ਚੰਡੀਗੜ੍ਹ ਡੈਸਕ : ਖਾਲਿਸਤਾਨ ਸਮਰਥਕ ਅਤੇ ਵੱਖਵਾਦੀ ਸੋਚ ਦੇ ਮਾਲਿਕ ਗੁਰਪਤਵੰਤ ਸਿੰਘ ਪੰਨੂ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ ਹੋਣ ਦੀ ਖਬਰ ਆ ਰਹੀ ਹੈ। ਹਾਲਾਂਕਿ ਇਸਦੀ ਪੁਸ਼ਟੀ ਨਹੀਂ ਹੋ ਰਹੀ ਹੈ। ਇਸਨੂੰ ਕਈ ਲੋਕ ਮਹਿਜ ਅਫਵਾਹ ਦੱਸ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਨੂ ਲੰਬੇ ਸਮੇਂ ਤੋਂ ਰੂਪੋਸ਼ ਹੈ। ਦੂਜੇ ਪਾਸੇ ਪਾਕਿਸਤਾਨ ਵਿੱਚ ਵੀ ਪਰਮਜੀਤ ਸਿੰਘ ਪੰਜਵੜ ਦੇ ਕਤਲ ਅਤੇ ਲੰਡਨ ਵਿੱਚ ਅਵਤਾਰ ਸਿੰਘ ਖੰਡਾ ਦੀ ਮੌਤ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਪੰਨੂ ਨੂੰ ਹਮਲਾ ਕਰਕੇ ਮਾਰਿਆ ਜਾ ਸਕਦਾ ਹੈ।
ਕੌਣ ਹੈ ਗੁਰਪਤਵੰਤ ਸਿੰਘ ਪੰਨੂ : ਦਰਅਸਲ ਵੱਖਰੇ ਮੁਲਕ ਖਾਲਿਸਤਾਨ ਦਾ ਸਮਰਥਕ ਸਿਖਸ ਫਾਰ ਜਸਟਿਸ ਦਾ ਮੁਖੀ ਗੁਰਪਤਵੰਤ ਸਿੰਘ ਪੰਨੂ ਹਮੇਸ਼ਾ ਵਿਵਾਦਾਂ ਵਿੱਚ ਰਿਹਾ ਹੈ। ਪੰਨੂ ਦੀ ਇਹ ਸੰਸਥਾ ਅਮਰੀਕਾ ਵਿੱਚ ਸਿੱਖਾਂ ਦੇ ਹੱਕਾਂ ਦੀ ਲੜਾਈ ਲੜਨ ਦਾ ਦਾਅਵਾ ਕਰਦੀ ਹੈ ਅਤੇ ਇਹ ਲੋਕਾਂ ਵਿਚਾਲੇ ਭੜਕਾਊ ਬਿਆਨ, ਵੀਡੀਓ ਆਡੀਓ ਰਾਹੀਂ ਸੰਦੇਸ਼ ਅਤੇ ਧਮਕੀਆਂ ਦੇਣ ਲਈ ਵੀ ਜਾਣਿਆਂ ਜਾਂਦਾ ਹੈ। ਹਾਲਾਂਕਿ ਪੰਨੂ ਕਦੇ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦਾ। ਇਹੀ ਨਹੀਂ ਪੰਨੂ 'ਤੇ ਕਈ ਮਾਮਲੇ ਵੀ ਦਰਜ ਹਨ। ਇਸਦਾ ਕਿਰਦਾਰ ਵੀ ਸ਼ੱਕੀ ਕਿਸਮ ਦਾ ਹੈ ਅਤੇ ਦੁਨੀਆਂ ਭਰ ਵਿੱਚ ਇਸਨੂੰ ਲੈ ਕੇ ਕਈ ਵਿਚਾਰ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਪੰਨੂ ਆਪਣੇ ਫੋਨ ਕਾਲਾਂ ਰਾਹੀਂ ਰਸੂਖਦਾਰ ਲੋਕਾਂ ਨੂੰ ਵੀ ਬੋਗਸ ਕਾਲਾਂ ਕਰਦਾ ਰਹਿੰਦਾ ਹੈ। ਇਨ੍ਹਾਂ ਵਿੱਚ ਕਈ ਵਾਰ ਇਹ ਧਮਕੀ ਭਰੇ ਲਹਿਜੇ ਵਿੱਚ ਵੀ ਗੱਲ ਕਰਦਾ ਹੈ।
ਯਾਦ ਰਹੇ ਕਿ ਸਿੱਖ ਫਾਰ ਜਸਟਿਸ ਦੇ ਲੀਡਰ ਗੁਰਪਤਵੰਤ ਸਿੰਘ ਪੰਨੂ ਨੇ ਅੰਮ੍ਰਿਤਸਰ ਵਿੱਚ ਹੋ ਰਹੀ ਜੀ-20 ਸੰਮੇਲਨ ਸਬੰਧੀ ਇੱਕ ਵੀਡੀਓ ਜਾਰੀ ਕਰਕੇ ਖੂਬ ਵਿਵਾਦ ਪੈਦਾ ਕੀਤਾ ਸੀ। ਪੰਨੂ ਨੇ ਇਸ ਵਿੱਚ ਖਾਲਿਸਤਾਨ ਰੈਫਰੈਂਡਮ ਬਾਰੇ ਗੱਲ ਕਰਨ ਦਾ ਮੌਕਾ ਮੰਗਿਆ ਸੀ। ਇਹੀ ਨਹੀਂ ਪੰਨੂ ਨੇ ਕਿਹਾ ਸੀ ਕਿ ਸਿੱਖਾਂ ਨੂੰ ਭਾਰਤ ਤੋਂ ਵੱਖ ਹੋਣ ਤੋਂ ਬਾਅਦ ਹੀ ਉਨ੍ਹਾਂ ਦੇ ਹੱਕ ਹਾਸਿਲ ਹੋ ਸਕਦੇ ਹਨ। ਪੰਨੂ ਪਹਿਲਾਂ ਵੀ ਕਈ ਵਾਰ ਧਮਕੀਆਂ ਦੇ ਚੁੱਕਾ ਹੈ। ਗੁਰਪਤਵੰਤ ਪੰਨੂ ਅਮਰੀਕਾ ਵਿੱਚ ਬੈਠ ਕੇ ਲੰਮੇ ਸਮੇਂ ਤੋਂ ‘ਪੰਜਾਬ ਰੈਫਰੈਂਡਮ 2020’ ਨਾਮ ਦੀ ਖਾਲਿਸਤਾਨੀ ਦੇ ਹੱਕ ਵਿੱਚ ਇਕ ਖਾਸ ਤਰ੍ਹਾਂ ਦਾ ਅੰਦੋਲਨ ਚਲਾ ਰਿਹਾ ਹੈ। ਇੱਥੇ ਉਹ ਸਿੱਖਾਂ ਨੂੰ ਭੜਕਾਉਣ ਦੀਆਂ ਸਾਰੀਆਂ ਕੋਸ਼ਿਸ਼ ਕਰ ਰਿਹਾ ਸੀ। ਪੰਨੂ ਨੇ ਸਿੱਖਾਂ ਨੂੰ ਖਾਲਿਸਤਾਨ ਮੁਹਿੰਮ ਨਾਲ ਜੋੜਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਖਾਲਿਸਤਾਨੀ ਨਾਅਰੇ ਲਿਖਣ ਲਈ ਫੰਡ ਵੀ ਦਿੰਦਾ ਸੀ। ਪੰਜਾਬ ਵਿੱਚ ਕਈ ਅਜਿਹੇ ਲੋਕ ਫੜੇ ਗਏ, ਜਿਨ੍ਹਾਂ ਨੇ ਪੰਨੂ ਦੇ ਇਸ਼ਾਰੇ 'ਤੇ ਸਰਕਾਰੀ ਅਤੇ ਜਨਤਕ ਥਾਵਾਂ 'ਤੇ ਖਾਲਿਸਤਾਨੀ ਨਾਅਰੇ ਲਿਖੇ ਹਨ ਅਤੇ ਮਾਹੌਲ ਨੂੰ ਭਖਦਾ ਰੱਖਿਆ ਹੈ।