ਚੰਡੀਗੜ੍ਹ: ਕੋਰੋਨਾ ਵਾਇਰਸ ਦੀ ਲਾਗ ਕਾਰਨ ਦੇਸ਼ ਭਰ ਵਿੱਚ 64 ਫੀਸਦੀ ਪੈਟਰੋਲ ਦੀ ਸੇਲ ਵਿੱਚ ਘਾਟਾ ਪਿਆ ਹੈ ਜਦੋਂ ਕਿ 12 ਫੀਸਦੀ LPG ਦੀ ਮੰਗ ਵਧੀ ਹੈ। ਪੈਟਰੋਲ ਅਤੇ ਡੀਜ਼ਲ ਦੇ ਉੱਤੇ ਸਰਕਾਰਾਂ ਵੱਲੋਂ ਵੈਟ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਹੈ ਇਸ ਉੱਪਰ ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪੈਟਰੋਲ ਪੰਪ 'ਤੇ ਸੇਲ 10 ਫ਼ੀਸਦੀ ਰਹਿ ਗਈ ਹੈ। ਇਸ ਕਾਰਨ ਉਨ੍ਹਾਂ ਨੂੰ ਪੰਪ ਚਲਾਉਣੇ ਔਖੇ ਹੋ ਗਏ ਹਨ।
ਸੈਕਟਰ 4 ਸਥਿਤ ਪੈਟਰੋਲ ਪੰਪ ਸੰਚਾਲਕ ਨਿਹਾਰ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੇ ਪੰਪ 'ਤੇ ਹਰ ਰੋਜ਼ 50 ਹਜ਼ਾਰ ਲੀਟਰ ਤੇਲ ਦੀ ਵਿਕਰੀ ਹੁੰਦੀ ਸੀ ਤੇ ਹੁਣ ਲੌਕਡਾਊਨ ਵਿੱਚ ਸਿਰਫ਼ 10 ਹਜ਼ਾਰ ਲੀਟਰ ਵਿਕਰੀ ਰਹਿ ਗਈ ਹੈ। ਇਸ ਕਾਰਨ ਉਨ੍ਹਾਂ ਨੇ ਪੰਪ ਦੇ ਅਧੇ ਕਰਿੰਦਿਆਂ ਨੂੰ ਘਰੇ ਬੈਠਾ ਦਿੱਤਾ ਹੈ। ਪਹਿਲਾ ਪੰਪ 'ਤੇ 60 ਕਰਿੰਦੇ ਕੰਮ ਕਰਦੇ ਸਨ ਤੇ ਹੁਣ 22 ਕਰਿੰਦੇ ਕੰਮ 'ਤੇ ਸ਼ਿਫਟਾਂ ਦੇ ਹਿਸਾਬ ਨਾਲ ਆਉਂਦੇ ਹਨ।
ਉਥੇ ਹੀ ਪੰਪ 'ਤੇ ਕੰਮ ਕਰਨ ਵਾਲੇ ਕਰਿੰਦੇ ਦਾ ਕਹਿਣਾ ਹੈ ਕਿ ਪਹਿਲਾਂ ਸੇਲ ਵਧੀਆ ਹੁੰਦੀ ਸੀ ਪਰ ਲੌਕਡਾਊਨ ਕਾਰਨ ਲੋਕ ਘਰਾਂ 'ਚੋਂ ਨਹੀਂ ਨਿਕਲ ਪਾ ਰਹੇ। ਇਸ ਨਾਲ ਸੇਲ ਦੇ ਉੱਤੇ ਫਰਕ ਪੈ ਰਿਹਾ ਹੈ। ਉੱਥੇ ਹੀ ਉਨ੍ਹਾਂ ਦੇ ਸਾਥੀਆਂ ਨੂੰ ਵੀ ਪੰਪ ਤੋਂ ਆਉਣ ਲਈ ਰੋਕਿਆ ਗਿਆ ਹੈ।
