ਚੰਡੀਗੜ੍ਹ : ਪੰਜਾਬ ਵਿਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਅਤੇ ਇਸੇ ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ ਕਿ ਕੁਝ ਮਹੀਨਿਆਂ ਅੰਦਰ ਪੰਜਾਬ ਵਿਚ ਨਸ਼ਿਆਂ ਦਾ ਨੈਕਸਸ ਤੋੜ ਦਿੱਤਾ ਜਾਵੇਗਾ ਅਤੇ ਨਸ਼ਿਆਂ ਤੋਂ ਪੀੜਤ ਨੌਜਵਾਨਾਂ ਨੂੰ ਸਰਕਾਰ ਨਵੀਂ ਜ਼ਿੰਦਗੀ ਦੇਵੇਗੀ। ਪੰਜਾਬ ਦੇ ਵਿਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣਾ ਹੁਣ ਤੱਕ ਸਰਕਾਰਾਂ ਅਤੇ ਪੁਲਿਸ ਲਈ ਚੁਣੌਤੀ ਬਣਦਾ ਜਾ ਰਿਹਾ। ਸਾਲ 2016 ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਹੱਥ 'ਚ ਗੁਟਕਾ ਫੜ੍ਹ ਕੇ ਸਹੁੰ ਖਾਧੀ ਸੀ ਕਿ ਚਾਰ ਹਫ਼ਤਿਆਂ ਅੰਦਰ ਪੰਜਾਬ ਵਿਚੋਂ ਨਸ਼ਾ ਖ਼ਤਮ ਕੀਤਾ ਜਾਵੇਗਾ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਉਤੇ ਵੀ ਇਹ ਮੁੱਦਾ ਕਾਫ਼ੀ ਗਰਮਾਉਂਦਾ ਰਿਹਾ। 8 ਸਾਲਾਂ ਬਾਅਦ ਵੀ ਇਹ ਚੁਣੌਤੀ ਜਿਉਂ ਦੀ ਤਿਉਂ ਬਰਕਰਾਰ ਹੈ।
ਪੰਜਾਬ 'ਚ ਨਸ਼ਾ ਵੱਡੀ ਚੁਣੌਤੀ : ਪੰਜਾਬ ਵਿਚ ਨਸ਼ਾ ਇੰਨੀ ਵੱਡੀ ਚੁਣੌਤੀ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵਿਧਾਨ ਸਭਾ 'ਚ ਇਸਨੂੰ ਸਵੀਕਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ 10 ਲੱਖ ਲੋਕ ਪੰਜਾਬ ਵਿਚ ਨਸ਼ੇ ਦੇ ਆਦੀ ਹਨ। ਪੰਜਾਬ ਦੀ ਅਬਾਦੀ 3.17 ਕਰੋੜ ਹੈ ਜਿਸਦੇ ਹਿਸਾਬ ਨਾਲ ਪੰਜਾਬ ਦੀ 3 ਫ਼ੀਸਦੀ ਅਬਾਦੀ ਨਸ਼ਾ ਕਰਦੀ ਹੈ। ਡਾ. ਬਲਬੀਰ ਨੇ ਦੱਸਿਆ ਕਿ 2.62 ਲੱਖ ਨਸ਼ੇੜੀ ਅਜਿਹੇ ਹਨ ਜੋ ਸਰਕਾਰੀ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਅਤੇ 6.12 ਲੱਖ ਨਸ਼ੇੜੀ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਕਰਵਾ ਰਹੇ ਹਨ। ਕੁਝ ਲੋਕ ਸਮਾਜਿਕ ਝਿਜਕ ਦੇ ਕਾਰਨ ਨਸ਼ਾ ਛੁਡਾਉਣ ਲਈ ਅੱਗੇ ਆਉਂਦੇ ਹੀ ਨਹੀਂ। ਸੂਬੇ ਵਿੱਚ 528 ਓਟ ਕੇਂਦਰ, 36 ਸਰਕਾਰੀ ਨਸ਼ਾ ਛੁਡਾਊ ਕੇਂਦਰ, 185 ਪ੍ਰਾਈਵੇਟ, 19 ਸਰਕਾਰੀ ਰੀਹੈਬ ਅਤੇ 74 ਪ੍ਰਾਈਵੇਟ ਹੋਣ ਦੇ ਬਾਵਜੂਦ ਨਸ਼ੇੜੀਆਂ ਦੀ ਗਿਣਤੀ ਵਿੱਚ ਕਮੀ ਨਹੀਂ ਆ ਰਹੀ ਹੈ। ਸਿਹਤ ਮੰਤਰੀ ਦਾਅਵਾ ਇਹ ਹੈ ਕਿ ਮਾਰਚ 2022 ਤੋਂ ਪਹਿਲਾਂ ਪੰਜਾਬ ਵਿਚ 208 ਓਟ ਕਲੀਨਕ ਚੱਲ ਰਹੇ ਸਨ ਹੁਣ, ਇਨ੍ਹਾਂ ਦੀ ਗਿਣਤੀ ਵਧਾ ਕੇ 320 ਹੋਰ ਵਧਾਈ ਗਈ ਹੈ, ਤਾਂ ਕਿ ਪੇਂਡੂ ਖੇਤਰ ਵੀ ਇਸ ਵਿਚ ਕਵਰ ਹੋ ਸਕਣ।
ਪੰਜਾਬ 'ਚ ਨਸ਼ੇ ਨਾਲ ਹੁੰਦੀਆਂ ਮੌਤਾਂ : ਪੰਜਾਬ ਵਿਚ ਨਸ਼ੇ ਨਾਲ ਹੁੰਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਖੇਤਰ ਵਿਚੋਂ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਉਂਦੀ ਹੈ। ਸਾਲ 2022 ਐਨਸੀਆਰਬੀ ਰਿਪੋਰਟ ਦੇ ਮੁਤਾਬਿਕ ਪੰਜਾਬ ਤੀਜਾ ਅਜਿਹਾ ਸੂਬਾ ਹੈ ਜਿਥੇ ਨਸ਼ਿਆਂ ਨਾਲ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ। ਐਨਸੀਆਰਬੀ ਦੇ ਅੰਕੜਿਆਂ ਮੁਤਾਬਿਕ ਸਾਲ 2022 'ਚ ਪੂਰੇ ਭਾਰਤ ਅੰਦਰ 747 ਮੌਤਾਂ ਹੋਈਆਂ ਪੰਜਾਬ ਵਿਚ 15 ਮਾਰਚ 2022 ਤੋਂ ਦਸੰਬਰ 2022 ਤੱਕ ਅੰਦਾਜ਼ਨ 190 ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਈਆਂ ਹਨ। ਨਸ਼ੇ ਦੀ ਓਵਰਡੋਜ਼ ਨਾਲ 31 ਮੌਤਾਂ ਦੇ ਨਾਲ ਬਠਿੰਡਾ ਸਭ ਤੋਂ ਮੋਹਰੀ, ਤਰਨਤਾਰਨ ਅਤੇ ਫਿਰੋਜ਼ਪੁਰ ਤੋਂ 24 ਅਤੇ 21 ਮੌਤਾਂ ਹੋਈਆਂ ਹਨ।
ਪੰਜਾਬ ਦੇ ਨੌਜਵਾਨਾਂ ਵਿੱਚ ਨਸ਼ਿਆਂ ਦੀ ਸਮੱਸਿਆ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਹਰ ਤੀਜਾ ਵਿਅਕਤੀ ਸ਼ਰਾਬ ਅਤੇ ਤੰਬਾਕੂ ਤੋਂ ਇਲਾਵਾ ਹੋਰ ਸਿੰਥੈਟਿਕ ਨਸ਼ਿਆਂ ਦੀ ਦਲਦਲ ਵਿਚ ਫਸਿਆ ਹੋਇਆ ਹੈ, ਜਿਹਨਾਂ ਵਿਚ ਸਭ ਤੋਂ ਜ਼ਿਆਦਾ ਹੈਰੋਇਨ ਦਾ ਇਸਤੇਮਾਲ ਹੁੰਦਾ ਹੈ। ਹੈਰੋਇਨ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਬਾਕੀ ਤਿੰਨ ਰਾਜਾਂ ਨਾਲੋਂ ਵਧੇਰੇ ਪ੍ਰਸਿੱਧ ਹੈ। ਅਫੀਮ ਅਤੇ ਬਿਊਪਰੇਨੋਰਫਿਨ ਦੀ ਵਰਤੋਂ ਪੰਜਾਬ ਅਤੇ ਹਰਿਆਣਾ ਵਿੱਚ ਜ਼ਿਆਦਾ ਹੈ। ਪੀਜੀਆਈ ਚੰਡੀਗੜ੍ਹ ਦੀ ਇਕ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਹਰ ਸੱਤਵਾਂ ਵਿਅਕਤੀ ਕਿਸੇ ਨਾ ਕਿਸੇ ਕਿਸਮ ਦੇ ਨਸ਼ੇ ਦਾ ਸੇਵਨ ਕਰ ਰਿਹਾ ਹੈ ਜੋ ਕਿ ਇਹ ਅਧਿਐਨ ਪੀਜੀਆਈ ਦੇ ਕਮਿਊਨਿਟੀ ਮੈਡੀਸਨ ਵਿਭਾਗ ਵੱਲੋਂ ਮਾਰਚ 2022 ਵਿਚ ਗਿਆ ਸੀ।
- No Teacher In Govt School: ਪਿਛਲੇ 9 ਸਾਲ ਤੋਂ ਮੁੱਢਲੀ ਸਿੱਖਿਆ ਦੇਣ ਵਾਲੇ ਸਟਾਫ਼ ਲਈ ਤਰਸ ਰਿਹਾ ਸਲੇਮ ਟਾਬਰੀ ਦਾ ਇਹ ਸਰਕਾਰੀ ਪ੍ਰਾਇਮਰੀ ਸਕੂਲ
- Punjab Rivers Water Level : ਘੱਗਰ ਮਚਾ ਰਹੀ ਤਬਾਹੀ, ਪਟਿਆਲਾ ਦੇ ਕਈ ਪਿੰਡਾਂ 'ਚ ਪਾਣੀ-ਪਾਣੀ, ਹੁਸੈਨੀਵਾਲਾ ਤੋਂ ਪਾਕਿ ਵੱਲ ਛੱਡਿਆ ਪਾਣੀ, ਜਾਣੋ ਮੌਸਮ ਦੀ ਭੱਵਿਖਬਾਣੀ
- ਪੰਜਾਬ ਦੀਆਂ ਦੋ ਲੜਕੀਆਂ ਯੂਏਈ ਵਿੱਚ ਲਾਪਤਾ, ਪਰਿਵਾਰ ਨੇ ਸਰਕਾਰ ਪਾਸੋਂ ਕੀਤੀ ਮਦਦ ਦੀ ਅਪੀਲ
380 ਦਿਨ ਦੇ ਕਿਸਾਨੀ ਅੰਦੋਲਨ ਵਾਂਗ ਇਕ ਵੱਡੀ ਸਮਾਜਿਕ ਮੁਹਿੰਮ ਨਸ਼ਾ ਤਸਕਰਾਂ ਦੇ ਨੱਕ ਵਿਚ ਦਮ ਕਰ ਸਕਦੀ ਹੈ। ਹੁਣ ਤੱਕ ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਨਸ਼ਾ ਤਸਕਰਾਂ ਦੇ ਵਾਰੇ ਨਿਆਰੇ ਰਹੇ ਜਿਸ ਕਰਕੇ ਨਸ਼ਾ ਤਸਕਰਾਂ ਨੂੰ ਨੱਥ ਨਹੀਂ ਪਾਈ ਜਾ ਸਕੀ। ਨਸ਼ੇ ਖ਼ਿਲਾਫ਼ ਕਾਲਾ ਚਿੱਟਾ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ ਸੀ ਜੋ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਗਈ। ਨੌਜਵਾਨਾਂ ਨੂੰ ਜੇਕਰ ਕੋਈ ਵਿਕਲਪ ਦਿੱਤਾ ਜਾਵੇ ਅਤੇ ਪਿੰਡਾਂ ਦੀਆਂ ਵਾਰਡ ਕਮੇਟੀਆਂ ਨਾਲ ਮਿਲਕੇ ਸ਼ਹਿਰਾਂ ਦੀਆਂ ਗ੍ਰਾਮ ਪੰਚਾਇਤਾਂ ਕੰਮ ਕਰਨ ਤਾਂ ਪੰਜਾਬ ਵਿਚ ਨਸ਼ੇ ਨਾਲ ਹੁੰਦੀਆਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ ਅਤੇ ਨਸ਼ੇ ਨੂੰ ਕਾਬੂ ਕੀਤਾ ਜਾਣਾ ਨਾਮੁਮਕਿਨ ਨਹੀਂ। - ਡਾ. ਪਿਆਰੇ ਲਾਲ ਗਰਗ, ਪੰਜਾਬ ਸਿਹਤ ਸਿਸਟਮ ਰਿਸੋਰਸਿਜ਼ ਸੈਂਟਰ ਦੇ ਸਾਬਕਾ ਡਾਇਰੈਕਟਰ
'ਆਪ' ਸਰਕਾਰ ਤੋੜੇਗੀ ਨੈਕਸਸ ? : ਪੰਜਾਬ ਵਿਚ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਤਲਵੰਡੀ ਸਾਬੋ ਦੀ ਧਰਤੀ 'ਤੇ ਨਸ਼ਾ ਖ਼ਤਮ ਕਰਨ ਦੀ ਸਹੁੰ ਖਾਧੀ ਸੀ ਅਤੇ 2017 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਨਸ਼ੇ ਨੇ ਪੰਜਾਬ ਨੂੰ ਜਕੜੀ ਰੱਖਿਆ। ਸੱਤਾ ਵਿਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਕੁਝ ਅਜਿਹਾ ਹੀ ਵਾਅਦਾ ਕੀਤਾ ਸੀ ਅਤੇ ਚਾਰ ਮਹੀਨਿਆਂ ਵਿਚ ਨਸ਼ਾ ਖ਼ਤਮ ਕਰਨ ਦੀ ਗੱਲ ਕਹੀ ਸੀ। 'ਆਪ' ਸਰਕਾਰ ਦਾ ਸੱਤਾ ਵਿਚ ਸਵਾ ਸਾਲ ਬੀਤਣ ਤੋਂ ਬਾਅਦ ਵੀ ਅਫ਼ਸੋਸ ਹੈ ਕਿ ਨਸ਼ੇ ਨਾਲ ਹੁੰਦੀਆਂ ਮੌਤਾਂ ਦਾ ਸਿਲਸਿਲਾ ਰੁਕਿਆ ਨਹੀਂ। ਪੰਜਾਬ ਵਿਚ ਸਿਆਸਤ ਦਾ ਚਲਨ ਹੁਣ ਤੱਕ ਇਹ ਰਿਹਾ ਕਿ ਮੁੱਦੇ ਦੀ ਗੰਭੀਰਤਾ ਨੂੰ ਸਮਝਣ ਦੀ ਬਜਾਏ ਪੰਜਾਬ ਦੀਆਂ ਸਰਕਾਰਾਂ ਬਿਆਨਬਾਜ਼ੀਆਂ ਕਰਦੀਆਂ ਰਹੀਆਂ।
