ਚੰਡੀਗੜ੍ਹ: ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਨੇ ਫੜ੍ਹ ਲਿਆ ਹੈ ਜਾਂ ਨਹੀਂ ਇਸ ਨੂੰ ਲੈ ਪੰਜਾਬ ਵਿੱਚ ਅਫ਼ਵਾਹਾਂ ਲਗਾਤਾਰ ਫੈਲ ਰਹੀਆਂ ਹਨ। ਜਿਸ ਉੱਤੇ ਵਿਰਾਮ ਲਗਾਉਦਿਆ ਅੰਮ੍ਰਿਤਪਾਲ ਸਿੰਘ ਨੂੰ ਪੇਸ਼ ਕਰਨ ਦੀ ਮੰਗ ਸਬੰਧੀ ਵਾਰਿਸ ਪੰਜਾਬ ਦੇ ਕਾਨੂੰਨੀ ਸਲਾਹਕਾਰ ਈਮਾਨ ਸਿੰਘ ਖਾਰਾ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ 'ਹੈਬੀਅਸ ਕਾਰਪਸ' ਪਟੀਸ਼ਨ ਪਾਈ। ਪਰ ਪੰਜਾਬ ਹਰਿਆਣਾ ਹਾਈਕੋਰਟ ਨੇ ਫਿਲਹਾਲ ਵਾਰੰਟ ਅਫਸਰ ਨਿਯੁਕਤ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇੱਕ ਨੋਟਿਸ ਜਾਰੀ ਕੀਤਾ। ਫਿਲਹਾਲ 21 ਮਾਰਚ ਨੂੰ ਇਸ ਮਾਮਲੇ ਦੀ ਸੁਣਾਈ ਹਾਈਕੋਰਟ ਵਿੱਚ ਕੀਤੀ ਜਾਵੇਗੀ।
ਜੱਜ ਸ਼ੇਖਾਵਤ ਦੇ ਘਰ ਏਜੀ ਵਿਨੋਦ ਘਈ: ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ ਇਸ ਪਟੀਸ਼ਨ ਉੱਤੇ ਬਹਿਸ ਪੰਜਾਬ ਹਰਿਆਣਾ ਹਾਈਕੋਰਟ ਦੇ ਜੱਜ ਸ਼ੇਖਾਵਤ ਦੇ ਘਰ ਹੋਈ। ਇਸ ਦੌਰਾਨ ਪੰਜਾਬ ਪੁਲਿਸ ਦੇ ਏਜੀ ਵਿਨੋਦ ਘਈ ਵੀ ਜੱਜ ਸ਼ੇਖਾਵਤ ਦੇ ਘਰ ਪੇਸ਼ ਹੋਏ। ਫਿਲਹਾਲ 21 ਮਾਰਚ ਨੂੰ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਸ ਦੀ ਸੁਣਾਈ ਹੋਵੇਗੀ।
ਪਿਤਾ ਨੇ ਅਣਹੋਣੀ ਦਾ ਖਦਸ਼ਾ ਜਤਾਇਆ: ਜਾਣਕਾਰੀ ਅਨੁਸਾਰ ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵੱਲੋਂ ਬੀਤੇ ਕੱਲ੍ਹ ਸ਼ਨੀਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਪੰਜਾਬ ਪੁਲਿਸ ਮੁਕਰ ਰਹੀ ਹੈ। ਪਿਤਾ ਤਰਸੇਮ ਸਿੰਘ ਨੇ ਕਿਹਾ ਸੀ ਕਿ ਇਹ ਦਾਅਵਾ ਅੰਮ੍ਰਿਤਪਾਲ ਸਿੰਘ ਦੇ ਸਮਰੱਥਕਾਂ ਵੱਲੋਂ ਕੱਲ੍ਹ ਸ਼ਨੀਵਾਰ ਤੋਂ ਹੀ ਕੀਤਾ ਜਾ ਰਿਹਾ ਹੈ।
ਪਿਤਾ ਤਰਸੇਮ ਸਿੰਘ ਨੇ ਕਿਹਾ ਸੀ ਕਿ ਪੰਜਾਬ ਪੁਲਿਸ ਵੱਲੋਂ ਆਪਣੇ ਬਿਆਨਾਂ 'ਚ ਭਾਈ ਅੰਮ੍ਰਿਤਪਾਲ ਨੂੰ ਭਗੌੜਾ ਤੱਕ ਘੋਸ਼ਿਤ ਕਰ ਦਿੱਤਾ ਗਿਆ ਹੈ। ਪਿਤਾ ਤਰਸੇਮ ਸਿੰਘ ਨੇ ਸ਼ੰਕਾ ਜਤਾਈ ਹੈ ਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਰਣਨੀਤੀ ਬਣਾ ਰਹੀ ਹੈ ਕਿ ਅੰਮ੍ਰਿਤਪਾਲ 'ਤੇ ਕਿਵੇਂ ਕਿਹੜੇ ਹਥਿਆਰਾਂ ਦਾ ਕੇਸ ਬਣਾਇਆ ਜਾ ਸਕੇ। ਪਿਤਾ ਤਰਸੇਮ ਸਿੰਘ ਨੇ ਡਰ ਜ਼ਾਹਿਰ ਕੀਤਾ ਕਿ ਉਸ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨਾਲ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਜਾਵੇ, ਜਿਸ ਦੀ ਉਸ ਨੂੰ ਚਿੰਤਾ ਹੈ।
ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਐਲਾਨਿਆ: ਦੱਸ ਦਈਏ ਕਿ ਸ਼ਨੀਵਾਰ ਨੂੰ ਥਾਣਾ ਅਜਨਾਲਾ 'ਤੇ ਹਮਲੇ ਦੇ ਮਾਮਲੇ 'ਚ ਖਾਲਿਸਤਾਨ ਸਮਰਥਕ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਨੇ ਵੱਡੀ ਕਾਰਵਾਈ ਕੀਤੀ। ਦੱਸ ਦਈਏ ਕਿ ਇਹ ਕਾਰਵਾਈ ਉਸ ਸਮੇਂ ਕੀਤੀ, ਜਦੋਂ ਅੰਮ੍ਰਿਤਪਾਲ ਸਿੰਘ ਆਪਣੇ 6 ਸਾਥੀਆਂ ਨਾਲ ਮੋਗਾ ਵੱਲ ਜਾ ਰਹੇ ਸਨ। ਜਿਸ ਦੌਰਾਨ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ 6 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਲਈ ਜਿਵੇਂ ਹੀ ਪੰਜਾਬ ਪੁਲਿਸ ਨੇ ਘੇਰਾਬੰਦੀ ਕੀਤੀ, ਤਾਂ ਅੰਮ੍ਰਿਤਪਾਲ ਖੁਦ ਕਾਰ ਵਿੱਚ ਬੈਠ ਕੇ ਲਿੰਕ ਜਲੰਧਰ ਰੋਡ ਰਾਹੀਂ ਭੱਜ ਗਿਆ। ਉਸ ਦੇ ਪਿੱਛਾ ਕਰਨ ਲਈ ਪੰਜਾਬ ਪੁਲਿਸ ਦੀਆਂ 100 ਦੇ ਕਰੀਬ ਗੱਡੀਆਂ ਲਗਾਈਆਂ, ਪਰ ਅੰਮ੍ਰਿਤਪਾਲ ਸਿੰਘ ਹੱਥ ਨਾ ਆਇਆ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਭਗੌੜਾ ਐਲਾਨਿਆ ਗਿਆ।