ਲਈ ਹੈਲਮੇਟ ਪਾਉਣ ਵਾਲਾ ਫੈਸਲਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਂਗ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵਿਲੱਖਣਤਾ ਹੈ ਕਿ ਇਥੇ ਰਹਿਣ ਵਾਲੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਪਣੇ ਧਰਮ, ਸੱਭਿਆਚਾਰ ਅਤੇ ਮਰਿਆਦਾ ਦੀ ਪਾਲਣਾ ਕਰਦੇ ਹਨ। ਪਰ ਜੇਕਰ ਸਿੱਖ ਫੌਜੀਆਂ ਲਈ ਇਹ ਪਾਲਿਸੀ ਲਾਗੂ ਹੁੰਦੀ ਹੈ ਤਾਂ ਜ਼ਰੂਰ ਨਾਨਕ ਨਾਮ ਲੇਵਾ ਸੰਗਤ ਦੇ ਹਿਰਦੇ ਵਲੂੰਧਰੇ ਜਾਣਗੇ। ਇਸ ਲਈ ਸਰਕਾਰ ਨੂੰ ਇਹ ਪਾਲਿਸੀ ਵਾਪਸ ਲੈਣੀ ਚਾਹੀਦੀ ਹੈ।