ਚੰਡੀਗੜ: ਕਿਸਾਨਾਂ ਦੀ ਹਾੜੀ ਦੀ ਫਸਲ ਨੂੰ ਖਰੀਦਣ ਲਈ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਜਿਲ੍ਹੇ ਅਧੀਂਨ ਵੱਖ ਵੱਖ ਥਾਵਾਂ ਤੇ 57 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਸ ਦੀ ਪੁਸ਼ਟੀ ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਕੀਤੀ ਗਈ ਹੈ। ਹਾਲਾਂਕਿ ਜਿਲੇ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਧਿਆਨ ਹਿੱਤ ਰੱਖਦਿਆਂ ਪ੍ਰਸ਼ਾਸ਼ਨ ਵਲੋਂ ਖਰੀਦ ਕੇਂਦਰਾਂ ਤੇ ਕੋਵਿਡ ਸਬੰਧੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਕਣਕ ਦੀ ਖਰੀਦ ਲਈ 57 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿੰਨ੍ਹਾਂ ਵਿਚੋ 8 ਮੁੱਖ ਯਾਰਡ, 11 ਸਬ ਯਾਰਡ ਅਤੇ 38 ਖਰੀਦ ਕੇਂਦਰ ਹਨ ਅਤੇ 10 ਅਪ੍ਰੈਲ ਨੂੰ ਖਰੀਦ ਸ਼ੁਰੂ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਖਰੀਦ ਪ੍ਰਕ੍ਰਿਆ ਦੌਰਾਨ ਕਿਸੇ ਨੂੰ ਵੀ ਮੁਸ਼ਕਿਲ ਨਾ ਪੇਸ਼ ਆਵੇ, ਇਸ ਲਈ ਲੋੜੀਂਦੇ ਅਗੇਤੇ ਪ੍ਰਬੰਧ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੋਵਿਡ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਕਿਸਾਨ ਆਪਣੀ ਕਣਕ ਸੁਕਾ ਕੇ ਹੀ ਮੰਡੀ ਲੈ ਕੇ ਆਉਣ, ਮੰਡੀ ਆਉਣ ਸਮੇਂ ਮਾਸਕ ਲਗਾਉਣਾ, ਸਮਾਜਿਕ ਦੂਰੀ ਦੀ ਪਾਲਣਾ ਕਰਨਾ, ਸਾਫ ਸਫਾਈ ਦਾ ਧਿਆਨ ਰੱਖਣਾ, ਘੱਟ ਤੋਂ ਘੱਟ ਲੇਬਰ ਅਤੇ ਕੰਮਕਾਜ ਦੌਰਾਨ ਸਮਾਜਿਕ ਦੂਰੀ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਕਿ ਕਿਸੇ ਤਰ੍ਹਾਂ ਦੀ ਦਿੱਕਤ ਨਾ ਪੇਸ਼ ਆਵੇ।
ਇਸ ਦੇ ਨਾਲ ਹੀ ਕੋਵਿਡ ਪ੍ਰਤੀ ਜਾਗਰੂਕਤਾ ਅਤੇ ਉਸਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਜਿਲ੍ਹੇ ਦੇ ਮੰਡੀ ਅਫਸਰ ਅਤੇ ਖਰੀਦ ਕੇਂਦਰ ਤੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ, ਪ੍ਰਸ਼ਾਸਨ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸਾਨਾਂ ਦੀ ਫ਼ਸਲ ਸਾਂਭੀ ਜਾਵੇ ਅਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਵੀ ਬਚਾਇਆ ਜਾਵੇ।
ਜਿਲ੍ਹਾ ਮੰਡੀ ਅਫਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਮੰਡੀਆਂ ਵਿੱਚ ਕੋਵਿਡ ਸਬੰਧੀ ਗਾਇਡ ਲਾਇਨਜ਼ ਤਹਿਤ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ, ਲੇਬਰ ਸਮੇਤ ਮੰਡੀਆਂ ਚ ਆਉਣ ਅਤੇ ਕੰਮ ਕਰਨ ਦੌਰਾਨ ਹਰੇਕ ਵਿਅਕਤੀ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।
ਉਨਾਂ ਕਿਹਾ ਕਿ ਸਿਰਫ਼ ਉਹੀ ਕਿਸਾਨ ਆਪਣੀ ਕਣਕ ਮੰਡੀ ਵਿੱਚ ਲੈ ਕੇ ਆਉਣ, ਜਿਨ੍ਹਾਂ ਨੂੰ ਆੜਤੀਆਂ ਵੱਲੋਂ ਪਰਚੀ ਦਿੱਤੀ ਗਈ ਹੋਵੇ, ਬਿਨਾਂ ਪਰਚੀ ਤੋਂ ਕਣਕ ਮੰਡੀ ਵਿੱਚ ਦਾਖ਼ਲ ਨਹੀਂ ਹੋਣ ਦਿੱਤੀ ਜਾਵੇਗੀ, ਮੰਡੀ ਵਿੱਚ ਲਿਜਾਈ ਜਾ ਰਹੀ ਕਣਕ ਨਿਸ਼ਚਿਤ ਕੀਤੀ ਥਾਂ ਉੱਪਰ ਹੀ ਉਤਾਰੀ ਜਾਵੇ, ਟਰੈਕਟਰ ਉੱਪਰ ਡਰਾਈਵਰ ਤੋਂ ਬਿਨਾਂ ਹੋਰ ਕੋਈ ਵਿਅਕਤੀ ਨਾ ਬੈਠੇ, ਟਰਾਲੀ ਵਿਚ ਘਟੋ ਘੱਟ ਲੇਬਰ ਹੀ ਬੈਠੇ ਅਤੇ ਉਹ ਉੱਚਿਤ ਦੂਰੀ ਬਣਾ ਕੇ ਬੈਠਣ।
ਉਨ੍ਹਾਂ ਕਿਹਾ ਕਿ ਲੇਬਰ ਅਤੇ ਕਿਸਾਨਾਂ ਆਦਿ ਨੂੰ ਖ਼ਾਸ ਤੌਰ ਉੱਤੇ ਜਾਗਰੂਕ ਕੀਤਾ ਜਾਵੇ ਕਿ ਗੱਲਬਾਤ ਦੌਰਾਨ ਘੱਟੋ ਘੱਟ ਦੋ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਮੰਡੀ ਵਿੱਚ ਬਣੀ ਮੈਪਿੰਗ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਇਸ ਸਮੇਂ ਦੌਰਾਨ ਜੋ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ।