ਚੰਡੀਗੜ੍ਹ: ਹੋਲੀ ਦੇ ਰੰਗਾਂ ਵਿੱਚ ਰੰਗਿਆ ਹਰ ਕੋਈ ਵਿਖਾਈ ਦੇ ਰਿਹਾ ਹੈ ਅਤੇ ਹੋਲੀ ਤੋਂ 2 ਦਿਨ ਪਹਿਲਾਂ ਹੀ ਹੋਲੀ ਦੇ ਰੰਗ ਉੱਡਣੇ ਸ਼ੁਰੂ ਹੋ ਗਏ ਹਨ। ਬਾਜ਼ਾਰਾਂ ਵਿੱਚ ਰੰਗ ਬਿਰੰਗੇ ਗੁਲਾਲ ਦੀਆਂ ਦੁਕਾਨਾਂ ਸੱਜੀਆਂ ਹਨ। ਭਾਵੇਂ ਹਰ ਸਾਲ ਹੋਲੀ ਨੂੰ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਪਰ ਇਸ ਸਾਲ ਦੀ ਹੋਲੀ ਪਿਛਲੀਆਂ ਹੋਲੀਆਂ ਨਾਲੋਂ ਖ਼ਾਸ ਹੈ ਕਿਉਂਕਿ ਕੋਰੋਨਾ ਦੇ ਸਾਏ ਤੋਂ ਬਾਅਦ ਲੋਕ ਖੁੱਲ੍ਹ ਕੇ ਇਸ ਵਾਰ ਹੋਲੀ ਮਨਾਉਣਗੇ। ਕੋਰੋਨਾ ਨੇ ਤਿਉਹਾਰਾਂ ਦਾ ਮਜ਼ਾ ਕਿਰਕਿਰਾ ਕਰ ਦਿੱਤਾ ਸੀ ਅਤੇ ਹੁਣ ਬਾਜ਼ਾਰ ਗੁਲਜ਼ਾਰ ਹੈ। ਹਾਲਾਂਕਿ ਲੋਕ ਕੋਰੋਨਾ ਤੋਂ ਬਾਅਦ ਚੁਕੰਨੇ ਹੋਏ ਹਨ ਅਤੇ ਹਰਬਲ ਰੰਗਾਂ ਦੀ ਖਰੀਦ ਜ਼ਿਆਦਾ ਕਰ ਰਹੇ ਹਨ। ਦੁਕਾਨਦਾਰ ਵੀ ਉਤਸ਼ਾਹਿਤ ਹਨ ਕਿਉਂਕਿ ਇਸ ਹੋਲੀ ਉਹਨਾਂ ਦੀ ਚਾਂਦੀ ਹੋ ਰਹੀ ਹੈ।
ਕੋਰੋਨਾ ਤੋਂ ਬਾਅਦ ਗੂੜੇ ਹੋਏ ਹੋਲੀ ਦੇ ਰੰਗ: ਈਟੀਵੀ ਭਾਰਤ ਨਾਲ ਗੱਲ ਕਰਦਿਆਂ ਦੁਕਾਨਦਾਰ ਸਾਹਿਲ ਨੇ ਕਿਹਾ ਕਿ 2 ਸਾਲ ਬਾਅਦ ਲੋਕੀ ਹੋਲੀ ਮਨਾਉਣ ਲਈ ਉਤਸ਼ਾਹਿਤ ਵਿਖਾਈ ਦੇ ਰਹੇ ਹਨ। ਹੁਣ ਕੋਰੋਨਾ ਤੋਂ ਬਾਅਦ ਲੋਕੀ ਵਧੀਆ ਤਰੀਕੇ ਨਾਲ ਹੋਲੀ ਮਨਾਉਣਗੇ। ਉਹਨਾਂ ਦੱਸਿਆ ਕਿ ਕੋਰੋਨਾ ਦਾ ਦੌਰ ਬੜਾ ਹੀ ਮਾਯੂਸੀ ਵਾਲਾ ਸੀ ਕਈਆਂ ਨੂੰ ਆਪਣਿਆਂ ਦਾ ਵਿਛੋੜਾ ਝੱਲਣਾ ਪਿਆ। ਉਹ ਬੜਾ ਦੁਖਦ ਦੌਰ ਸੀ ਨਾ ਕੋਈ ਵਿਕਰੀ ਹੋਈ ਅਤੇ ਨਾ ਹੀ ਹੋਲੀ ਖੇਡੀ ਗਈ। ਲੋਕ ਇਕ ਦੂਜੇ ਤੋਂ ਦੂਰ ਭੱਜਦੇ ਸਨ ਤਾਂ ਫਿਰ ਹੋਲੀ ਕਿਵੇਂ ਮਨਾਉਂਦੇ, ਹੁਣ ਲੋਕ ਸਭ ਕੁਝ ਭੁੱਲ ਚੁੱਕੇ ਹਨ ਅਤੇ ਸਭ ਕੁਝ ਪਿੱਛੇ ਛੱਡ ਕੇ ਚਾਵਾਂ ਨਾਲ ਹੋਲੀ ਮਨਾਉਣਗੇ। ਉਹਨਾਂ ਦੱਸਿਆ ਕਿ ਕੋਰੋਨਾ ਤੋਂ ਪਹਿਲਾਂ ਕੈਮੀਕਲ ਪੱਕੇ ਰੰਗਾਂ ਨਾਲ ਹੋਲੀ ਖੇਡੀ ਜਾਂਦੀ ਸੀ, ਪਰ ਕੋਰੋਨਾ ਲੋਕਾਂ ਨੂੰ ਜੀਵਨ ਜਾਂਚ ਸਿਖਾ ਗਿਆ ਅਤੇ ਜ਼ਿੰਦਗੀ ਜਿਉਣ ਦਾ ਤਰੀਕਾ ਵੀ ਬਦਲ ਗਿਆ ਜਿਸ ਦਾ ਅਸਰ ਹੋਲੀ ਦੇ ਤਿਉਹਾਰ ਉੱਤੇ ਵੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਲੋਕ ਹਰਬਲ ਰੰਗ ਖਰੀਦ ਰਹੇ ਹਨ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਇਹਨਾਂ ਦਿਨਾਂ ਵਿੱਚ ਕੋਕ ਬਰਾਂਡ ਦੀ ਮੰਗ ਵਧੀ ਹੋਈ ਹੈ ਜੋ ਕਿ ਹਰਬਲ ਰੰਗ ਹੈ ਹਰ ਕੋਈ ਅਜਿਹੇ ਰੰਗ ਖਰੀਦਣ ਨੂੰ ਹੀ ਤਵੱਜੋਂ ਦੇ ਰਿਹਾ ਹੈ।
ਨਵੇਂ ਟਰੈਂਡ ਦੀਆਂ ਪਿਚਕਾਰੀਆਂ ਦੀ ਭਰਮਾਰ: ਦੁਕਾਨਾਂ ਉੱਤੇ ਜਿੱਥੇ ਹਰਬਲ ਰੰਗਾਂ ਦੀ ਮੰਗ ਵਧੀ ਹੋਈ ਹੈ ਉੱਥੇ ਹੀ ਨਵੇਂ ਡਿਜ਼ਾਈਨ ਦੀਆਂ ਪਿਚਕਾਰੀਆਂ ਵੀ ਬਜ਼ਾਰ ਵੀ ਆਈਆਂ ਹਨ ਜਿਹਨਾਂ ਵਿਚ ਪਾਣੀ ਤੋਂ ਇਲਾਵਾ ਸੁੱਕੇ ਰੰਗਾਂ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਅਤੇ ਪਿਚਕਾਰੀ ਵਿੱਚ ਸੁੱਕੇ ਰੰਗ ਪਾ ਕੇ ਹੋਲੀ ਖੇਡੀ ਜਾ ਸਕਦੀ ਹੈ। ਸਾਹਿਲ ਨੇ ਦੱਸਿਆ ਕਿ ਹਰਬਲ ਰੰਗਾਂ ਦੀ ਚੰਗੀ ਵਿਕਰੀ ਹੋ ਰਹੀ ਹੈ ਹਰ ਰੋਜ਼ 500 ਤੋਂ 600 ਲੋਕ ਰੰਗ ਖਰੀਦਣ ਉੁਹਨਾਂ ਦੀ ਦੁਕਾਨ 'ਤੇ ਆਉਂਦੇ ਹਨ। ਜ਼ਿਆਦਤਰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਰੰਗ ਖਰੀਦਣ ਆ ਰਹੇ ਹਨ, 3 ਦਿਨਾਂ ਤੱਕ ਹੋਲੀ ਖੇਡਣ ਦਾ ਪੂਰਾ ਚਾਅ ਹੈ। ਇਸ ਵਾਰ 3 ਸਾਲ ਬਾਅਦ ਵਿਦਿਆਰਥੀ ਰੰਗ ਖਰੀਦਣ ਆ ਰਹੇ ਹਨ ਇਸੇ ਲਈ ਉਹ ਖੁੱਲ੍ਹ ਕੇ ਹੋਲੀ ਮਨਾ ਰਹੇ ਹਨ।
ਇਹ ਵੀ ਪੜ੍ਹੋ: Expectations From Punjab Budget: ਬਜਟ ਤੋਂ ਉਮੀਦਾਂ, ਹਜ਼ਾਰ ਰੁਪਏ ਦੇ ਨਾਲ-ਨਾਲ ਪੜ੍ਹੋ ਕੀ ਮੰਗ ਕਰ ਰਹੀਆਂ ਨੇ ਘਰੇਲੂ ਤੇ ਨੌਕਰੀਪੇਸ਼ਾ ਬੀਬੀਆਂ