ਚੰਡੀਗੜ੍ਹ: ਉੱਤਰੀ ਭਾਰਤ ਸਮੇਤ ਪੂਰਾ ਪੰਜਾਬ ਕੜਾਕੇ ਦੀ ਠੰਢ ਅਤੇ ਸ਼ੀਤ ਲਹਿਰ ਨਾਲ ਕੰਬ ਰਿਹਾ ਹੈ। ਜਿੱਥੇ ਠੰਢ ਨਾਲ ਆਮ ਜਨਜੀਵਨ, ਸੜਕੀ ਆਵਾਜਾਈ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਉੱਥੇ ਹੀ ਮਨੁੱਖੀ ਸਰੀਰ ਲਈ ਵੀ ਠੰਢ ਨੇ ਕਈ ਮੁਸੀਬਤਾਂ ਵੀ ਖੜੀਆਂ ਕਰ ਦਿੱਤੀਆਂ ਹਨ। ਠੰਢ ਮਨੁੱਖੀ ਸਰੀਰ ਵਿਚ ਕਾਂਬਾ ਹੀ ਨਹੀਂ ਛੇੜਦੀ, ਬਲਕਿ ਕਈ ਤਰ੍ਹਾਂ ਦੇ ਵਿਗਾੜ ਵੀ ਪੈਦਾ ਕਰਦੀ ਹੈ। ਖਾਸ ਤੌਰ 'ਤੇ ਦਿਲ ਅਤੇ ਸਾਹ ਦੇ ਰੋਗੀਆਂ ਲਈ ਸ਼ੀਤ ਲਹਿਰ ਅਤੇ ਠੰਢ ਖਤਰੇ (the harm caused by cold to heart patients) ਦੀ ਘੰਟੀ ਹੈ। ਜ਼ਿਆਦਾ ਠੰਢ ਹਾਰਟ ਅਟੈਕ ਦਾ ਕਾਰਨ ਬਣ ਸਕਦੀ ਹੈ ਅਤੇ ਇਸ ਨਾਲ ਜਾਨ ਵੀ ਜਾ ਸਕਦੀ ਹੈ। ਸਿਹਤ ਮਾਹਿਰਾਂ ਵੱਲੋਂ ਠੰਢ ਤੋਂ ਬਚਣ ਲਈ ਕਈ ਨੁਕਤੇ ਸਾਂਝੇ ਕੀਤੇ ਜਾ ਰਹੇ ਹਨ। ਬਹੁਤ ਸਾਰੇ ਲੋਕ ਪਹਾੜਾਂ ਵਿਚ ਬਰਫ਼ਬਾਰੀ ਦਾ ਲੁਤਫ਼ ਲੈਣ ਪਹੁੰਚਦੇ ਹਨ। ਇਸ ਦੌਰਾਨ ਵੀ ਦਿਲ ਅਤੇ ਸਾਹ ਦੇ ਮਰੀਜ਼ਾਂ ਨੂੰ ਕਈ ਗੱਲਾਂ ਦੀ ਸਾਵਧਾਨੀ ਰੱਖਣੀ ਚਾਹੀਦੀ ਹੈ।
ਕੀ ਕਹਿੰਦੇ ਹਨ ਸਿਹਤ ਮਾਹਿਰ ? ਦਿਲ ਦਾ ਮਾਮਲਾ ਹੈ ਗੀਤ ਤਾਂ ਸਭ ਨੇ ਹੀ ਸੁਣਿਆ ਹੈ। ਪਰ ਠੰਢ ਵਿਚ ਇਹ ਦਿਲ ਦਾ ਮਾਮਲਾ ਸਿਹਤ ਲਈ ਭਾਰੀ ਪੈ ਸਕਦਾ ਹੈ। ਇਸੇ ਲਈ ਸਿਹਤ ਮਾਹਿਰ ਦਿਲ ਦੇ ਮਰੀਜ਼ਾਂ ਨੂੰ ਕਈ ਕਦਮ ਸੰਭਾਲ ਕੇ ਰੱਖਣ ਦੀ ਸਲਾਹ ਦਿੰਦੇ ਹਨ। ਸਭ ਤੋਂ ਪਹਿਲਾਂ ਇਹ ਜਾਣਨਾ ਜਰੂਰੀ ਹੈ ਕਿ ਆਖਿਰ ਧੁੰਦ ਅਤੇ ਸ਼ੀਤ ਲਹਿਰ ਵਿਚ ਦਿਲ ਦਾ ਮਾਮਲਾ ਗੜਬੜ ਕਿਵੇਂ ਹੁੰਦਾ ਹੈ ?
ਜਿਸਦੇ ਲਈ ਸਿਹਤ ਮਾਹਿਰਾਂ ਨੇ ਦੱਸਿਆ ਹੈ ਕਿ ਸਰੀਰ ਦੇ ਅੰਦਰ ਥਰਮੋਸਟੈਟ ਹੁੰਦਾ ਜੋ ਕਿ ਜ਼ਿਆਦਾ ਤਾਪਮਾਨ ਵਿਚ ਮੁਸ਼ਕਿਲਾਂ ਪੈਦਾ ਕਰਦਾ ਹੈ। ਆਮ ਤੌਰ ਉੱਤੇ ਮਨੁੱਖੀ ਸਰੀਰ ਦਾ ਆਮ ਤਾਪਮਾਨ 99.4 ਹੁੰਦਾ ਹੈ। ਜਦੋਂ ਤਾਪਮਾਨ ਜ਼ਿਆਦਾ ਹੁੰਦਾ ਤਾਂ ਸਰੀਰ ਦੀਆਂ ਧਮਨੀਆਂ ਸੁੰਗੜ ਜਾਂਦੀਆਂ ਹਨ ਅਤੇ ਸਰੀਰ ਵਿਚ ਖੂਨ ਦਾ ਦੌਰਾ ਘੱਟ ਜਾਂਦਾ ਹੈ, ਜਿਸਦਾ ਸਿੱਧਾ ਅਸਰ ਦਿਲ 'ਤੇ ਹੁੰਦਾ ਹੈ। ਜਿਸ ਕਰਕੇ ਮਨੁੱਖੀ ਦਿਲ ਤੱਕ ਖੂਨ ਦਾ ਵਹਾਅ ਠੀਕ ਨਹੀਂ ਹੁੰਦਾ ਅਤੇ ਹਾਰਟ ਅਟੈਕ ਦਾ ਕਾਰਨ ਬਣਦਾ ਹੈ।
ਸਰਦੀਆਂ ਵਿਚ ਦਿਲ ਦੇ ਮਰੀਜ਼ਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ:- ਇਸ ਦੌਰਾਨ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਿਦਆ ਦਿਲ ਦੇ ਮਾਹਿਰ ਡਾ. ਹਰਦੀਪ ਕੁਮਾਰ ਖਰਬੰਦਾ ਨੇ ਇਕ ਹੋਰ ਪੱਖ ਵੀ ਉਜਾਗਰ ਕੀਤਾ ਹੈ ਕਿ ਸਰਦੀਆਂ ਵਿਚ ਮਨੁੱਖ ਵੱਲੋਂ ਪਾਣੀ ਬਹੁਤ ਘੱਟ ਪੀਤਾ ਜਾਂਦਾ ਹੈ। ਇਸ ਲਈ ਮਨੁੱਖ ਲਈ ਸਰਦੀਆਂ ਵਿਚ ਪਾਣੀ-ਪੀਣਾ ਉਨ੍ਹਾਂ ਹੀ ਜਰੂਰੀ ਹੈ, ਜਿਨ੍ਹਾਂ ਕਿ ਗਰਮੀਆਂ ਵਿਚ ਹੈ। ਉਹਨਾਂ ਦੱਸਿਆ ਕਿ ਸਰਦੀਆਂ ਵਿਚ ਰਾਤਾਂ ਲੰਬੀਆਂ ਹੁੰਦੀਆਂ ਹਨ ਅਤੇ ਦਿਲ ਦੇ ਮਰੀਜ਼ਾਂ ਨੂੰ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਆਪਣੇ ਆਪ ਨੂੰ ਉਹ ਪੂਰੀ ਤਰ੍ਹਾਂ ਢੱਕ ਕੇ ਹੀ ਸੌਣ।
ਦਿਲ ਦੇ ਮਰੀਜ਼ਾਂ ਨੂੰ ਸੌਣ ਅਤੇ ਉੱਠਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ :- ਡਾ. ਹਰਦੀਪ ਕੁਮਾਰ ਖਰਬੰਦਾ ਨੇ ਕਿਹਾ ਕਈ ਮੌਕਿਆਂ 'ਤੇ ਇਹ ਵੀ ਵੇਖਿਆ ਗਿਆ ਹੈ ਕਿ ਜੋ ਲੋਕ ਦਿਲ ਦੇ ਮਰੀਜ਼ ਹਨ। ਉਨਾਂ ਨੂੰ ਤੜਕੇ ਸਵੇਰੇ ਹੀ ਹਾਰਟ ਅਟੈਕ ਆ ਜਾਂਦਾ ਹੈ ਅਤੇ ਉਹਨਾਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਲਈ ਦਿਲ ਦੇ ਮਰੀਜ਼ਾਂ ਨੂੰ ਸਰਦੀਆਂ ਵਿਚ ਸੌਣ ਅਤੇ ਉੱਠਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ। ਜਿਹਨਾਂ ਲੋਕਾਂ ਨੂੰ ਦਿਲ ਦੀ ਬਿਮਾਰੀ ਨਹੀਂ, ਉਹ ਲੋਕ ਇਹ ਧਿਆਨ ਰੱਖਣ ਕਿ ਉਹ ਤੜਕੇ-ਤੜਕੇ ਸੈਰ ਕਰਨ ਜਾਣ ਤਾਂ ਜੋ ਉਹਨਾਂ ਦੀ ਸਿਹਤ ਵਿਚ ਕੋਈ ਵਿਗਾੜ ਪੈਦਾ ਨਾ ਹੋ ਸਕੇ।
ਦਿਲ ਦੇ ਮਰੀਜ਼ਾਂ ਨੂੰ ਸਰਦੀਆਂ ਵਿੱਚ ਕੱਪੜਿਆਂ ਦਾ ਵਿਸ਼ੇਸ ਧਿਆਨ ਰੱਖਣਾ ਜ਼ਰੂਰੀ:- ਡਾ. ਖਰਬੰਦਾ ਨੇ ਦੱਸਿਆ ਕਿ ਸਰਦੀਆਂ ਵਿਚ ਦਿਲ ਦੇ ਮਰੀਜ਼ਾਂ ਨੂੰ ਸਰੀਰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਬਹੁਤ ਜਰੂਰੀ ਹੈ। ਇਸ ਲਈ ਦਿਲ ਦੇ ਮਰੀਜ਼ਾਂ ਨੂੰ ਕੱਪੜਿਆਂ ਦੀ ਸਿਰਫ਼ ਇਕ ਪਰਤ ਨਹੀਂ, ਬਲਕਿ 5 ਪਰਤਾਂ ਹੋਣੀਆਂ ਚਾਹੀਦੀਆਂ ਹਨ। ਜਿਹੜੇ ਲੋਕ ਸਭ ਤੋਂ ਆਖਰੀ ਪਰਤ ਵਾਲੇ ਕੱਪੜੇ ਪਾਉਣੇ ਹਨ, ਉਹ ਹਵਾ ਰੋਕਣ ਵਾਲੇ ਹੋਣ ਤਾਂ ਜੋ ਹਵਾ ਸਰੀਰ ਦੇ ਅੰਦਰ ਪ੍ਰਵੇਸ਼ ਨਾ ਕਰ ਸਕੇ। ਜਿੰਨੇ ਵੀ ਦਿਲ ਦੇ ਮਰੀਜ਼ ਹਨ, ਜਿਹਨਾਂ ਨੂੰ ਬੀ.ਪੀ ਹਾਈ ਦੀ ਬਿਮਾਰੀ ਹੈ ਅਤੇ ਜਿਹਨਾਂ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੈ। ਉਹ ਆਮ ਨਾਲੋਂ ਜ਼ਿਆਦਾ ਸਰਦੀ ਵਿਚ ਆਪਣਾ ਖਿਆਲ ਰੱਖਣ। ਕਿਉਂਕਿ ਉਹਨਾਂ ਲੋਕਾਂ ਨੂੰ ਆਮ ਨਾਲੋਂ ਜ਼ਿਆਦਾ ਠੰਢ ਆਪਣਾ ਸ਼ਿਕਾਰ ਬਣਾਉਂਦੀ ਹੈ।
