ਚੰਡੀਗੜ੍ਹ: ਪੰਜ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿ ਉਹ ਚੰਡੀਗੜ੍ਹ ਵਿੱਚ 3 ਫਰਵਰੀ ਤੋਂ ਸ਼ੁਰੂ ਹੋਣ ਵਾਲਾ ਪੱਕਾ ਮੋਰਚਾ ਫਿਲਹਾਲ ਮੁਲਤਵੀ ਕਰਨ ਜਾ ਰਹੇ ਹਨ। ਬੀਕੇਯੂ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਪੰਜ ਜਥੇਬੰਦੀਆਂ ਨੇ ਇੱਕ ਮੀਟਿੰਗ ਕਰਕੇ ਪੱਕਾ ਮੋਰਚਾ ਫਿਲਹਾਲ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ।
ਕੌਮੀ ਇਨਸਾਫ਼ ਮੋਰਚੇ ਕਾਰਨ ਲਿਆ ਫ਼ੈਸਲਾ : ਰਾਜੇਵਾਲ ਨੇ ਕਿਹਾ ਕਿ ਮੋਹਾਲੀ ਵਿੱਚ ਪਹਿਲਾਂ ਹੀ ਇੱਕ ਕੌਮੀ ਇਨਸਾਫ਼ ਮੋਰਚਾ ਚੱਲ ਰਿਹਾ ਹੈ। ਹੁਣ ਇੱਕ ਹੋਰ ਮੋਰਚਾ ਲਗਾ ਕੇ ਕਿਸਾਨ ਜਥੇਬੰਦੀ ਇਸ ਨੂੰ ਪ੍ਰਭਾਵਿਤ ਨਹੀਂ ਕਰਨਾ ਚਾਹੁੰਦੀਆਂ। ਰਾਜੇਵਾਲ ਨੇ ਦੱਸਿਆ ਕਿ ਮੋਰਚਾ 7 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ ਅਤੇ ਉਹ (ਬੰਦੀ ਸਿੰਘਾਂ) ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਜੋ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ। ਰਾਜੇਵਾਲ ਨੇ ਕਿਹਾ ਇਹ ਮੋਰਚਾ ਸਿਰਫ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਹੈ ਇਹ ਮਨੁੱਖੀ ਅਧਿਕਾਰਾ ਨਾਲ ਜੁੜਿਆ ਮਾਮਲਾ ਹੈ।
ਕਿਸਾਨ ਜਥੇਬੰਦੀ ਛੇਤੀ ਹੀ ਸ਼ੁਰੂ ਕਰੇਗੀ ਇਹ ਮੁਹਿੰਮ: ਰਾਜੇਵਾਲ ਨੇ ਕਿਹਾ ਕਿ ਕਿਸਾਨਾਂ ਵੱਲੋਂ ਬੇਲੋੜੇ ਟਿਊਬਵੈੱਲਾਂ ਦੀ ਵਰਤੋਂ ਨਾ ਕੀਤੀ ਜਾਵੇ। ਇਸ ਪ੍ਰਤੀ ਜਾਗਰੂਕ ਕਰਨ ਲਈ ਜਲਦੀ ਹੀ ਕਿਸਾਨ ਜਥੇਬੰਦੀ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਖੇਤੀ ਨੀਤੀਆਂ ਜੋ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਫੇਲ੍ਹ ਹੋਈਆਂ ਹਨ, ਕੇਂਦਰ ਸਰਕਾਰ ਕਿਸਾਨਾਂ 'ਤੇ ਥੋਪਣ ਦੀ ਕੋਸ਼ਿਸ਼ ਕਰ ਰਹੀ ਹੈ। ਜਲਦੀ ਹੀ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਅਤੇ ਕਿਸਾਨਾਂ ਦੇ ਮੁੱਦਿਆਂ ਨੂੰ ਹੱਲ ਕੀਤਾ ਜਾਵੇਗਾ।
ਕਿਸਾਨਾਂ ਨੂੰ ਬਜਟ ਤੋਂ ਕੋਈ ਉਮੀਦ ਨਹੀਂ: ਇਹ ਪੁੱਛਣ 'ਤੇ ਕਿ ਕੀ ਕੇਂਦਰੀ ਬਜਟ ਤੋਂ ਕੋਈ ਉਮੀਦਾਂ ਹਨ, ਰਾਜੇਵਾਲ ਨੇ ਜਵਾਬ ਦਿੱਤਾ, "ਸਾਨੂੰ ਇਸ ਬਜਟ ਤੋਂ ਕੋਈ ਉਮੀਦ ਨਹੀਂ ਹੈ। ਇਹ ਕਾਰਪੋਰੇਟ ਪੱਖੀ ਹੋਵੇਗਾ।" ਸਰਕਾਰ ਕਿਸੇ ਵੀ ਤਰੀਕੇ ਨਾਲ ਬਸ ਕਾਰਪੋਰੇਟਾਂ ਨੂੰ ਫਾਇਦਾ ਦੇਵੇਗੀ।
ਜੋ ਪੰਜ ਜਥੇਬੰਦੀਆਂ ਪੱਕਾ ਮੋਰਚਾ ਸ਼ੁਰੂ ਕਰਨ ਜਾ ਰਹੀਆਂ ਸਨ। ਉਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ, ਆਲ ਇੰਡੀਆ ਕਿਸਾਨ ਫੈਡਰੇਸ਼ਨ, ਕਿਸਾਨ ਸੰਘਰਸ਼ ਕਮੇਟੀ, ਭਾਰਤੀ ਕਿਸਾਨ ਯੂਨੀਅਨ ਮਾਨਸਾ ਅਤੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਸ਼ਾਮਲ ਹਨ।
ਇਹ ਵੀ ਪੜ੍ਹੋ:- UNION BUDGET 2014-2022: ਨਵੇਂ ਬਜਟ ਤੋਂ ਪਹਿਲਾਂ ਜਾਣੋ ਮੋਦੀ ਸਰਕਾਰ ਦੇ ਪੁਰਾਣੇ ਬਜਟ ਦੀ ਕਹਾਣੀ