ਨਸ਼ਾ ਮੁਕਤੀ ਲਈ ਤਕਨੀਕੀ ਅਤੇ ਸਮਾਜਿਕ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸਹੀ ਤਰੀਕੇ ਨਾਲ ਲਾਗੂ ਨਾ ਕਰਨ ਕਰਕੇ ਹੁਣ ਤੱਕ ਨਸ਼ਾ ਪੰਜਾਬ ਦੀਆਂ ਜੜਾਂ ਖੋਖਲੀਆਂ ਕਰ ਚੁੱਕਾ ਹੈ। ਇਸੇ ਲਈ ਬਿਆਨਬਾਜ਼ੀਆਂ ਵਿਚ ਤਾਂ ਸਰਕਾਰ ਕਈ ਵਾਰ ਪੰਜਾਬ ਵਿਚੋਂ ਨਸ਼ੇ ਦੀਆਂ ਜੜ੍ਹਾਂ ਪੁੱਟ ਚੁੱਕੀਆਂ ਹਨ ਪਰ ਅਸਲੀਅਤ ਇਸਨੂੰ ਮੁਕਾਉਣ ਲਈ ਬਹੁਤ ਕੰਮ ਕਰਨ ਦੀ ਜ਼ਰੂਰਤ ਹੈ। ਅਮਰੀਕਾ ਦੀ ਅਬਾਦੀ ਮੁਤਾਬਿਕ ਸਭ ਤੋਂ ਜ਼ਿਆਦਾ ਨਸ਼ੇ ਨਾਲ ਮੌਤਾਂ ਅਮਰੀਕਾ ਵਰਗੇ ਵਿਕਸਿਤ ਦੇਸ਼ ਵਿਚ ਹੁੰਦੀਆਂ ਹਨ। ਪੰਜਾਬ ਦੇ ਅਬਾਦੀ ਦੇ ਹਿਸਾਬ ਨਾਲ ਨਸ਼ੇ ਦੀਆਂ ਓਵਰਡੋਜ਼ ਦੀਆਂ ਮੌਤਾਂ ਚਿੰਤਾਜਨਕ ਤਾਂ ਹਨ ਪਰ ਜ਼ਿਆਦਾ ਨਹੀਂ। ਜੇਕਰ ਇਸ ਲਈ ਵੱਡੇ ਪੱਧਰ 'ਤੇ ਕੰਮ ਕੀਤਾ ਜਾਵੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ। ਨਸ਼ੇ ਦਾ ਖ਼ਾਤਮਾ ਕਰਨ ਲਈ ਸਮਾਜਿਕ ਪੱਧਰ 'ਤੇ ਸਰਕਾਰ ਦੇ ਸਹਿਯੋਗ ਨਾਲ ਜੇਕਰ ਮੁਹਿੰਮ ਵਿੱਢੀ ਜਾਵੇ ਤਾਂ ਨਸ਼ਾ ਮੁਕਤ ਪੰਜਾਬ ਦੀ ਸਥਾਪਨਾ ਕੀਤੀ ਜਾ ਸਕਦੀ ਹੈ।
ਕਿਵੇਂ ਹੋ ਸਕਦਾ ਨਸ਼ੇ ਦਾ ਖ਼ਾਤਮਾ ? : ਨਸ਼ਾ ਮੁਕਤੀ ਲਈ 50- 60 ਬੈਡਾਂ ਦੇ ਕੇਂਦਰ ਤਾਂ ਸਥਾਪਿਤ ਕਰ ਦਿੱਤੇ ਗਏ, ਪਰ ਪੜਾਅਵਾਰ ਇਲਾਜ ਪ੍ਰਣਾਲੀ ਨੇ ਕੰਮ ਨਹੀਂ ਕੀਤਾ ਗਿਆ। ਨਸ਼ਾ ਮੁਕਤੀ ਦਾ ਇਲਾਜ ਸਿਰਫ਼ ਦਵਾਈਆਂ ਦੇਣ ਤੱਕ ਹੀ ਸੀਮਤ ਰਹਿ ਗਿਆ। ਜਦਕਿ ਮੁੜ ਵਸੇਬਾ ਨੂੰ ਇਲਾਜ ਪ੍ਰਣਾਲੀ ਵਿਚ ਢੁਕਵੀਂ ਥਾਂ ਨਹੀਂ ਮਿਲ ਸਕੀ। ਸਰਕਾਰਾਂ ਤਕਨੀਕਾਂ ਤੌਰ 'ਤੇ ਨਸ਼ਾ ਛੁਡਾਉਣ ਵੱਲ ਕੁਝ ਹੱਦ ਤੱਕ ਧਿਆਨ ਦਿੰਦੀਆਂ ਰਹੀਆਂ, ਪਰ ਨੈਕਸਸ ਖ਼ਤਮ ਕਰਨ ਲਈ ਸਮਗਲਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਨਸ਼ੇ ਵੇਚਣ ਵਾਲੇ ਤੱਤਾਂ ਨੂੰ ਰੋਕਣਾ ਵੱਸੋਂ ਬਾਹਰ ਹੈ।