ਚੰਡੀਗੜ੍ਹ: ਮਨੀਮਾਜਰਾ ਦੀ ਸਾਬਕਾ ਮਹਿਲਾ ਐੱਸ.ਐੱਚ.ਓ ਜਸਵਿੰਦਰ ਕੌਰ ਰਿਸ਼ਵਤ ਮੰਗਣ ਦੇ ਦੋਸ਼ਾਂ ਦੇ ਹੇਠ ਜੇਲ੍ਹ ਵਿੱਚ ਬੰਦ ਹੈ। ਸਾਬਕਾ ਐੱਸ.ਐੱਚ.ਓ ਨੇ ਚੰਡੀਗੜ੍ਹ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿੱਚ ਅੰਤਰਿਮ ਜ਼ਮਾਨਤ ਦੇ ਲਈ ਪਟੀਸ਼ਨ ਪਾਈ ਸੀ।
ਜਸਵਿੰਦਰ ਕੌਰ ਨੇ ਪਟੀਸ਼ਨ ਵਿੱਚ ਕਿਹਾ ਹੈ ਕਿ ਉਸ ਦੇ ਮੁੰਡੇ ਦਾ ਵਿਆਹ 14 ਅਗਸਤ ਨੂੰ ਹੋਣਾ ਹੈ। ਉਸ ਨੂੰ ਆਪਣੇ ਬੇਟੇ ਦੇ ਵਿਆਹ ਦੀਆਂ ਕਈ ਰਸਮਾਂ ਅਦਾ ਕਰਨ ਦੇ ਲਈ ਅੰਤਰਿਮ ਜ਼ਮਾਨਤ ਦੀ ਲੋੜ ਹੈ।
ਸਾਬਕਾ ਮਹਿਲਾ ਐੱਸ.ਐੱਚ.ਓ. ਨੇ ਕਿਹਾ ਕਿ ਉਹ ਨਾ ਤਾਂ ਮਨੀਮਾਜਰਾ ਜਾਵੇਗੀ ਅਤੇ ਨਾ ਹੀ ਕਿਸੇ ਸਬੂਤ ਜਾਂ ਗਵਾਹ ਨਾਲ ਛੇੜਛਾੜ ਕਰੇਗੀ, ਉਸ ਦਾ ਮਕਸਦ ਸਿਰਫ਼ ਤੇ ਸਿਰਫ਼ ਵਿਆਹ ਸਮਾਗਮ ਵਿੱਚ ਜਾਣ ਦਾ ਹੀ ਹੈ।
ਤੁਹਾਨੂੰ ਦੱਸ ਦਈਏ ਕਿ ਜਸਵਿੰਦਰ ਨੇ 13 ਅਗਸਤ ਤੋਂ 15 ਅਗਸਤ ਤੱਕ ਜ਼ਮਾਨਤ ਦੀ ਮੰਗ ਕੀਤੀ ਹੈ।
ਇਸ ਨਾਲ ਹੀ ਜਸਵਿੰਦਰ ਕੌਰ ਨੇ ਅਦਾਲਤ ਵਿੱਚ ਇੱਕ ਹੋਰ ਪਟੀਸ਼ਨ ਪਾ ਕੇ ਉਸ ਨੂੰ 30 ਜੂਨ ਦੀ ਮਨੀਮਾਜਰਾ ਥਾਣੇ ਦੀ ਸੀਸੀਟੀਵੀ ਫੁਟੇਜ ਦੇਣ ਦੀ ਅਪੀਲ ਵੀ ਕੀਤੀ ਹੈ, ਜਿਸ ਦੀ ਕੇਸ ਦੀ ਸੁਣਵਾਈ ਦੌਰਾਨ ਲੋੜ ਪੈ ਸਕਦੀ ਹੈ।
ਜਾਣੋ ਕੀ ਹੈ ਪੂਰਾ ਮਾਮਲਾ...
ਮਨੀਮਾਜਰਾ ਦੇ ਵਸਨੀਕ ਗੁਰਦੀਪ ਸਿੰਘ ਨੇ 26 ਜੂਨ ਨੂੰ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਮਨੀਮਾਜਰਾ ਥਾਣੇ ਦੀ ਐੱਸ.ਐੱਚ.ਓ. ਜਸਵਿੰਦਰ ਕੌਰ ਨੇ ਬੁਲਾਇਆ ਸੀ ਅਤੇ ਉਸ ਵਿਰੁੱਧ ਸ਼ਿਕਾਇਤ ਆਈ ਨੂੰ ਰਫ਼ਾ-ਦਫ਼ਾ ਕਰਨ ਦੇ ਲਈ 5 ਲੱਖ ਰੁਪਏ ਦੀ ਮੰਗ ਕੀਤੀ ਹੈ।
ਗੁਰਦੀਪ ਸਿੰਘ ਉਹ ਸਖ਼ਸ਼ ਹੈ ਜਿਸ ਦੇ ਵਿਰੁੱਧ ਰਣਧੀਰ ਸਿੰਘ ਨਾਂਅ ਦੇ ਵਿਅਕਤੀ ਨੇ ਥਾਣਾ ਮਨੀਮਾਜਰਾ ਵਿਖੇ ਨੌਕਰੀ ਦਾ ਝਾਂਸਾ ਦੇ ਕੇ 27 ਤੋਂ 28 ਲੱਖ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਕੀਤੀ ਸੀ।
ਸੀਬੀਆਈ ਦੀ ਟੀਮ ਵੱਲੋਂ ਗੁਰਦੀਪ ਸਿੰਘ ਵੱਲੋਂ ਰਿਸ਼ਵਤ ਦੇ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਭਗਵਾਨ ਸਿੰਘ ਵਾਸੀ ਢੰਡੋਲੀ ਕਲਾਂ ਨੂੰ ਦਿੰਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ।