ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿੱਚ ਅੰਤਿਮ ਅਰਦਾਸ ਸੰਬੰਧੀ ਸਮਾਗਮ ਕਰਵਾਇਆ ਗਿਆ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਣੇ ਹੋਰ ਸਾਬਕਾ ਅਤੇ ਮੌਜੂਦਾ ਮੰਤਰੀਆਂ ਵਲੋਂ ਹਾਜਰੀ ਭਰੀ ਗਈ ਹੈ। ਦੂਜੇ ਪਾਸੇ ਕਈ ਨਾਮੀ ਚਿਹਰੇ ਵੀ ਉਨ੍ਹਾਂ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਹਨ। ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਵਲੋਂ ਵੀ ਸੁਖਬੀਰ ਬਾਦਲ ਨੂੰ ਮਿਲ ਕੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਸੁਖਬੀਰ ਬਾਦਲ ਨਾਲ ਡੇਰਾ ਬਿਆਸ ਮੁਖੀ ਦੀਆਂ ਕਈ ਭਾਵੁਕ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਯਾਦ ਰਹੇ ਕਿ ਸਮਾਗਮ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਦਾ ਸਾਡੇ ਵਿੱਚੋਂ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਆਪਣਾ ਸਿਪਾਹੀ ਗਵਾਇਆ ਹੈ ਅਤੇ ਇਸਦੇ ਨਾਲ ਹੀ ਦੇਸ਼ ਨੇ ਇੱਕ ਭਗਤ ਨੂੰ ਗਵਾ ਲਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣਾ ਸੱਚਾ ਹਮ ਦਰਦ ਗੁਆ ਲਿਆ ਹੈ, ਜਿਸਦਾ ਕਦੇ ਵੀ ਘਾਟਾ ਪੂਰਾ ਨਹੀਂ ਹੋਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਮੈਂ ਵੀ ਪਰਕਾਸ਼ ਸਿੰਘ ਬਾਦਲ ਨੂੰ ਕਈ ਵਾਰ ਮਿਲਿਆ ਹਾਂ ਅਤੇ ਉਨ੍ਹਾਂ ਪਾਸੋਂ ਹਮੇਸ਼ਾ ਹੀ ਕੁੱਝ ਨਾ ਕੁੱਝ ਸਿੱਖਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਵਲੋਂ ਹੀ ਨਵੇਂ ਪੰਜਾਬ ਦੀ ਨੀਂਹ ਰੱਖੀ ਗਈ ਹੈ।
ਇਹ ਵੀ ਪੜ੍ਹੋ : Children Released From Orphanages: 'ਬੇਸਹਾਰਾ ਬੱਚਿਆਂ ਨੂੰ ਰੁਜ਼ਗਾਰ ਦੇਣ ਲਈ ਨਵੇਂ ਰਾਹ ਸਿਰਜੇਗੀ ਸੂਬਾ ਸਰਕਾਰ'
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕੀਤਾ ਸੀ ਨਮਨ: ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੇ ਦਿਹਾਂਤ ਤੋਂ ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਪੁੱਜੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਅੰਤਿਮ ਸੰਸਕਾਰ ਵਾਲੇ ਦਿਨ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਡਾ ਨੇ ਪਿੰਡ ਬਾਦਲ ਪਹੁੰਚ ਕੇ ਅੰਤਿਮ ਅਰਦਾਸ ਕੀਤੀ। ਪਰਕਾਸ਼ ਸਿੰਘ ਬਾਦਲ 75 ਸਾਲਾਂ ਦੇ ਸਿਆਸੀ ਕਰੀਅਰ ਵਿੱਚ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ।
ਦੱਜ ਦਈਏ ਕਿ ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਵਿੱਚ ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਸਾਮ ਦੇ ਕੈਬਨਿਟ ਮੰਤਰੀ ਆਤਮਾ ਵੋਹਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਵੀ ਪਹੁੰਚੇ ਹਨ।