ਸਾਹ ਦੇ ਮਰੀਜ਼ ਇੰਝ ਰੱਖਣ ਆਪਣਾ ਖਿਆਲ:- ਜਿਹਨਾਂ ਲੋਕਾਂ ਨੂੰ ਸਾਹ ਦੀ ਬਿਮਾਰੀ ਹੈ, ਉਹ ਵੀ ਠੰਢ ਨੂੰ ਨਰਮੀ ਵਿਚ ਨਾ ਲੈਣ, ਕਿਉਂਕਿ ਠੰਢ ਵਿਚ ਹੀ ਸਾਹ ਦੇ ਮਰੀਜ਼ਾਂ ਦੀਆਂ ਅਸਲ ਮੁਸ਼ਕਿਲਾਂ ਸ਼ੁਰੂ ਹੁੰਦੀਆਂ ਹਨ। ਡਾ. ਖਰਬੰਦਾ ਨੇ ਦੱਸਿਆ ਕਿ ਜਿਹਨਾਂ ਲੋਕਾਂ ਨੂੰ ਸਾਹ ਦੀ ਬਿਮਾਰੀ ਹੈ। ਉਹ ਲੋਕ ਆਪਣੇ ਸਟਿਰੋਇਡ ਪ੍ਰੀਵੇਨਟਿਵ ਇਨਹੀਲਰ ਦੀ ਡੋਜ਼ ਇਕ ਤੋਂ ਜ਼ਿਆਦਾ ਵਾਰ ਲੈਂਦੇ ਰਹਿਣ। ਇਹ ਡੋਜ਼ ਅਸਲ 'ਚ ਇੱਕ ਸਵੇਰੇ ਲੈਣੀ ਹੁੰਦੀ ਹੈ। ਆਯੂਰਵੈਦ, ਹੋਮਿਓਪੈਥ ਤੇ ਨੈਚਰਪੈਥੀ ਦੀਆਂ ਦਵਾਈਆਂ ਨਾਲ ਵੀ ਸਾਹ ਦੇ ਮਰੀਜ਼ ਠੰਢ ਵਿਚ ਆਪਣਾ ਬਚਾਅ ਕਰ ਸਕਦੇ ਹਨ।
ਠੰਢ ਵਿੱਚ ਬੱਚਿਆਂ ਤੇ ਬਜ਼ੁਰਗਾਂ ਦਾ ਜ਼ਿਆਦਾ ਧਿਆਨ ਰੱਖਣਾ ਜ਼ਰੂਰੀ:- ਡਾ. ਹਰਦੀਪ ਖਰਬੰਦਾ ਦਾ ਕਹਿਣਾ ਹੈ ਕਿ ਠੰਢ ਵਿਚ ਦਿਲ ਅਤੇ ਸਾਹ ਦੇ ਮਰੀਜ਼ਾਂ ਨੂੰ ਤਾਂ ਆਪਣਾ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ ਅਤੇ ਨਾਲ ਹੀ ਬੱਚੇ ਅਤੇ ਬਜ਼ੁਰਗਾਂ ਦਾ ਵੀ ਠੰਢ ਤੋਂ ਬਚਾਅ ਜ਼ਰੂਰੀ ਹੈ। ਉਹਨਾਂ ਲਈ ਸਿਰ ਅਤੇ ਪੈਰ ਦੋਵੇਂ ਢੱਕ ਕੇ ਰੱਖਣਾ ਜ਼ਰੂਰੀ ਹੈ। ਜਿਸ ਕਰਕੇ ਬੱਚੇ ਅਤੇ ਬਜ਼ੁਰਗਾਂ ਨੂੰ ਜੁਰਾਬਾਂ ਦੀਆਂ 2- 2 ਪਰਤਾਂ ਪਾਉਣੀਆਂ ਚਾਹੀਦੀਆਂ ਹਨ। ਗਰਮ ਪਾਣੀ ਵਾਰ ਵਾਰ ਪੀਂਦੇ ਰਹਿਣਾ ਜਰੂਰੀ ਹੈ, ਇਸਦੇ ਨਾਲ ਹੀ ਕਾਹੜਾ ਅਤੇ ਸੂਪ ਵੀ ਪੀਤਾ ਜਾ ਸਕਦਾ ਹੈ ਤਾਂ ਜੋ ਸਰੀਰ ਹਾਈਡ੍ਰੇਟ ਰਹੇ। ਗਰਮ ਚੀਜ਼ਾਂ ਦਾ ਸੇਵਨ ਕਰਦੇ ਰਹੋ ਤਾਂ ਜੋ ਠੰਢ ਤੋਂ ਬਚਿਆ ਜਾ ਸਕੇ।
