ਚੰਡੀਗੜ੍ਹ: 38 ਸਾਲ ਬਾਅਦ ਅੱਜ ਆਪ੍ਰੇਸ਼ਨ ਬਲੂ ਸਟਾਰ ਦੇ ਤਾਰ ਫਿਰ ਛਿੜ ਗਏ। ਇਹ ਤਾਰ ਫੌਜ ਦੇ ਸਾਬਕਾ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੇ ਛੇੜੇ ਹਨ। ਦਰਅਸਲ ਜਨਰਲ ਬਰਾੜ ਨੇ ਭਿੰਡਰਾਂਵਾਲਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਜਿਸਨੇ ਸਿਆਸੀ ਗਲਿਆਰਿਆਂ ਵਿਚ ਤਰਥੱਲੀ ਮਚਾ ਦਿੱਤੀ ਹੈ। ਜਨਰਲ ਬਰਾੜ ਨੇ ਕਿਹਾ ਹੈ ਕਿ ਇੰਦਰਾ ਗਾਂਧੀ ਅਤੇ ਕਾਂਗਰਸ ਨੇ ਪਹਿਲਾਂ ਆਪ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਕੱਦ ਵਧਾਇਆ ਅਤੇ ਫਿਰ ਆਪ ਹੀ ਉਸ ਨੂੰ ਖ਼ਤਮ ਕਰਨ ਦੇ ਹੁਕਮ ਦਿੱਤੇ।
ਵਿਰੋਧੀ ਧਿਰਾਂ ਨੇ ਬਿਆਨ ਨੂੰ ਦੱਸਿਆ ਸਹੀ: ਇਕ ਨਿਊਜ਼ ਏਜੰਸੀ ਨੂੰ ਦਿੱਤੇ ਇੰਟਵਿਊ ਵਿਚ ਉਹਨਾਂ ਇਹ ਬਿਆਨ ਦਿੱਤਾ। ਜਨਰਲ ਬਰਾੜ ਨੇ ਕਿਹਾ "ਇੰਦਰਾ ਗਾਂਧੀ ਨੇ ਖੁਦ ਵਧਾਇਆ ਸੀ ਭਿੰਡਰਾਂਵਾਲਾ ਦਾ ਕੱਦ" ਇਸ ਬਿਆਨ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਹੈ। ਵਿਰੋਧੀ ਧਿਰਾਂ ਨੇ ਜਿਥੇ ਜਨਰਲ ਬਰਾੜ ਦੇ ਬਿਆਨ ਨੂੰ ਬਿਲਕੁਲ ਸਹੀ ਦੱਸਿਆ ਉਥੇ ਈ ਪੰਜਾਬ ਕਾਂਗਰਸ ਨੇ ਇਸ ਤੇ ਇਤਰਾਜ਼ ਜ਼ਾਹਿਰ ਕੀਤਾ ਹੈ।
ਇਸ ਬਿਆਨ ਦੇ ਮਾਇਨੇ ਕੀ? ਸੀਨੀਅਰ ਪੱਤਰਕਾਰ ਬਲਜੀਤ ਮਰਵਾਹਾ ਕਹਿੰਦੇ ਹਨ ਕਿ ਨਾ ਤਾਂ ਇਹ ਬਿਆਨ ਕੋਈ ਪਹਿਲੀ ਵਾਰ ਆਇਆ ਅਤੇ ਨਾ ਹੀ ਇਸ ਦੇ ਵਿਚ ਕੁਝ ਸਨਸਨੀਖੇਜ ਹੈ। ਜਿਸ ਦੇ ਕੋਈ ਬਹੁਤ ਵੱਡੇ ਮਾਇਨੇ ਹਨ। ਜਨਰਲ ਕੁਲਦੀਪ ਸਿੰਘ ਬਰਾੜ ਨੇ ਆਪਣੀ ਕਿਤਾਬ ਵਿਚ ਵੀ ਇਸ ਬਾਰੇ ਜ਼ਿਕਰ ਕੀਤਾ ਹੈ। ਫੌਜ ਦੇ ਕਈ ਵੱਡੇ ਅਫ਼ਸਰ ਵੀ ਇਸ ਦਾ ਸੰਕੇਤ ਦੇ ਚੁੱਕੇ ਹਨ। ਇਸ ਬਿਆਨ ਵਿਚ ਕੁਝ ਵੀ ਨਵਾਂ ਨਹੀਂ ਹੈ। ਹਾਂ ਸਿੱਧੇ ਤੌਰ ਉਤੇ ਕਦੇ ਵੀ ਉਹਨਾਂ ਨੇ ਕੁਝ ਨਹੀਂ ਕਿਹਾ ਪਰ ਸਮੇਂ-ਸਮੇਂ ਬਿਆਨ ਜ਼ਰੂਰ ਆਉਦੇ ਰਹੇ। ਆਪ੍ਰੇਸ਼ਨ ਬਲੂ ਸਟਾਰ ਦੇ ਗਵਾਹ ਕਈ ਸੀਨੀਅਰ ਪੱਤਰਕਾਰ ਅਤੇ ਲੇਖਕ ਆਪਣੀਆਂ ਕਿਤਾਬਾਂ ਅਤੇ ਲੇਖਾਂ ਵਿਚ ਇਸ ਦਾ ਜ਼ਿਕਰ ਕਰ ਚੁੱਕੇ ਹਨ। ਇਹ ਜੱਗ ਜਾਹਿਰ ਹੈ ਕਿ 80 ਦੇ ਦਹਾਕੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਟੱਕਰ ਦੇਣ ਵਾਲਾ ਕੋਈ ਨਹੀਂ ਸੀ। ਇੰਦਰਾ ਗਾਂਧੀ ਕਿਸੇ ਭਗਵੇਂ ਚਿਹਰੇ ਦੀ ਤਲਾਸ਼ ਵਿਚ ਸੀ। ਜੋ ਭਿੰਡਰਵਾਲੇ ਦੇ ਰੂਪ ਵਿਚ ਖ਼ਤਮ ਹੋਈ। ਇਹ ਸੱਚ ਹੈ ਕਿ ਭਿੰਡਰਾਂਵਾਲਾ ਨੂੰ ਸਿਖਰ ’ਤੇ ਬਿਠਾ ਕੇ ਸਾਰੀਆਂ ਤਾਕਤਾਂ ਦਿੱਤੀਆਂ। ਜਦੋਂ ਉਸ ਦਾ ਆਧਾਰ ਵਧਿਆ ਤਾਂ ਇੰਦਰਾ ਗਾਂਧੀ ਨੇ ਖੁਦ ਮਰਵਾ ਦਿੱਤਾ। ਇਹ ਕੋਈ ਨਵੀਆਂ ਗੱਲਾਂ ਨਹੀਂ ’ਤੇ ਨਾ ਹੀ ਕੁਝ ਲੁੱਕਿਆ ਛੁੱਪਿਆ ਹੈ।
ਜਨਰਲ ਬਰਾੜ ਦਾ ਬਿਆਨ ਬਿਲਕੁਲ ਸਹੀ: ਪੰਜਾਬ ਭਾਜਪਾ ਦੇ ਆਗੂ ਹਰਜੀਤ ਗਰੇਵਾਲ ਨੇ ਜਨਰਲ ਕੁਲਦੀਪ ਸਿੰਘ ਬਰਾੜ ਦੇ ਇਸ ਬਿਆਨ ਨੂੰ ਬਿਲਕੁਲ ਸਹੀ ਦੱਸਿਆ ਹੈ। ਉਹਨਾਂ ਕਿਹਾ ਜਨਰਲ ਬਰਾੜ ਨੇ ਜੋ ਕੁਝ ਵੀ ਕਿਹਾ ਉਹ ਬਿਲਕੁਲ ਦਰੁਸਤ ਹੈ। ਹਰਜੀਤ ਗਰੇਵਾਲ ਨੇ ਕਿਹਾ ਕਿ ਭਿੰਡਰਾਂਵਾਲੇ ਨਾਲ ਪਹਿਲਾਂ ਜ਼ਿਆਦਾ ਲੋਕ ਨਹੀਂ ਸਨ ਉਹ ਇਕ ਧਾਰਮਿਕ ਵਿਅਕਤੀ ਸੀ। ਹੌਲੀ ਹੌਲੀ ਜਨਤਾ ਦਾ ਸਮਰਥਨ ਭਿੰਡਰਾਂਵਾਲੇ ਨਾਲ ਵੱਧਦਾ ਗਿਆ ਅਤੇ ਉਹ ਗਲਤ ਹੱਥਾਂ ਵਿਚ ਆ ਗਿਆ। ਜਿਸ ਦੀ ਵਜ੍ਹਾ ਕਰਕੇ ਸ੍ਰੀ ਹਰਮੰਦਿਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਹੋਇਆ।
ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਦੇਸ਼ ਨੂੰ ਕਈ ਵਾਰ ਖਮਿਆਜਾ ਭੁਗਤਨਾ ਪੈਂਦਾ ਹੈ। ਇਸ ਦਾ ਖਮਿਆਜਾ ਕੌਮ ਨੂੰ ਵੀ ਭੁਗਤਾਨ ਕਰਨਾ ਪਿਆ। ਇਸਦੇ ਨਾਲ ਹੀ ਹਰਜੀਤ ਗਰੇਵਾਲ ਨੇ ਅੰਮ੍ਰਿਤਪਾਲ ਨੂੰ ਨਿਸ਼ਾਨੇ 'ਤੇ ਲਿਆ। ਉਹਨਾਂ ਆਖਿਆ ਕਿ ਅੰਮ੍ਰਿਤਪਾਲ ਨਾਲ ਵੀ ਅੱਜ ਚੰਦ ਹੀ ਲੋਕ ਨੇ ਜੇਕਰ ਉਸ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਓਹੀ ਹਾਲਾਤ ਪੈਦਾ ਹੋ ਜਾਣਗੇ।
ਇਹ ਬਿਆਨ ਦਿੱਤਾ ਨਹੀਂ ਦਿਵਾਇਆ ਗਿਆ: ਜਨਰਲ ਬਰਾੜ ਦੇ ਬਿਆਨ ਤੇ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਹਨਾਂ ਆਖਿਆ ਹੈ ਕਿ ਜਨਰਲ ਬਰਾੜ ਦਾ ਇਹ ਬਿਆਨ ਬਿਲਕੁਲ ਗੈਰ ਜ਼ਰੂਰੀ, ਗੈਰ ਜ਼ਿੰਮੇਵਰਾਨਾ ਅਤੇ ਨਿਰਮੂਲ ਹੈ। ਇਸ ਬਿਆਨ ਦੇ ਪਿੱਛੇ ਕੇਂਦਰ ਸਰਕਾਰ ਅਤੇ ਏਜੰਸੀਆਂ ਦਾ ਹੱਥ ਹੈ। ਰਾਹੁਲ ਗਾਂਧੀ ਦਾ ਜਨਅਧਾਰ ਲਗਾਤਾਰ ਵੱਧ ਰਿਹਾ ਹੈ। ਉਸ ਤੋਂ ਬੌਖਲਾ ਕੇ ਅਜਿਹੇ ਬਿਆਨ ਦਿਵਾਏ ਜਾ ਰਹੇ ਹਨ। ਇਹ ਬਿਆਨ ਜਨਰਲ ਬਰਾੜ ਨੇ ਆਪ ਨਹੀਂ ਦਿੱਤਾ ਇਸ ਦੇ ਪਿੱਛੇ ਸਰਕਾਰੀ ਤਾਕਤਾਂ ਦਾ ਹੱਥ ਹੈ। ਅੱਜ 30 ਸਾਲ ਬਾਅਦ ਇਹ ਬਿਆਨ ਜਾਰੀ ਕਰਨ ਦਾ ਕੀ ਮਤਲਬ ਸੀ ਇਸ ਦੀ ਕੋਈ ਤੁਕ ਨਹੀਂ ਬਣਦੀ ਜੇਕਰ ਅਜਿਹਾ ਸੀ ਤਾਂ ਪਹਿਲਾਂ ਇਹ ਬਿਆਨ ਜਾਰੀ ਕਿਉਂ ਨਹੀਂ ਕੀਤਾ ਗਿਆ। ਇਹ ਰਾਜਨੀਤੀ ਤੋਂ ਪ੍ਰਭਾਵਿਤ ਬਿਆਨ ਹੈ ਜੋ ਕਾਂਗਰਸ ਪਾਰਟੀ ਦੇ ਵੱਧਦੇ ਪ੍ਰਭਾਵ ਤੋਂ ਘਬਰਾ ਕੇ ਦਿੱਤਾ ਗਿਆ ਹੈ।