ਚੰਡੀਗੜ੍ਹ: ਪੰਜਾਬ ਦੀ ਮੁੱਖ ਸਕੱਤਰ (Chief Secretary)ਵਿਨੀ ਮਹਾਜਨ ਨੇ ਮੰਗਲਵਾਰ ਨੂੰ ਨਾਬਾਰਡ ਤੋਂ ਚਾਲੂ ਵਿੱਤੀ ਵਰ੍ਹੇ ਦੌਰਾਨ ਰਾਜ ਵਿੱਚ ਪੇਂਡੂ ਬੁਨਿਆਦੀ ਢਾਂਚਾ ਵਿਕਾਸ (Rural Infrastructure Development)ਪ੍ਰੋਜੈਕਟਾਂ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ। ਵਿਨੀ ਮਹਾਜਨ ਨੇ ਕਿਹਾ ਕਿ ਸੂਬੇ ਨੇ ਪੇਂਡੂ ਬੁਨਿਆਦੀ ਢਾਂਚਾ ਵਿਕਾਸ ਫੰਡ ਅਧੀਨ ਨਾਬਾਰਡ ਤੋਂ ਵਿੱਤੀ ਸਹਾਇਤਾ ਲੈਣ ਲਈ 1,022 ਕਰੋੜ ਰੁਪਏ ਦੇ ਪ੍ਰਾਜੈਕਟਾਂ ਨੂੰ ਪਹਿਲ ਦਿੱਤੀ ਹੈ ਅਤੇ ਜਦੋਂ ਕਿ ਲਗਭਗ 800 ਕਰੋੜ ਰੁਪਏ (800 crore)ਦੀ ਆਰ.ਆਈ.ਡੀ.ਐਫ ਸਹਾਇਤਾ ਨਾਲ ਪ੍ਰੋਜੈਕਟ ਪਹਿਲਾਂ ਹੀ ਨਾਬਾਰਡ ਕੋਲ ਮੁਲਾਂਕਣ ਲਈ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਹੈ ਕਿ ਰਾਜ ਨੂੰ ਪਹਿਲਾਂ ਹੀ ਆਰ.ਆਈ.ਡੀ.ਐੱਫ. ਅਧੀਨ 55 ਕਰੋੜ ਰੁਪਏ ਦੀ ਸਹਾਇਤਾ ਪ੍ਰਾਪਤ ਹੋ ਚੁੱਕੀ ਹੈ ਅਤੇ ਜਲਦੀ ਹੀ 35 ਕਰੋੜ ਰੁਪਏ ਦੀ ਹੋਰ ਸਹਾਇਤਾ ਮਿਲ ਜਾਏਗੀ।ਵਿਨੀ ਮਹਾਜਨ ਨੇ ਸਾਰੇ ਪ੍ਰਸ਼ਾਸਕੀ ਵਿਭਾਗਾਂ ਨੂੰ ਸਲਾਹ ਦਿੱਤੀ ਕਿ ਉਹ ਨਾਬਾਰਡ ਤੋਂ ਉਪਲਬਧ ਫੰਡਾਂ ਦੀ ਸਰਬੋਤਮ ਵਰਤੋਂ `ਤੇ ਧਿਆਨ ਕੇਂਦਰਤ ਕਰਨ ਅਤੇ ਇਨ੍ਹਾਂ ਪ੍ਰਾਜੈਕਟਾਂ ਨੂੰ ਪੂਰਾ ਕਰਨ ਦੀ ਗਤੀ ਤੇਜ਼ ਕਰਨ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਸਹਾਇਤਾ ਰਾਸ਼ੀ ਪ੍ਰਾਪਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਕੇ ਇਹ ਜਿੰਨੀ ਜਲਦੀ ਹੋ ਸਕੇ ਲੋਕ ਅਰਪਣ ਕੀਤੇ ਜਾਣ।
ਨਾਬਾਰਡ ਦੇ ਚੀਫ਼ ਜਨਰਲ ਮੈਨੇਜਰ ਡਾ. ਰਾਜੀਵ ਨੇ ਰਾਜ ਵਿੱਚ ਚੱਲ ਰਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਬਾਰੇ ਦੱਸਿਆ ਅਤੇ ਉਨ੍ਹਾਂ ਪ੍ਰੋਜੈਕਟਾਂ ਬਾਰੇ ਵੀ ਜਾਣੂ ਕਰਵਾਇਆ ਜੋ ਕਿ ਚਾਲੂ ਵਿੱਤੀ ਸਾਲ 2021-22 ਦੌਰਾਨ ਪੰਜਾਬ ਵੱਲੋਂ ਆਰ.ਆਈ.ਡੀ.ਐਫ. ਅਧੀਨ ਵਿੱਤੀ ਸਹਾਇਤਾ ਲੈਣ ਲਈ ਪੇਸ਼ ਕੀਤੇ ਗਏ ਹਨ।
ਮੀਟਿੰਗ ਦੌਰਾਨ ਆਰ.ਆਈ.ਡੀ.ਐਫ ਪ੍ਰਾਜੈਕਟਾਂ ਤੋਂ ਇਲਾਵਾ, ਮਾਈਕਰੋ ਸਿੰਚਾਈ ਫੰਡ, ਵੇਅਰ ਹਾਊਸਿੰਗ ਬੁਨਿਆਦੀ ਢਾਂਚਾ ਫੰਡ ਅਤੇ ਡੇਅਰੀ ਵਿਕਾਸ ਬੁਨਿਆਦੀ ਢਾਂਚੇ ਦੇ ਫੰਡਾਂ ਅਧੀਨ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਵੀ ਲਿਆ ਗਿਆ।ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਵਿਕਾਸ, ਪ੍ਰਮੁੱਖ ਸਕੱਤਰ ਵਿੱਤ ਅਤੇ ਵੱਖ-ਵੱਖ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ, ਸਕੱਤਰਾਂ, ਪ੍ਰਸ਼ਾਸਕੀ ਮੁਖੀਆਂ ਅਤੇ ਨਾਬਾਰਡ ਦੇ ਸੀ.ਜੀ.ਐੱਮ. ਨੇ ਹਿੱਸਾ ਲਿਆ।
ਇਹ ਵੀ ਪੜੋ:ਕੋਟਕਪੂਰਾ ਕੌਂਸਲ ਦੇ ਅਹੁਦੇਦਾਰਾਂ ਦੀ ਚੋਣ 'ਚ ਦੇਰੀ ਲਈ ਪੰਜਾਬ ਸਰਕਾਰ ਨੂੰ ਨੋਟਿਸ