ਇਸ ਦੇ ਉਲਟ ਚੰਡੀਗੜ੍ਹ ਦੇ ਵਿੱਚ ਪੈਟਰੋਲ ਜਿੱਥੇ ਸਸਤਾ ਹੈ ਤਾਂ ਉੱਥੇ ਹੀ ਇਸ ਦੀ ਮਾਰ ਸਭ ਤੋਂ ਜ਼ਿਆਦਾ ਮੋਹਾਲੀ ਦੇ ਪੈਟਰੋਲ ਪੰਪਾਂ 'ਤੇ ਦੇਖਣ ਨੂੰ ਮਿਲ ਰਹੀ ਹੈ। ਹਾਲਾਤ ਇਹ ਹਨ ਕਿ ਚੰਡੀਗੜ੍ਹ ਬਾਰਡਰ ਪਾਰ ਮੋਹਾਲੀ ਦੇ ਪੈਟਰੋਲ ਪੰਪਾਂ ਉਪਰ ਸਿਰਫ 500 ਲਿਟਰ ਪ੍ਰਤੀ ਦਿਨ ਦੇ ਹਿਸਾਬ ਨਾਲ ਪੈਟਰੋਲ ਡੀਜ਼ਲ ਦੀ ਵਿਕਰੀ ਹੋ ਰਹੀ ਹੈ ਅਤੇ ਜ਼ਿਆਦਾਤਰ ਪੰਪ ਬੰਦ ਹੋ ਗਏ ਹਨ। ਲੋਕ ਮੋਹਾਲੀ ਨੂੰ ਛੱਡ ਚੰਡੀਗੜ੍ਹ ਤੋਂ ਹੀ ਆਪਣੀ ਗੱਡੀਆਂ ਅਤੇ ਸਕੂਟਰ, ਮੋਟਰਸਾਈਕਲ ਦੇ ਟੈਂਕ ਫੁੱਲ ਕਰਵਾ ਲੈਂਦੇ ਹਨ। ਇਸ ਦਾ ਵੱਡਾ ਕਾਰਨ ਸੂਬਾ ਸਰਕਾਰ ਵੱਲੋਂ ਵਧਾਏ ਗਏ ਵੈਟ ਰੇਟ ਹਨ।
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਵਿੱਚ ਵੈਟ ਵਧਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦਿੱਲੀ, ਯੂਪੀ, ਚੇਨਈ, ਰਾਜਸਥਾਨ ਤੇ ਪੰਜਾਬ ਸਣੇ ਕਈ ਦੇਸ਼ ਦੇ ਸੂਬਿਆਂ ਨੇ ਤੇਲ ਦੀਆਂ ਕੀਮਤਾਂ ਉੱਪਰ ਵੈਟ ਵਧਾ ਦਿੱਤਾ ਹੈ। ਹੁਣ ਨਵੀਆਂ ਦਰਾਂ ਲਾਗੂ ਹੋਣ ਨਾਲ ਖ਼ਾਸਕਰ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਇਸ ਦਾ ਅਸਰ ਪੰਚਕੂਲਾ ਅਤੇ ਮੋਹਾਲੀ ਦੇ ਵਿੱਚ ਦੇਖਣ ਨੂੰ ਜ਼ਿਆਦਾ ਮਿਲ ਰਿਹਾ ਹੈ। ਆਲਮ ਇਹ ਹੈ ਕਿ ਪੈਟਰੋਲ ਪੰਪ ਮਾਲਕ ਆਪਣੇ ਪੈਟਰੋਲ ਪੰਪ ਮੋਹਾਲੀ ਤੋਂ ਸ਼ਿਫਟ ਕਰ ਹੋਰਨਾਂ ਸ਼ਹਿਰਾਂ ਵਿੱਚ ਲਗਾਉਣ ਨੂੰ ਮਜਬੂਰ ਹਨ।