ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਚੌਥਾ ਦਿਨ ਵੀ ਹੰਗਾਮੇਦਾਰ ਰਿਹਾ ਹੈ। ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੀ ਕਾਰਵਾਈ ਨੂੰ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਸੈਸ਼ਨ ਦੌਰਾਨ ਅੱਜ ਵੀ ਵਿਰੋਧੀ ਧਿਰ ਵੱਲੋਂ ਹੰਮਾਗਾ ਕੀਤਾ ਗਿਆ ਤੇ ਕਾਨੂੰਨ ਵਿਵਸਥਾ ਸਣੇ ਕਈ ਮੁੱਦਿਆਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ। ਦੱਸ ਦਈਏ ਕਿ ਭਲਕੇ ਯਾਨੀ ਸ਼ੁਕਰਵਾਰ ਦੇ ਬਜਟ ਇਜਲਾਸ ਉੱਤੇ ਸਭ ਦੀਆਂ ਨਜ਼ਰਾਂ ਹਨ, ਕਿਉਂਕਿ ਕੱਲ੍ਹ ਵਿੱਤ ਮੰਤਰੀ ਹਰਪਾਲ ਚੀਮਾ ਆਪਣੀ ਸਰਕਾਰ ਦਾ ਪਹਿਲਾਂ ਬਜਟ ਪੇਸ਼ ਕਰਨਗੇ।
ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦਾ ਘਿਰਾਓ: ਪੰਜਾਬ ਵਿੱਚ ਕਾਨੂੰਨ ਵਿਵਸਥਾ ਮੁੱਦੇ ਉੱਤੇ ਭਾਜਪਾ ਵੱਲੋਂ ਪੰਜਾਬ ਵਿਧਾਨਸਭਾ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਭਾਜਪਾ ਪ੍ਰਦਰਸ਼ਨਕਾਰੀਆਂ ਉੱਤੇ ਚੰਡੀਗੜ੍ਹ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੁੱਝ ਹੋਰ ਭਾਜਪਾ ਪ੍ਰਦਰਸ਼ਨਕਾਰੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਸ ਮੌਕੇ ਹਾਲ ਹੀ ਵਿੱਚ ਭਾਜਪਾ 'ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਤਾਂ ਕਈ ਸਾਲਾਂ ਤੋਂ ਖਰਾਬ ਸਨ, ਪਰ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ।
ਭਾਜਪਾ ਵਿਧਾਨਸਭਾ ਦਾ ਘਿਰਾਓ ਕਰਨ ਵਿੱਚ ਰਹੀ ਨਾਕਾਮ: ਹਾਲਾਂਕਿ ਭਾਰਤੀ ਜਨਤਾ ਪਾਰਟੀ ਦੇ ਪ੍ਰਦਰਸ਼ਨਕਾਰੀ ਨੇਤਾ ਪੰਜਾਬ ਵਿਧਾਨਸਭਾ ਦਾ ਘਿਰਾਓ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਦੇ ਪੰਜਾਬ ਵਿਧਾਨਸਭਾ ਵੱਲ ਕੂਚ ਕਰਨ ਤੋਂ ਪਹਿਲਾਂ ਪ੍ਰਸ਼ਾਸਨ ਨੇ ਉਨ੍ਹਾਂ ਉੱਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਕਈ ਭਾਜਪਾ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਕਈਆਂ ਨੂੰ ਪਾਣੀ ਦੀਆਂ ਬੁਛਾੜਾਂ ਨਾਲ ਖਦੇੜ ਦਿੱਤਾ ਗਿਆ।
ਕਤਲ ਵਾਲੇ ਦਿਨ ਮੂਸੇਵਾਲਾ ਗੰਨਮੈਨ ਨਹੀਂ ਲੈ ਕੇ ਗਏ: ਕਾਂਗਰਸ ਵੱਲੋਂ ਸਦਨ ਵਿੱਚ ਮੂਸੇਵਾਲਾ ਕਤਲਕਾਂਡ ਦਾ ਮੁੱਦਾ ਚੁੱਕਿਆ ਗਿਆ ਹੈ। ਜਿਸ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੂਸੇਵਾਲਾ ਦੀ ਪੂਰੀ ਸਕਿਉਰਿਟੀ ਵਾਪਸ ਨਹੀਂ ਲਈ ਸੀ, ਉਨ੍ਹਾਂ ਕੋਲ 2 ਗੰਨਮੈਨ ਸੀ। ਕਤਲ ਵਾਲੇ ਦਿਨ ਮੂਸੇਵਾਲਾ ਗੰਨਮੈਨ ਨਹੀਂ ਲੈ ਕੇ ਗਏ ਸੀ।
NRI ਸਿੰਘ ਦੇ ਕਤਲ ਮਾਮਲੇ 'ਤੇ ਚੁੱਕੇ ਸਵਾਲ: ਸਦਨ ਦੀ ਕਾਰਵਾਈ ਤੋਂ ਪਹਿਲਾਂ, ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ NRI ਨੌਜਵਾਨ ਦੇ ਕਤਲ ਮਾਮਲੇ ਉੱਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਮੈ ਪਹਿਲਾਂ ਹੀ ਕਿਹਾ ਕਿ ਪੰਜਾਬ ਦੇ ਹਾਲਾਤ ਖਰਾਬ ਹੋ ਚੁੱਕੇ ਹਨ। ਪਰ, ਜਦੋਂ ਇਹ ਸਵਾਲ ਅਸੀਂ ਕਰਦੇ ਹਾਂ, ਤਾਂ ਜਵਾਬ ਵਿੱਚ ਆਪ ਮੰਤਰੀ ਕਹਿੰਦੇ ਹਨ ਕਿ ਤੁਹਾਡੇ ਸਰਕਾਰ ਵੇਲ੍ਹੇ ਇਹ ਸਭ ਹੁੰਦਾ ਸੀ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਪੁਰਾਣੀ ਸਰਕਾਰ ਵੇਲ੍ਹੇ ਦੇ ਹਾਲਾਤਾਂ ਨਾਲ ਤੇ ਯੂਪੀ ਨਾਲ ਤੋਲਣ ਦੀ ਬਜਾਏ, ਇਹ ਕੰਮ ਕਰਕੇ ਵਿਖਾਉਣ, ਮਿਹਣੇ ਨਾ ਮਾਰੋ।
ਇਨ੍ਹਾਂ ਕੋਲ ਖਾਣ ਲਈ ਪੈਸੇ ਨਹੀਂ: ਸਦਨ ਦੀ ਕਾਰਵਾਈ ਤੋਂ ਪਹਿਲਾਂ, ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪ ਸਰਕਾਰ ਉੱਤੇ ਨਿਸ਼ਾਨੇ ਸਾਧਦੇ ਕਿਹਾ ਕਿ ਬਜਟ ਦੀ ਇਨ੍ਹਾਂ ਤੋਂ ਕੀ ਉਮੀਦ ਰੱਖਣੀ ਹੈ। ਇਨ੍ਹਾਂ ਕੋਲ ਤਾਂ ਖਾਣ ਲਈ ਪੈਸੇ ਨਹੀਂ ਹਨ। ਬੁਢਾਪਾ ਪੈਂਸ਼ਨ, ਅਸ਼ੀਰਵਾਦ ਸਕੀਮ ਤੇ ਵਿਧਵਾ ਸਕੀਮ ਵਿੱਚ ਇੱਕ ਰੁਪਇਆ ਵੀ ਨਹੀਂ ਵਧਾਇਆ। ਪ੍ਰਤਾਪ ਬਾਜਵਾ ਨੇ ਕਿਹਾ ਕਿ ਮਾਇੰਨਿਗ ਚੋਂ ਕਿੰਨਾ ਕਮਾਇਆ, ਇਸ ਦਾ ਜਵਾਬ ਜਦੋਂ ਭਗਵੰਤ ਮਾਨ ਨਹੀਂ ਸਕੇ ਤਾਂ ਭੜਕ ਗਏ। ਮਾਨ ਨੇ ਕਿਹਾ ਕਿ ਭਗਵੰਤ ਮਾਨ ਉਸ ਦਿਨ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਿਉਂ ਨਹੀਂ ਮਿਲ ਸਕੇ।
ਸੀਐਮਓ ਦੇ ਮੀਡੀਆ ਐਡਵਾਈਜ਼ਰ ਉੱਤੇ ਕਨੂੰਨੀ ਕਾਰਵਾਈ ਦੀ ਮੰਗ: ਵਿਰੋਧੀ ਧਿਰ ਆਗੂ ਪ੍ਰਤਾਬ ਬਾਜਵਾ ਨੇ ਕਿਹਾ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਇਕ ਵਾਰ ਫਿਰ ਮੈਨੂੰ ਕਿਹਾ ਕਿ ਤੁਸੀਂ ਸਾਨੂੰ ਇਨਸਾਫ ਦਿਵਾਉਣ ਲਈ ਇਹ ਆਵਾਜ਼ ਚੁੱਕੋ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਦੇ ਪਰਿਵਾਰ ਦਾ ਮੰਨਣਾ ਹੈ ਕਿ ਸੀਐਮਓ ਦੇ ਮੀਡੀਆ ਐਡਵਾਇਜ਼ਰੀ ਦਾ ਅਸਤੀਫਾ ਲੈ ਕੇ ਉਸ ਉੱਤੇ ਕਾਨੂੰਨੀ ਕਾਰਵਾਈ ਹੋਵੇ। ਉਨ੍ਹਾਂ ਕਿਹਾ ਉਸ ਨੇ ਸੀਐਮ ਦੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਗਾਰਡਾਂ ਸਬੰਧੀ ਜਾਣਕਾਰੀ ਪਾਈ ਸੀ ਤੇ ਉਸ ਦਾ ਫਾਇਦਾ ਗੈਂਗਸਟਰ ਗੋਲਡੀ ਬਰਾੜ ਨੇ ਚੁੱਕਿਆ। ਪ੍ਰਤਾਪ ਬਾਜਵਾ ਨੇ ਕਿਹਾ ਮਰਹੂਮ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਮੰਗ ਹੈ ਕਿ ਉਸ ਉੱਤੇ ਕਾਰਵਾਈ ਹੋਵੇ।
ਬੁੱਧਵਾਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਵੀ ਲਾਇਆ ਸੀ ਧਰਨਾ: ਬਜਟ ਇਜਲਾਸ ਦੇ ਤੀਜੇ ਦਿਨ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਵੀ ਇਨਸਾਫ਼ ਲਈ ਵਿਧਾਨ ਸਭਾ ਦੇ ਬਾਹਰ ਧਰਨੇ ਉੱਤੇ ਬੈਠ ਗਏ ਸਨ। ਇਸ ਧਰਨੇ ਦੌਰਾਨ ਉਹਨਾਂ ਦੇ ਨਾਲ ਕਾਂਗਰਸ ਦੇ ਕਈ ਵਿਧਾਇਕ ਵੀ ਮੌਜੂਦ ਸਨ। ਮਾਮਲਾ ਭਖਦਾ ਦੇਖ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ 20 ਮਰਾਚ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨਾਲ ਮੁਲਾਕਾਤ ਕਰਨਗੇ, ਜਿਸ ਤੋਂ ਮਗਰੋਂ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੇ ਧਰਨਾ ਖ਼ਤਮ ਕਰ ਦਿੱਤਾ ਸੀ।