ਚੰਡੀਗੜ੍ਹ : ਪੰਜਾਬ 'ਚ 6 ਹਜ਼ਾਰ ਕਰੋੜ ਰੁਪਏ ਦੇ ਸਿੰਥੈਟਿਕ ਡਰੱਗ ਮਾਮਲੇ ਦੇ ਮਾਸਟਰਮਾਈਂਡ ਜਗਦੀਸ਼ ਭੋਲਾ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਭੋਲਾ ਦੀ ਜ਼ਮਾਨਤ ਮਨਜ਼ੂਰ ਕਰਦਿਆਂ ਉਸ ਨੂੰ ਇਕ ਦਿਨ ਦੀ ਜ਼ਮਾਨਤ ਦਿੱਤੀ ਹੈ। ਪਿਛਲੇ ਸਾਲ ਦਸੰਬਰ 'ਚ ਹਾਈਕੋਰਟ ਨੇ ਭੋਲਾ ਦੀ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਸੋਮਵਾਰ ਨੂੰ ਆਪਣਾ ਫੈਸਲਾ ਸੁਣਾਇਆ ਹੈ। ਦਰਅਸਲ 2013 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਭੋਲਾ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਸੀ। ਇਸ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚੱਲ ਰਹੀ ਹੈ। ਇਸ ਮਾਮਲੇ ਵਿੱਚ ਭੋਲਾ ਜ਼ਮਾਨਤ ਲਈ ਹਾਈਕੋਰਟ ਗਿਆ ਸੀ।
ਜਾਣਕਾਰੀ ਅਨੁਸਾਰ ਹਾਈਕੋਰਟ ਨੇ ਜਗਦੀਸ਼ ਭੋਲੇ ਨੂੰ ਇੱਕ ਦਿਨ ਦੀ ਜ਼ਮਾਨਤ ਦਿੱਤੀ ਹੈ। ਇਹ ਜ਼ਮਾਨਤ ਉਸ ਦੀ ਮਾਂ ਦੀ ਖਰਾਬ ਸਿਹਤ ਨੂੰ ਦੇਖਦੇ ਹੋਏ ਦਿੱਤੀ ਗਈ ਹੈ। 17 ਮਾਰਚ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਉਹ ਆਪਣੀ ਮਾਂ ਨੂੰ ਮਿਲ ਸਕੇਗਾ। ਗੌਰਤਲਬ ਹੈ ਕਿ ਪੁਲਿਸ ਹਿਰਾਸਤ ਵਿਚ ਹੀ ਭੋਲਾ ਨੂੰ ਮਾਂ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਹੈ। ਦੱਸ ਦਈਏ ਕਿ ਮਾਂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਜਗਦੀਸ਼ ਭੋਲਾ ਵੱਲੋਂ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਭੋਲੇ ਨੂੰ 700 ਕਰੋੜ ਰੁਪਏ ਦੇ ਡਰੱਗ ਰੈਕੇਟ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਜਗਦੀਸ਼ ਭੋਲਾ ਕੋਲੋਂ ਡਰੱਗ, ਹੈਰੋਇਨ, ਵਿਦੇਸ਼ੀ ਕਰੰਸੀ, ਹਥਿਆਰ ਤੇ ਲਗਜ਼ਰੀ ਕਾਰਾਂ ਬਰਾਮਦ ਹੋਈਆਂ ਸਨ। ਜਗਦੀਸ਼ ਭੋਲਾ ਨੂੰ 2012 'ਚ ਪੰਜਾਬ ਪੁਲਿਸ ਦੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ: PSTET Exam Re conduct: PSTET ਪ੍ਰੀਖਿਆ ਦੁਬਾਰਾ ਕਰਵਾਏਗਾ GNDU, ਮੰਤਰੀ ਹਰਜੋਤ ਬੈਂਸ ਵੱਲੋਂ ਉੱਚ ਪੱਧਰੀ ਜਾਂਚ ਦੇ ਹੁਕਮ
ਭੋਲਾ ਨੇ ਲਿਆ ਸੀ ਬਿਕਰਮ ਮਜੀਠੀਆ ਦਾ ਨਾਂ : ਜਗਦੀਸ਼ ਭੋਲਾ ਨੇ ਡਰੱਗਜ਼ ਮਾਮਲੇ 'ਚ ਫਸੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਵੀ ਲਿਆ ਸੀ। ਕੋਰਟ ਵਿੱਚ ਪੇਸ਼ੀ ਦੌਰਾਨ ਜਗਦੀਸ਼ ਭੋਲਾ ਨੇ ਇਹ ਕਿਹਾ ਸੀ ਕਿ ਬਿਕਰਮ ਮਜੀਠੀਆ ਨਸ਼ਿਆਂ ਦੇ ਕਾਰੋਬਾਰ ਨੂੰ ਤੂਲ ਦੇ ਰਿਹਾ ਹੈ। ਇਸ ਮਗਰੋਂ ਹੀ ਈਡੀ ਨੇ ਸਾਬਕਾ ਮੰਤਰੀ ਕੋਲੋਂ ਪੁੱਛਗਿੱਛ ਕੀਤੀ ਸੀ। ਇਸ ਜਾਂਚ ਮਗਰੋਂ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਬਿਕਰਮ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਸੀ, ਜਿਸ ਵਿਚ ਮਜੀਠੀਆ ਨੂੰ ਸਜ਼ਾ ਵੀ ਹੋਈ ਸੀ।
ਇਹ ਵੀ ਪੜ੍ਹੋ: Balkaur Singh's Appeal: ਦੇਸ਼-ਵਿਦੇਸ਼ ਵਿੱਚ ਬੈਠੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਬਲਕੌਰ ਸਿੰਘ ਦੀ ਅਪੀਲ
ਕੌਣ ਹੈ ਜਗਦੀਸ਼ ਭੋਲਾ : ਜਗਦੀਸ਼ ਭੋਲਾ ਇੱਕ ਅੰਤਰਰਾਸ਼ਟਰੀ ਪਹਿਲਵਾਨ ਰਿਹਾ ਹੈ ਅਤੇ ਅਰਜੁਨ ਅਵਾਰਡ ਜੇਤੂ ਹੈ। ਉਹ ਪੰਜਾਬ ਪੁਲਿਸ ਵਿੱਚ ਡੀਐਸਪੀ ਵਜੋਂ ਤਾਇਨਾਤ ਸੀ। ਭੋਲਾ ਖ਼ਿਲਾਫ਼ 2013 ਵਿੱਚ ਡਰੱਗਜ਼ ਕੇਸ ਦਾ ਪਰਦਾਫਾਸ਼ ਹੋਇਆ ਸੀ। ਇਹ ਖੁਲਾਸਾ ਹੋਇਆ ਸੀ ਕਿ ਉਹ ਇਸ ਡਰੱਗਜ਼ ਕੇਸ ਦਾ ਮਾਸਟਰ ਮਾਈਂਡ ਸੀ। ਭੋਲਾ ਨੂੰ ਡਰੱਗਜ਼ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ।