ਚੰਡੀਗੜ੍ਹ: ਯੂਨੀਵਰਸਿਟੀ ਬਿਜ਼ਨਸ ਸਕੂਲ ਦੇ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨ ਵਾਸਤੇ ਖੇਡ ਦਿਹਾੜੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਾਈਸ ਚਾਂਸਲਰ ਪ੍ਰੋਫੈਸਰ ਰੇਨੂ ਵਿੱਜ ਵੱਲੋਂ ਖੇਡਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰੇਰਨਾਦਾਇਕ ਭਾਸ਼ਣ ਦਿੱਤਾ ਗਿਆ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ 8 ਕਿਲੋਮੀਟਰ ਸਾਈਕਲ ਰੇਸ ਦੇ ਨਾਲ ਹੋਰ ਕਈ ਖੇਡਾਂ ਦਾ ਆਯੋਜਨ ਕੀਤਾ ਗਿਆ।
ਦੱਸ ਦਈਏ ਯੂਨੀਵਰਸਿਟੀ ਬਿਜ਼ਨਸ ਸਕੂਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪਹਿਲੀ ਵਾਰ ਸਪੋਰਟਸ ਡੇਅ ਦਾ ਆਗਾਜ਼ ਕੀਤਾ ਗਿਆ ਹੈ। ਬਿਜ਼ਨਸ ਸਕੂਲ ਦੇ ਚੇਅਰਪਰਸਨ ਪ੍ਰੋਫੈਸਰ ਸੰਜੇ ਕੌਸ਼ਿਕ ਅਨੁਸਾਰ ਇਹ ਖੇਡ ਸਮਾਗਮ ਹਰ ਸਾਲ ਨਿਯਮਤ ਤੌਰ 'ਤੇ ਕਰਵਾਇਆ ਜਾਵੇਗਾ। ਇਹ ਸਿਹਤ ਅਤੇ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ UBS ਦੁਆਰਾ ਇੱਕ ਪਹਿਲ ਹੈ। ਉਨ੍ਹਾਂ ਮੁਤਾਬਿਕ ਯੂਬੀਐੱਸ ਵਿੱਚ ਵੱਖ-ਵੱਖ ਨਵੇਂ ਸੈੱਲ ਅਤੇ ਕਲੱਬ ਸ਼ੁਰੂ ਕੀਤੇ ਗਏ ਹਨ ਜਿਵੇਂ ਕਿ ਹੈਲਥ ਐਂਡ ਵੈਲਨੈਸ ਕਲੱਬ, ਐਂਟਰਪ੍ਰਿਨਿਓਰਸ਼ਿਪ ਐਂਡ ਡਿਵੈਲਪਮੈਂਟ ਸੈੱਲ, ਪਬਲਿਕ ਰਿਲੇਸ਼ਨ ਸੈੱਲ ਆਦਿ। ਹੈਲਥ ਐਂਡ ਵੈਲਨੈਸ ਕਲੱਬ ਅਤੇ ਬਿਜ਼ਨਸ ਸੈੱਲ ਵੱਲੋਂ ਖੇਡ ਦਿਵਸ ਦਾ ਆਯੋਜਨ ਕੀਤਾ ਗਿਆ ਹੈ।
ਵੀਸੀ ਨੇ ਦਿੱਤਾ ਭਾਸ਼ਣ: ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦੇ ਸੁਆਗਤ ਨਾਲ ਹੋਈ ਜਿਸ ਤੋਂ ਬਾਅਦ ਵਾਈਸ ਚਾਂਸਲਰ ਪ੍ਰੋ, ਰੇਨੂੰ ਵਿੱਜ ਨੇ ਝੰਡਾ ਲਹਿਰਾਇਆ। ਸਮਾਗਮ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ, ਰੇਣੂ ਵਿੱਜ ਨੇ ਯੂਨੀਵਰਸਿਟੀ ਵੱਲੋਂ ਆਯੋਜਿਤ ਖੇਡ ਸਾਮਰੋਹ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ "ਖੇਡਾਂ ਹਰ ਮਨੁੱਖੀ ਜੀਵਨ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੂੰ ਫਿੱਟ ਅਤੇ ਤੰਦਰੁਸਤ ਰੱਖਦੀਆਂ ਹਨ, ਜੋ ਕਿ ਲੋਕਾਂ ਦੀ ਸਖ਼ਸ਼ੀਅਤ ਨੂੰ ਵੀ ਨਿਖਾਰਦੀਆਂ ਹਨ ਅਤੇ ਅਜਿਹੇ ਉਪਰਾਲੇ ਅਕਾਦਮਿਕ ਤੋਂ ਇਲਾਵਾ ਪਾਠਕ੍ਰਮ ਤੋਂ ਬਾਹਰਲੀਆਂ ਗਤੀਵਿਧੀਆਂ ਵਿੱਚ ਪ੍ਰਬੰਧਨ ਦੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਨੂੰ ਉਤਸ਼ਾਹਿਤ ਕਰਕੇ ਮਾਨਸਿਕ ਸਿਹਤ, ਜੀਵਨ ਦੀ ਗੁਣਵੱਤਾ ਅਤੇ ਤੰਦਰੁਸਤੀ ਦੀ ਸਾਰਥਕਤਾ 'ਤੇ ਜ਼ੋਰ ਦਿੰਦੇ ਨੇ ਜੋ ਕਿ ਇੱਕ ਵਿਅਕਤੀ ਅਤੇ ਸਮਾਜ ਲਈ ਬਹੁਤ ਮਹੱਤਵਪੂਰਨ ਨੇ।
ਇਹ ਖੇਡਾਂ ਕਰਵਾਈਆਂ ਗਈਆਂ: ਈਵੈਂਟ ਦੀ ਸ਼ੁਰੂਆਤ 8 ਕਿਲੋਮੀਟਰ ਦੀ ਸਾਈਕਲ ਰੇਸ ਨਾਲ ਹੋਈ ਜਿਸ ਤੋਂ ਬਾਅਦ 100 ਮੀਟਰ ਦੌੜ, ਪੁਸ਼-ਅੱਪ, ਥ੍ਰੀ ਲੇਗ ਰੇਸ, ਰਿਲੇਅ ਰੇਸ, ਜੈਵਲਿਨ ਥਰੋਅ, ਸ਼ਾਰਟ ਪੁਟ, ਬੈਲੂਨ ਬਾਪ, ਲੈਮਨ ਰੇਸ, ਮਿਊਜ਼ੀਕਲ ਚੇਅਰ ਅਤੇ ਕ੍ਰਿਕਟ ਦੇ ਮੁਕਾਬਲੇ ਕਰਵਾਏ ਗਏ। ਵੱਖ-ਵੱਖ ਸਮਾਗਮਾਂ ਵਿੱਚ ਸਮੂਹ ਫੈਕਲਟੀ ਮੈਂਬਰਾਂ, ਨਾਨ-ਟੀਚਿੰਗ ਸਟਾਫ਼, ਰਿਸਰਚ ਸਕਾਲਰਾਂ ਨੇ ਭਾਗ ਲਿਆ। ਵੱਖ-ਵੱਖ ਮੁਕਾਬਲਿਆਂ ਲਈ ਫੈਕਲਟੀ, ਨਾਨ-ਟੀਚਿੰਗ ਅਤੇ ਵਿਦਿਆਰਥੀਆਂ ਦੀਆਂ ਟੀਮਾਂ ਬਣਾਈਆਂ ਗਈਆਂ ਸਨ। ਪ੍ਰੋਗਰਾਮ ਸ਼ਾਮ ਤੱਕ ਚੱਲਿਆ। ਅੰਤ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜੇਤੂਆਂ ਨੂੰ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ: Hearing on Manisha Gulati Case: ਮਨੀਸ਼ਾ ਗੁਲਾਟੀ ਦੀ ਪੰਜਾਬ ਸਰਕਾਰ ਦੇ ਹੁਕਮਾਂ ਵਿਰੁੱਧ ਦਾਇਰ ਪਟੀਸ਼ਨ 'ਤੇ ਸੁਣਵਾਈ ਅੱਜ