ਚੰਡੀਗੜ੍ਹ: ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਚੰਗੀ ਪੜ੍ਹਾਈ ਕਰਨ ਦੇ ਲਈ ਸਕਾਲਰਸ਼ਿਪ ਰੂਪੀ ਮਦਦ ਦਿੱਤੀ ਜਾਂਦੀ ਹੈ ਪਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਵਿੱਚ ਵੀ ਘਪਲਾ ਕੀਤਾ ਜਾਂਦਾ ਹੈ।
ਇਸੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਰੁੱਧ ਫ਼ੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ, ਜੋ ਕਿ ਸਕਾਲਰਸ਼ਿਪ ਸਕੀਮ ਵਿੱਚ 63.91 ਕਰੋੜ ਰੁਪਏ ਦਾ ਦੋਸ਼ੀ ਪਾਇਆ ਗਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੰਗ ਕੀਤੀ ਹੈ ਕਿ ਉੱਕਤ ਸਕੱਤਰ ਵਿਰੁੱਧ ਮਾਮਲਾ ਦਰਜ ਕਰ ਘੁਟਾਲੇ ਦੀ ਨਿਰਪੱਖ ਜਾਂਚ ਦੀ ਵੀ ਮੰਗ ਕੀਤੀ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਦਲਿਤ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜੋ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇ ਸਕੱਤਰ ਨੂੰ ਤੁਰੰਤ ਬਰਖ਼ਾਸਤ ਨਾ ਕੀਤਾ, ਉਸ ਕੋਲੋਂ ਸੂਬੇ ਦੇ ਖ਼ਜ਼ਾਨੇ ਵਿਚੋਂ ਲੁੱਟਿਆ ਪੈਸਾ ਨਾ ਵਸੂਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਅੰਦੋਲਨ ਦੀ ਸ਼ੁਰੂਆਤ ਕਰਨ ਲਈ ਮਜਬੂਰ ਹੋਵੇਗਾ।
ਮਜੀਠੀਆ ਨੇ ਕਿਹਾ ਕਿ ਧਰਮਸੋਤ ਨੂੰ ਕੇਂਦਰ ਸਰਕਾਰ ਤੋਂ ਐਸ ਸੀ ਵਿਦਿਆਰਥੀਆਂ ਦੀ ਸਕਾਲਰਸ਼ਿਪ ਲਈ ਮਿਲੇ 39 ਕਰੋੜ ਰੁਪਏ ਅਯੋਗ ਪ੍ਰਾਈਵੇਟ ਸੰਸਥਾਵਾਂ ਨੂੰ ਦੇਣ ਦਾ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਜੋ ਵਿਭਾਗ ਦੇ ਪ੍ਰਮੁੱਖ ਸਕੱਤਰ ਕਿਰਪਾ ਸ਼ੰਕਰ ਸਰੋਜ ਨੇ ਤਿਆਰ ਕੀਤੀ ਹੈ, ਵਿੱਚ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਤੋਂ ਐਸ.ਸੀ ਵਿਦਿਆਰਥੀਆਂ ਵਾਸਤੇ 24.91 ਕਰੋੜ ਰੁਪਏ ਪ੍ਰਾਪਤ ਹੋਏ ਸਨ ਜੋ ਇੱਕ ਗ਼ੈਰ-ਕਾਨੂੰਨੀ ਰੀ-ਆਡਿਟ ਮਗਰੋਂ ਪ੍ਰਾਈਵੇਟ ਸੰਸਥਾਵਾਂ ਨੂੰ ਦਿੱਤੇ ਗਏ।
ਮਜੀਠੀਆ ਨੇ ਕਿਹਾ ਕਿ 39 ਕਰੋੜ ਰੁਪਏ ਅਯੋਗ ਸੰਸਥਾਵਾਂ ਨੂੰ ਵੰਡ ਦਿੱਤੇ ਗਏ ਜਿਹਨਾਂ ਵਿਚ ਇਕ ਮੁਕਤਸਰ ਦੀ ਸੰਸਥਾ ਵੀ ਹੈ ਜਿਸ ’ਤੇ ਇਕ ਅਦਾਲਤ ਨੇ ਐਸ ਸੀ ਸਕਾਲਰਸ਼ਿਪ ਸਕੀਮ ਤਹਿਤ ਫੰਡਾਂ ਦੀ ਵੰਡ ’ਤੇ ਰੋਕ ਲਗਾ ਗਈ ਸੀ।