ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ: ਰਾਮਕਲੀ ਮਹਲਾ ੫ ॥ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥੨॥ ਅਪਨੈ ਰੰਗਿ ਕਰਤਾ ਕੇਲ ॥ ਆਪਿ ਬਿਛੋਰੈ ਆਪੇ ਮੇਲ ॥ ਇਕਿ ਭਰਮੇ ਇਕਿ ਭਗਤੀ ਲਾਏ ॥ ਅਪਣਾ ਕੀਆ ਆਪਿ ਜਣਾਏ ॥੩॥ ਸੰਤਨ ਕੀ ਸੁਣਿ ਸਾਚੀ ਸਾਖੀ ॥ ਸੋ ਬੋਲਹਿ ਜੋ ਪੇਖਹਿ ਆਖੀ ॥ ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥ ਸ਼ਨਿਚਰਵਾਰ, ੮ ਪੋਹ (ਸੰਮਤ ੫੫੫ ਨਾਨਕਸ਼ਾਹੀ) ੨੩ ਦਸੰਬਰ, ੨੦੨੩ (ਅੰਗ: ੮੯੪)
ਪੰਜਾਬੀ ਵਿਆਖਿਆ: ਰਾਮਕਲੀ ਮਹਲਾ ੫ ॥ (ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ—ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ । ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ । ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ । ਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ ।੧। (ਹੇ ਭਾਈ!) ਪਰਮਾਤਮਾ ਕਿਹੋ ਜਿਹਾ ਹੈ—ਇਹ ਗੱਲ ਉਹ ਆਪ ਹੀ ਜਾਣਦਾ ਹੈ । (ਜੀਵ) ਹੋਰਨਾਂ ਪਾਸੋਂ ਸੁਣ ਸੁਣ ਕੇ ਹੀ (ਪਰਮਾਤਮਾ ਬਾਰੇ) ਜ਼ਿਕਰ ਕਰਦਾ ਰਹਿੰਦਾ ਹੈ ।੧।ਰਹਾਉ।(ਹੇ ਭਾਈ!) ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ, ਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ ਥੱਕ ਗਏ । ਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ । ਹੇ ਭਾਈ! ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ।੨।(ਹੇ ਭਾਈ!) ਪਰਮਾਤਮਾ ਆਪਣੀ ਮੌਜ ਵਿਚ (ਜਗਤ ਦੇ ਸਾਰੇ) ਕੌਤਕ ਕਰ ਰਿਹਾ ਹੈ, ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ ਮਿਲਾਂਦਾ ਹੈ । ਅਨੇਕਾਂ ਜੀਵਾਂ ਨੂੰ ਉਸ ਨੇ ਭਟਕਣਾ ਵਿਚ ਪਾਇਆ ਹੋਇਆ ਹੈ, ਤੇ ਅਨੇਕਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਜੋੜਿਆ ਹੋਇਆ ਹੈ । (ਇਹ ਜਗਤ ਉਸ ਦਾ) ਆਪਣਾ ਹੀ ਪੈਦਾ ਕੀਤਾ ਹੋਇਆ ਹੈ, (ਇਸ ਨੂੰ ਉਹ) ਆਪ ਹੀ ਸੂਝ ਬਖ਼ਸ਼ਦਾ ਹੈ ।੩।(ਹੇ ਭਾਈ!) ਸੰਤ-ਜਨਾਂ ਬਾਰੇ ਇਹ ਸੱਚੀ ਗੱਲ ਸੁਣ । ਸੰਤ ਜਨ ਉਹ ਕੁਝ ਆਖਦੇ ਹਨ ਜੋ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ । (ਸੰਤ ਜਨ ਆਖਦੇ ਹਨ ਕਿ) ਉਸ ਪਰਮਾਤਮਾ ਉਤੇ ਨਾਹ ਕਿਸੇ ਪੁੰਨ ਨੇ ਨਾਹ ਕਿਸੇ ਪਾਪ ਨੇ (ਕਦੇ ਆਪਣਾ) ਪ੍ਰਭਾਵ ਪਾਇਆ ਹੈ । ਹੇ ਭਾਈ! ਨਾਨਕ ਦਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ ।੪।੨੫।੩੬। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