ਇਸ ਸੀਜ਼ਨ ਕਿੰਨੇ ਦਿਲ ਦੇ ਮਰੀਜ਼ ਪਹੁੰਚੇ ਹਸਪਤਾਲ ? ਈਟੀਵੀ ਭਾਰਤ ਨਾਲ ਗੱਲਬਾਤ ਕਰਿਦਆ ਮੋਹਾਲੀ ਏਮਜ਼ ਦੀ ਐਸੋਸੀਏਟ ਪ੍ਰੋਫੈਸਰ ਡਾ. ਅਲਕਾ ਸ਼ਰਮਾ ਦਾ ਕਹਿਣਾ ਹੈ ਕਿ ਇਸ ਸੀਜ਼ਨ ਉਹਨਾਂ ਦੀ ਓਪੀਡੀ ਵਿਚ 20 ਤੋਂ 30 ਪ੍ਰਤੀਸ਼ਤ ਮਰੀਜ਼ ਅਜਿਹੇ ਆਏ ਹਨ। ਜਿਹਨਾਂ ਨੂੰ ਦਿਲ ਦੀ ਸਮੱਸਿਆ ਹੈ ਤੇ 40 ਪ੍ਰਤੀਸ਼ਤ ਤੱਕ ਅਜਿਹੇ ਮਰੀਜ਼ ਹਨ, ਜਿਹਨਾਂ ਨੂੰ ਸਾਹ ਦੀ ਦਿੱਕਤ ਹੈ। ਇਸ ਲਈ ਹਰ ਸਾਲ ਠੰਢ ਦੇ ਵਿਚ ਦਿਲ ਦੇ ਮਰੀਜ਼ਾਂ ਦੀ ਆਮਦ ਉਹਨਾਂ ਦੀ ਓਪੀਡੀ ਵਿਚ ਵੱਧ ਜਾਂਦੀ ਹੈ।
ਜਿਸ ਦੀ ਜਾਣਕਾਰੀ ਦਿੰਦਿਆਂ ਡਾ. ਅਲਕਾ ਸ਼ਰਮਾ ਨੇ ਦੱਸਿਆ ਕਿ ਠੰਢ ਵਿਚ ਦਿਲ ਦੇ ਮਰੀਜ਼ਾਂ ਨੂੰ ਜ਼ਿਆਦਾ ਬੀਪੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜ਼ਿਆਦਾ ਦਿੱਕਤ ਸਵੇਰ ਦੇ ਸਮੇਂ ਹੁੰਦੀ ਹੈ। ਦਿਲ ਤੇ ਦਬਾਅ ਦੀ ਸਮੱਸਿਆ ਵੀ ਸਿਆਲ ਵਿਚ ਵੱਧ ਜਾਂਦੀ ਹੈ, ਅਕਸਰ ਸਰਦੀਆਂ ਵਿਚ ਅਜਿਹਾ ਹੀ ਵੇਖਣ ਨੂੰ ਮਿਲਦਾ। ਇਸਦਾ ਇਕ ਕਾਰਨ ਇਹ ਵੀ ਹੈ ਕਿ ਸਰਦੀਆਂ ਵਿਚ ਦਿਲ ਦੇ ਮਰੀਜ਼ਾਂ ਦੀਆਂ ਦਵਾਈਆਂ ਦੀਆਂ ਜ਼ਰੂਰਤਾਂ ਵੀ ਵੱਧ ਜਾਂਦੀਆਂ ਹਨ।
ਡਾ. ਅਲਕਾ ਸ਼ਰਮਾ ਦੀ ਮਰੀਜ਼ਾਂ ਨੂੰ ਸਲਾਹ:- ਡਾ. ਅਲਕਾ ਸ਼ਰਮਾ ਨੇ ਦੱਸਿਆ ਆਮ ਤੌਰ ਉੱਤੇ ਦਿਲ ਦੇ ਮਰੀਜ਼ਾਂ ਨੂੰ ਸਵੇਰ ਦੀ ਸੈਰ ਕਰਨ ਅਤੇ ਕਸਰਤ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਕਿ ਠੰਢ ਵਿਚ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ। ਠੰਢ ਵਿਚ ਸਵੇਰੇ ਅਤੇ ਸ਼ਾਮ ਨੂੰ ਦਿਲ ਦੇ ਮਰੀਜ਼ ਸੈਰ ਨਾ ਕਰਨ ਕਿਉਂਕਿ ਇਸ ਸਮੇਂ ਠੰਢ ਜ਼ਿਆਦਾ ਹੁੰਦੀ ਹੈ। ਠੰਢ ਵਿਚ ਸੈਰ ਜਾਂ ਕਸਰਤ ਕਰਨ ਨਾਲ ਦਿਲ ਫੇਲ੍ਹ ਹੋਣ ਦੇ ਕਾਰਨ ਬਹੁਤ ਜ਼ਿਆਦਾ ਰਹਿੰਦੇ ਹਨ।ਦੂਜਾ ਖਾਣੇ ਵਿਚ ਨਮਕ ਦੀ ਮਾਤਰਾ ਘੱਟ ਰੱਖੋ, ਤਲੀਆਂ ਚੀਜ਼ਾਂ ਨਾ ਖਾਓ, ਹਲਕਾ ਅਤੇ ਸਾਦਾ ਖਾਣਾ ਖਾਓ, ਦਵਾਈਆਂ ਦੀ ਕੋਈ ਵੀ ਡੋਜ਼ ਮਿਸ ਨਾ ਕਰੋ। ਕਿਉਂਕਿ ਠੰਢ ਵਿਚ ਰਿਸਕ ਲੈਣਾ ਖਤਰੇ ਤੋਂ ਖਾਲੀ ਨਹੀਂ। ਇਸਦੇ ਨਾਲ ਹੀ ਲਗਾਤਾਰ ਡਾਕਟਰਾਂ ਦੀ ਸਲਾਹ ਲੈਂਦੇ ਰਹੋ। ਬੀਪੀ ਅਤੇ ਸ਼ੂਗਰ ਨੂੰ ਕੰਟਰੋਲ ਵਿਚ ਰੱਖੋ।
ਆਯੂਰਵੇਦ ਦਾ ਕੀ ਕਹਿਣਾ ? ਸੀਨੀਅਰ ਆਯੂਰਵੇਦਾ ਫੀਜੀਸ਼ੀਅਨ ਡਾ. ਰਾਜੀਵ ਕਪਿਲਾ ਦਾ ਕਹਿਣਾ ਹੈ ਕਿ ਇਸਦੇ ਵਿਚ ਕੋਈ ਸ਼ੱਕ ਨਹੀਂ ਠੰਢ, ਸੀਤ ਲਹਿਰ ਦਿਲ ਅਤੇ ਸਾਹ ਦੇ ਮਰੀਜ਼ਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਅਜਿਹੇ ਲੋਕਾਂ ਨੂੰ ਠੰਢ ਜਾਂ ਧੁੰਦ ਵਿਚ ਬਾਹਰ ਨਹੀਂ ਨਿਕਲਣਾ ਚਾਹੀਦਾ। ਆਯੂਰਵੇਦ ਅਨੁਸਾਰ ਦਿਲ ਦੇ ਮਰੀਜ਼ਾਂ ਨੂੰ ਅਰਚਨ ਦੀ ਸਾਹਲ ਦਾ ਕਾਹੜਾ ਪੀਣਾ ਚਾਹੀਦਾ ਅਤੇ ਹਲਦੀ ਦਾ ਦੁੱਧ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਅਜਿਹੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਦਿਲ ਦੇ ਮਰੀਜ਼ਾਂ ਨੂੰ ਸਰਦੀ ਵਿਚ ਨੁਕਸਾਨ ਨਹੀਂ ਹੁੰਦਾ।
ਇਹ ਵੀ ਪੜੋ:- ਪਤੰਗਾਂ ਉੱਤੇ ਵੀ ਜੀਐਸਟੀ ਦੀ ਮਾਰ, ਪੜ੍ਹੋ ਕਿੰਨੇ ਵਧੇ ਪਤੰਗਾਂ ਦੇ ਰੇਟ